ਕਿਸਾਨਾਂ ਨੇ ਨਵੀਂ ਖੇਤੀ ਮੰਡੀ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਬਾਹਰ ਨਵੀਂ ਕੌਮੀ ਖੇਤੀ ਮੰਡੀ ਨੀਤੀ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਸਾਨ ਯੂਨੀਅਨ (ਲੱਖੋਵਾਲ) ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਸੱਜਣ ਸਿੰਘ ਮੁਹਾਲੀ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਨਵੇਂ ਖੇਤੀ ਖਰੜੇ ਦੀ ਭੂਮਿਕਾ ਵਿੱਚ ਹੀ ਕੇਂਦਰ ਸਰਕਾਰ ਨੇ ਗਲਤ ਬਿਆਨਬਾਜ਼ੀ ਕਰਦਿਆਂ ਮੁਲਕ ਨੂੰ ਖ਼ੁਰਾਕ ਮਾਮਲੇ ਵਿੱਚ ਆਤਮ ਨਿਰਭਰ ਦੱਸਿਆ ਹੈ। ਜਦੋਂਕਿ ਭਾਰਤ ਹਾਲੇ ਗਲੋਬਲ ਹੰਗਰ ਇਨਡੈਕਸ ਵਿੱਚ 111ਵੇਂ ਨੰਬਰ ’ਤੇ ਹੈ ਅਤੇ ਇਹ ਖਰੜਾ ਉਨ੍ਹਾਂ 12 ਖੇਤਰਾਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਨ੍ਹਾਂ ਰਾਹੀਂ ਪ੍ਰਾਈਵੇਟ ਮੰਡੀਆਂ, ਸਿੱਧੀ ਖ਼ਰੀਦ ਜਿਸ ਦਾ ਭਾਵ ਮਾਰਕੀਟ ਯਾਰਡ ਤੋਂ ਬਾਹਰ ਖ਼ਰੀਦ, ਵੇਅਰਹਾਊਸ, ਸਾਇਲੋ, ਕੋਲਡ ਸਟੋਰੇਜ ਨੂੰ ਮਾਰਕੀਟ ਯਾਰਡ ਐਲਾਨਣਾ, ਪ੍ਰੋਸੈਸਿੰਗ ਯੂਨਿਟ ’ਤੇ ਸਿੱਧੀ ਵਿਕਰੀ ਉੱਤੇ ਕੋਈ ਮਾਰਕੀਟ ਫੀਸ ਨਾ ਲਗਾਉਣਾ ਆਦਿ ਸਾਰਾ ਕੁੱਝ ਪਹਿਲੇ ਤਿੰਨ ਖੇਤੀ ਕਾਨੂੰਨਾਂ ਦੀ ਉਦਾਹਰਨ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਆਫ਼ੀ ਮੰਗ ਕੇ ਵਾਪਸ ਲਏ ਸੀ।
ਰੂਪਨਗਰ (ਜਗਮੋਹਨ ਸਿੰਘ): ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਜਮਹੂਰੀ ਕਿਸਾਨ ਸਭਾ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ, ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਰੂਪਨਗਰ ਸਕੱਤਰੇਤ ਅੱਗੇ ਨਵੀਂ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਦੌਰਾਨ ਮਾਸਟਰ ਦਲੀਪ ਸਿੰਘ ਘਨੌਲਾ, ਕਾਮਰੇਡ ਜਰਨੈਲ ਸਿੰਘ ਘਨੌਲਾ, ਸਾਬਕਾ ਐੱਸਡੀਓ ਜਗਦੀਸ਼ ਲਾਲ, ਗੁਰਮੇਲ ਸਿੰਘ ਬਾੜਾ, ਜਥੇਦਾਰ ਰੇਸ਼ਮ ਸਿੰਘ ਬਡਾਲੀ, ਕਾਮਰੇਡ ਸੁਨੀਲ ਸਿੰਘ, ਹਰਦੇਵ ਸਿੰਘ ਖੇੜੀ, ਕਾਮਰੇਡ ਗੁਰਦੇਵ ਸਿੰਘ ਬਾਗੀ, ਕਾਮਰੇਡ ਭਗਤ ਸਿੰਘ ਬਿੱਕੋ, ਕਾਮਰੇਡ ਬਲਵਿੰਦਰ ਸਿੰਘ ਅਸਮਾਨਪੁਰ, ਦਲਜੀਤ ਸਿੰਘ ਗਿੱਲ ਤੇ ਮੋਹਰ ਸਿੰਘ ਖਾਬੜਾ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਖਰੜੇ ਨੂੰ ਰੱਦ ਕਰਨ ਸਬੰਧੀ ਤੁਰੰਤ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ।
ਖਮਾਣੋਂ (ਜਗਜੀਤ ਕੁਮਾਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਲੋਹੜੀ ਦੇ ਤਿਉਹਾਰ ਮੌਕੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਕਿਰਪਾਲ ਸਿੰਘ ਬਦੇਸ਼ਾਂ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਨੂੰ 48 ਦਿਨ ਹੋ ਚੁੱਕੇ ਹਨ ਅਤੇ ਸਰਕਾਰ ਅਜੇ ਤਕ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਗੌਰ ਨਹੀਂ ਕਰ ਰਹੀ ਅਤੇ ਪੂਰੇ ਦੇਸ਼ ਵਿਚ ਕਿਸਾਨਾਂ ਨੂੰ ਐੱਮਐੱਸਪੀ ਗਰੰਟੀ ਦੇਣ ਵਾਸਤੇ ਕੋਈ ਕਾਨੂੰਨ ਨਹੀਂ ਲਿਆ ਰਹੀ।
ਡੱਲੇਵਾਲ ਦੀ ਵਿਗੜ ਰਹੀ ਸਿਹਤ ’ਤੇ ਚਿੰਤਾ ਪ੍ਰਗਟਾਈ
ਬਨੂੜ (ਕਰਮਜੀਤ ਸਿੰਘ ਚਿੱਲਾ): ਕਿਸਾਨਾਂ ਨੇ ਅੱਜ ਬਨੂੜ ਦੇ ਸਬ-ਤਹਿਸੀਲ ਦਫ਼ਤਰ ਅੱਗੇ ਨਵੀਂ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਸਾੜੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਬੁਲਾ ਕੇ ਨਵੀਂ ਕੌਮੀ ਮੰਡੀ ਨੀਤੀ ਰੱਦ ਕਰਨ ਦਾ ਮਤਾ ਪਾਸ ਕਰਨ ਦੀ ਅਪੀਲ ਕੀਤੀ। ਕਿਸਾਨ ਸਭਾ ਦੇ ਆਗੂ ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਮਾਸਟਰ ਨਰਿੰਦਰ ਕੁਮਾਰ, ਬੀਕੇਯੂ (ਰਾਜੇਵਾਲ) ਦੇ ਲਖਵਿੰਦਰ ਸਿੰਘ ਲੱਖੀ ਸਰਪੰਚ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਬੀਕੇਯੂ (ਡਕੌਂਦਾ) ਦੇ ਜਗਜੀਤ ਸਿੰਘ ਕਰਾਲਾ, ਗੁਰਚਰਨ ਸਿੰਘ, ਬੀਕੇਯੂ ਏਕਤਾ-ਸਿੱਧੂਪੁਰ ਦੇ ਤਰਲੋਚਨ ਸਿੰਘ ਨੰਡਿਆਲੀ, ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਸਿਆਊ, ਨੀਲਾ ਹੁਲਕਾ, ਭੁਪਿੰਦਰ ਸਿੰਘ, ਬਲਦੇਵ ਸਿੰਘ ਨੰਬਰਦਾਰ, ਬੀਕੇਯੂ (ਚੜੂਨੀ) ਦੇ ਸਤਨਾਮ ਸਿੰਘ ਖਾਸਪੁਰ, ਇੰਦਰਜੀਤ ਸਿੰਘ ਖਲੌਰ, ਗੁਰਧਿਆਨ ਸਿੰਘ ਆਦਿ ਨੇ ਕਿਹਹਾ ਕਿ ਨਵੀਂ ਕੌਮੀ ਮੰਡੀ ਨੀਤੀ ਪਿਛਲੇ ਦਰਵਾਜਿਓਂ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਹੈ ਅਤੇ ਇਸ ਨੀਤੀ ਤਹਿਤ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ’ਤੇ ਵੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਜਗੀਰ ਸਿੰਘ ਹੰਸਾਲਾ, ਪਿਆਰਾ ਸਿੰਘ ਪੰਛੀ, ਸਲੀਮ ਭੂਟੋ, ਹਰਦੀਪ ਸਿੰਘ, ਜਸਵੀਰ ਸਿੰਘ ਖਲੌਰ, ਕਾਮਰੇਡ ਹਰੀ ਚੰਦ, ਰਾਜ਼ੇਸ ਕੁਮਾਰ, ਸੁਖਵੰਤ ਸਿੰਘ, ਸੁਰਿੰਦਰ ਖਾਨਪੁਰ, ਪਰਮਜੀਤ ਸਿੰਘ ਜੰਗਪੁਰਾ, ਧੰਨਾ ਸਿੰਘ ਨੰਡਿਆਲੀ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।