ਕਿਸਾਨਾਂ-ਮਜ਼ਦੂਰਾਂ ਨੇ ਖੇਤੀ ਮੰਤਰੀ ਤੋਂ ਪੁੱਛੇ ਸੁਆਲ
ਇਕਬਾਲ ਸਿੰੰਘ ਸ਼ਾਂਤ
ਲੰਬੀ, 28 ਮਈ
ਕਿਸਾਨ ਸਫ਼ਾਂ ਵਿੱਚ ਹਲਕਾ ਵਿਧਾਇਕ ਅਤੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੀ ਸੁਆਲ-ਜਵਾਬੀ ਲਗਾਤਾਰ ਵਧ ਰਹੀ ਹੈ। ਅੱਜ ਦੂਜੇ ਦਿਨ ਪਿੰਡ ਕਿੱਲਿਆਂਵਾਲੀ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਤਿੱਖੇ ਸੁਆਲਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਖੇਤੀ ਮੰਤਰੀ ਤੋਂ ਸੁਆਲ ਪੁੱਛਣ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਖੂਨਣ ਖੁਰਦ ਅਤੇ ਭਾਕਿਯੂ (ਏਕਤਾ) ਉਗਰਾਹਾਂ ਦੇ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਹੇਠ ਮਜ਼ਦੂਰ-ਕਿਸਾਨ ਅਤੇ ਔਰਤਾਂ ਮੌਜੂਦ ਸਨ। ਮਜ਼ਦੂਰਾਂ-ਕਿਸਾਨਾਂ ਨੇ ਖੇਤੀ ਮੰਤਰੀ ਤੋਂ ਚਾਉਕੇ (ਬਠਿੰਡਾ) ਦੇ ਆਦਰਸ਼ ਸਕੂਲ ਦਾ ਮਾਮਲਾ, ਚੰਦਭਾਨ ਦੇ ਮਜ਼ਦੂਰਾਂ ’ਤੇ ਗੋਲੀਆਂ ਵਰਾਉਣ ਤੇ ਮਜ਼ਦੂਰ ਘਰਾਂ ਦੀ ਭੰਨ-ਤੋੜ ਤੇ ਲੁੱਟ-ਮਾਰ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਕਿਸਾਨਾਂ-ਮਜ਼ਦੂਰਾਂ ਨੂੰ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਣ ਲਈ ਪੰਜਾਬ ਨੂੰ ਪੁਲੀਸ ਛਾਉਣੀ ’ਚ ਬਦਲਣ ਅਤੇ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਚੋਣ ਵਾਅਦਾ, 28 ਮਾਰਚ 2022 ਨੂੰ ਲੰਬੀ ਤਹਿਸੀਲ ’ਚ ਕਿਸਾਨਾਂ-ਮਜ਼ਦੂਰਾਂ ’ਤੇ ਲਾਠੀਚਾਰਜ ਦਾ ਕੇਸ ਵਾਪਸ ਲੈਣ ਦੇ ਫੈਸਲਾ ਲਾਗੂ ਨਾ ਹੋਣ ਅਤੇ ਜਿਉਂਦ ਸਣੇ ਥਾਂ-ਥਾਂ ਜ਼ਮੀਨਾਂ ਜਬਰੀ ਖੋਹਣ ਸਬੰਧੀ ਸੁਆਲ ਕੀਤੇ ਗਏ। ਕਿਸਾਨਾਂ-ਮਜ਼ਦੂਰਾਂ ਮੁਤਾਬਕ ਖੇਤੀ ਮੰਤਰੀ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਦੇ ਤੰਬੂ ਤੋੜਨ ਅਤੇ ਸਾਮਾਨ ਚੋਰੀ ਮਾਮਲੇ ਵਿੱਚ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਔਖੇ ਹੋ ਕੇ ਚਲੇ ਗਏ। ਮਜ਼ਦੂਰ ਆਗੂ ਕਾਲਾ ਸਿੰਘ ਖੂਨਣ ਖੁਰਦ ਤੇ ਕਿਸਾਨ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਨੇ ਦੱਸਿਆ ਕਿ ਖੇਤੀ ਮੰਤਰੀ ਨੇ ਸੁਆਲਾਂ ਮੌਕੇ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਡੰਗ ਟਪਾਈ ਨੂੰ ਤਰਜੀਹ ਦਿੱਤੀ।