ਕਿਸਾਨਾਂ ਨੇ ਵਿਧਵਾ ਦੇ ਘਰ ਦਾ ਵਾਰੰਟ ਕਬਜ਼ਾ ਰੁਕਵਾਇਆ
ਮਾਲੇਰਕੋਟਲਾ, 26 ਮਈ
ਅਦਾਲਤੀ ਆਦੇਸ਼ਾਂ ’ਤੇ ਪ੍ਰਸ਼ਾਸਨ ਵੱਲੋਂ ਸਥਾਨਕ ਦਾਣਾ ਮੰਡੀ ਨੇੜੇ ਇੱਕ ਬਜੁਰਗ ਵਿਧਵਾ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਲਈ ਪਿਛਲੇ ਕਈ ਮਹੀਨਿਆਂ ਤੋਂ ਕੀਤੇ ਜਾ ਰਹੇ ਯਤਨ ਅੱਜ ਇਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ (ਬੀਕੇਯੂ) ਉਗਰਾਹਾਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਅਸਫਲ ਕਰ ਦਿੱਤੇ। ਪ੍ਰਸ਼ਾਸਨਿਕ ਕਾਰਵਾਈ ਖਿਲਾਫ਼ ਬੀਕੇਯੂ ਏਕਤਾ ਉਗਰਾਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਔਰਤਾਂ ਸਣੇ ਇਕੱਠੇ ਹੋਏ ਕਿਸਾਨਾਂ ਨੇ ਸਬੰਧਤ ਘਰ ਅੱਗੇ ਧਰਨਾ ਦੇ ਕੇ ਐਲਾਨ ਕਰ ਦਿੱਤਾ ਕਿ ਬਜ਼ੁਰਗ ਮਹਿਲਾ ਨੂੰ ਪਰਿਵਾਰ ਸਣੇ ਕਰੀਬ ਢਾਈ ਦਹਾਕੇ ਪਹਿਲਾਂ ਛੱਡ ਗਏ ਪਤੀ ਵੱਲੋਂ ਲਏ 45 ਹਜ਼ਾਰ ਰੁਪਏ ਦੇ ਕਥਿਤ ਕਰਜ਼ੇ ਬਦਲੇ ਪਰਿਵਾਰ ਨੂੰ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਭੁਰਥਲਾ ਮੁਤਾਬਕ ਪੰਜ ਧੀਆਂ ਤੇ ਦੋ ਬੇਟਿਆਂ ਦੇ ਪਰਿਵਾਰਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਇਕੱਲੀ ਪਾਲਦੀ ਰਹੀ ਬਜ਼ੁਰਗ ਮਾਤਾ ਸਿੰਦਰ ਕੌਰ ਵੱਲੋਂ ਅਦਾਲਤ ਵਿੱਚ ਕੀਤੇ ਖਰਚੇ ਦੇ ਕੇਸ ’ਚ ਉਸ ਦੇ ਪਤੀ ਨੇ ਤਿੰਨ ਬਿਸਵੇ ਦਾ ਇਹ ਘਰ ਉਸ ਨੂੰ ਦਿੱਤਾ ਸੀ। ਉਸੇ ਘਰ ਦਾ ਇਕ ਵਿਅਕਤੀ ਨਾਲ ਕਥਿਤ ਤੌਰ ’ਤੇ 45 ਹਜ਼ਾਰ ’ਚ ਬਿਆਨਾਂ ਕਰ ਲਿਆ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਹੁਣ ਉਹ ਵਿਅਕਤੀ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਘਰ ਉੱਪਰ ਕਬਜ਼ਾ ਕਰਨ ਚਾਹੁੰਦਾ ਹੈ ਪਰ ਕਿਸਾਨ ਯੂਨੀਅਨ ਵੱਲੋਂ ਘਰ ਉਪਰ ਵਾਰੰਟ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਘਰ ਅੱਗੇ ਧਰਨੇ ਵਿਚ ਪ੍ਰਧਾਨ ਭੂਦਨ ਅਤੇ ਸਰਬਜੀਤ ਸਿੰਘ ਭੁਰਥਲਾ ਦੇ ਨਾਲ ਨਿਰਮਲ ਸਿੰਘ ਅਲੀਪੁਰ, ਰਜਿੰਦਰ ਸਿੰਘ ਭੋਗੀਵਾਲ, ਬਲਾਕ ਆਗੂ ਚਰਨਜੀਤ ਸਿੰਘ ਹਥਨ, ਗੁਰਪ੍ਰੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਜਗਰੂਪ ਸਿੰਘ, ਸੰਦੀਪ ਸਿੰਘ, ਮਹਿੰਦਰ ਸਿੰਘ, ਮਜ਼ਦੂਰ ਆਗੂ ਮੇਜ਼ਰ ਸਿੰਘ ਹਥਨ ਅਤੇ ਕਰਨੈਲ ਸਿੰਘ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਆਗੂ ਸ਼ਾਮਿਲ ਸਨ।
ਕਿਸਾਨ ਆਗੂਆਂ ਦੀ ਡੀਐੱਸਪੀ ਨਾਲ ਮੀਟਿੰਗ ਬੇਸਿੱਟਾ ਰਹੀ
ਮਹਿਲਾ ਦੇ ਘਰ ਦੇ ਵਾਰੰਟ ਕਬਜ਼ੇ ਸਬੰਧੀ ਕਿਸਾਨ ਆਗੂਆਂ ਦੀ ਡੀਐੱਸਪੀ ਮਾਲੇਰਕੋਟਲਾ ਕੁਲਦੀਪ ਸਿੰਘ ਨਾਲ ਮੀਟਿੰਗ ਬੇਸਿੱਟਾ ਰਹੀ। ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਮੁਤਾਬਕ ਕਿ ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਦੇ ਨਾਲ ਪੀੜਤ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਨਾਲ ਇਸ ਮੁੱਦੇ ’ਤੇ ਭਲਕੇ ਨੂੰ ਸਵੇਰੇ ਮੁੜ ਮੀਟਿੰਗ ਹੋਵੇਗੀ।