ਕਿਸਾਨਾਂ ਦੇ ਸੰਘਰਸ਼ ਦੀ ਭਿਣਕ ਲੱਗਦਿਆਂ ਹੀ ਮੌਕੇ ’ਤੇ ਪੁੱਜੇ ਅਮਨ ਅਰੋੜਾ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 5 ਫਰਵਰੀ
ਮਾਤਾ ਧਰਮ ਕੌਰ ਸਰਕਾਰੀ ਹਸਪਤਾਲ ਲੌਂਗੋਵਾਲ ਵਿੱਚ ਡਾਕਟਰਾਂ ਸਮੇਤ ਬਾਕੀ ਸਟਾਫ ਦੀ ਘਾਟ ਪੂਰੀ ਕਰਨ, ਹੱਡਾ-ਰੋੜੀ ਬਣਾਉਣ ਅਤੇ ਇਲਾਕੇ ਵਿੱਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੀ ਮੰਗ ਸਬੰਧੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਉਲੀਕਿਆ ਸੰਘਰਸ਼ ਦਾ ਪ੍ਰੋਗਰਾਮ ਫਿਲਹਾਲ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਅਤੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਲੋਕ ਸਥਾਨਕ ਗੁੱਗਾ ਮਾੜੀ ‘ਤੇ ਇਕੱਠੇ ਹੋਏ। ਇੱਥੋਂ ਸਰਕਾਰੀ ਹਸਪਤਾਲ ਤੱਕ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਸੀ। ਜਦੋਂ ਇਸ ਪ੍ਰੋਗਰਾਮ ਦੀ ਭਿਣਕ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਲੱਗੀ ਤਾਂ ਉਨ੍ਹਾਂ ਨੇ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਆ ਕੇ ਵਿਸ਼ਵਾਸ ਦੁਆਇਆ ਕਿ ਭਲਕ ਤੱਕ ਹਸਪਤਾਲ ਵਿੱਚ ਇੱਕ ਡਾਕਟਰ, ਲੈਬ ਤਕਨੀਸ਼ੀਅਨ ਤੈਨਾਤ ਕਰ ਦਿੱਤਾ ਜਾਵੇਗਾ ਅਤੇ ਬਾਕੀ ਸਟਾਫ ਸਬੰਧੀ ਇਕ ਹਫ਼ਤੇ ਵਿੱਚ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਮੌਕੇ ‘ਤੇ ਐੱਸਐੱਚਓ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਹੱਡਾਰੋੜੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਬਾਰੇ ਨਾਇਬ ਤਹਿਸੀਲਦਾਰ ਲੌਂਗੋਵਾਲ ਦੀ ਡਿਊਟੀ ਲਗਾਈ। ਮੌਕੇ ਹਾਜ਼ਰ ਲੋਕਾਂ ਨੇ ਸਹਿਮਤੀ ਬਣਾਉਦਿਆਂ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਅਤੇ ਆਗੂਆਂ ਨੇ ਕਿਹਾ ਕਿ ਜੇਕਰ ਇਕ ਹਫ਼ਤੇ ਤੱਕ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬੀਕੇਯੂ ਡਕੌਂਦਾ ਦੇ ਮੀਤ ਪ੍ਰਧਾਨ ਪਰਗਟ ਸਿੰਘ, ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲੱਟ ਹਾਜ਼ਰ ਸਨ।