ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਰੋਕਾਂ ਵਧਾਈਆਂ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਦਸੰਬਰ
ਮੰਗਾਂ ਮਨਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਘਰਦੀ ਜਾ ਰਹੀ ਹੈ। ਮੋਰਚੇ ਵਿੱਚ ਬੈਠੇ ਕਿਸਾਨਾਂ ਦੀ ਦ੍ਰਿੜ੍ਹਤਾ ਤੇ ਮਨੋਬਲ ਮੋਰਚੇ ਦੇ ਚੜ੍ਹਦੀ ਕਲਾ ’ਚ ਹੋਣ ਦਾ ਸਬੂਤ ਦਿੰਦਾ ਹੈ। ਇਸ ਸਬੰਧੀ ਕਿਸਾਨ ਆਗੂ ਲਖਵਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚਣ ਤੋਂ ਰੋਕਣ ਦੇ ਯਤਨ ਕਰ ਰਹੀ ਹੈ। ਹਰਿਆਣਾ ਨੂੰ ਪੰਜਾਬ ਨਾਲ ਜੋੜਨ ਵਾਲੀਆਂ ਲਿੰਕ ਅਤੇ ਮੁੱਖ ਸੜਕਾਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਰਕ ਪਿੰਡ ਕੋਲੋਂ ਲੰਘਦੇ ਜੰਮੂ-ਕੱਟੜਾ ਹਾਈਵੇਅ ’ਤੇ ਵੀ ਰੋਕਾਂ ਲਾ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਹਰਿਆਣਾ ਦੇ ਕਿਸਾਨ ਮੋਰਚੇ ’ਤੇ ਪਹੁੰਚ ਰਹੇ ਹਨ। ਇੱਕ ਆਗੂ ਨੇ ਦੱਸਿਆ ਕਿ ਮੋਰਚੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੀ ਸ਼ਮੂਲੀਅਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਭੇਦ-ਭਾਵ ਛੱਡ ਕੇ ਸਿਰਫ਼ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦੀ ਹਮਾਇਤ ਲਈ ਇੱਥੇ ਜੁੜ ਰਹੇ ਹਨ।
ਖੇਤੀ ਨੀਤੀ ਦਾ ਖਰੜਾ ਕਿਸਾਨਾਂ ਲਈ ਮੌਤ ਦਾ ਵਾਰੰਟ: ਬਹਿਰੂ
ਆਲ ਇੰਡੀਆ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਡੱਲੇਵਾਲ ਨੇ ਕਿਸਾਨਾਂ ਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੂਬਾ ਸਰਕਾਰਾਂ ਨੂੰ ਦੇਸ਼ ਦੀ ਖੇਤੀ ਨੀਤੀ ਭੇਜਿਆ ਖਰੜਾ ਕਿਸਾਨਾਂ ਨੂੰ ਤਬਾਹ ਕਰਨ ਵਾਲਾ ਅਤੇ ਮੌਤ ਦੇ ਵਾਰੰਟਾਂ ਤੋਂ ਘੱਟ ਨਹੀਂ ਹੈ।ਮੋਰਚੇ ’ਚ ਰਾਜਸਥਾਨ ਦੇ ਜਥੇ ਪੁੱਜੇ
ਕਿਸਾਨ ਮੋਰਚੇ ’ਤੇ ਰਾਜਸਥਾਨ ਤੋਂ ਜਥੇ ਸਣੇ ਪਹੁੰਚੇ ਇੰਦਰਜੀਤ ਸਿੰਘ, ਸੰਦੀਪ ਸਿੰਘ, ਮਹਾਵੀਰ, ਜਗਮੀਤ ਸਿੰਘ, ਖੁਸ਼ਦੀਪ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਡੱਲੇਵਾਲ ਨੇ ਕਿਸਾਨਾਂ ਨੂੰ ਮੁੜ ਇਕਜੁੱਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਦੇ ਮਰਨ ਵਰਤ ਤੋਂ ਕੇਂਦਰ ਸਰਕਾਰ ਕਸੂਤੀ ਫਸੀ ਹੋਈ ਹੈ।Advertisement