ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ਦਾ ਕਬਜ਼ਾ ਲੈਣ ਆਈ ਟੀਮ ਬੇਰੰਗ ਪਰਤੀ
ਜਸਪਾਲ ਸਿੰਘ ਸੰਧੂ
ਮੱਲਾਂਵਾਲਾ, 12 ਜੂਨ
ਪਿੰਡ ਕਾਮਲ ਵਾਲਾ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਲਈ ਪੁੱਜੀ ਪ੍ਰਸ਼ਾਸਨ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ। ਜਾਣਕਾਰੀ ਅਨੁਸਾਰ ਪਿੰਡ ਕਾਮਲ ਵਾਲਾ ਵਿੱਚ ਅੱਜ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਬੀਡੀਪੀਓ ਮਖੂ, ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਅਤੇ ਥਾਣਾ ਮੱਲਾਂਵਾਲਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਾਰੀ ਪੁਲੀਸ ਫੋਰਸ ਨਾਲ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਲੈਣ ਲਈ ਪੁੱਜੇ ਸਨ। ਪੁਲੀਸ ਦੇ ਪਹੁੰਚਣ ਦੀ ਸੂਚਨਾ ਮਿਲਦੇ ਸਾਰ ਆਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨ ਕਬਜ਼ਾ ਰੋਕਣ ਲਈ ਇਕੱਠੇ ਹੋ ਗਏ। ਅਧਿਕਾਰੀਆਂ ’ਤੇ ਪਹੁੰਚਦਿਆਂ ਸਾਰ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਪ੍ਰਸ਼ਾਸਨ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਰਣਜੀਤ ਸਿੰਘ ਖੱਚਰ ਵਾਲਾ, ਸਾਹਬ ਸਿੰਘ, ਗੁਰਮੁੱਖ ਸਿੰਘ ਕਾਮਲ ਵਾਲਾ ਨੇ ਕਿਹਾ ਕਿ ਜਥੇਬੰਦੀ ਆਬਾਦਕਾਰ ਕਿਸਾਨਾਂ ਦੀ ਲੜਾਈ ਪਿਛਲੇ ਸਮੇਂ ਤੋਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕਾਮਲ ਵਾਲਾ ਦੇ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਪੰਜਾਬ ਸਰਕਾਰ ਦਾ ਪੰਚਾਇਤ ਵਿਭਾਗ ਜਬਰੀ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਇਹ ਜ਼ਮੀਨਾਂ ਕਿਸਾਨਾਂ ਦੇ ਪੁਰਖਿਆਂ ਵੱਲੋਂ 1961 ’ਚ ਆਬਾਦ ਕੀਤੀਆਂ ਗਈਆਂ ਸਨ ਅਤੇ ਕਿਸਾਨ ਉਦੋਂ ਤੋਂ ਹੀ ਇਨ੍ਹਾਂ ਜ਼ਮੀਨਾਂ ’ਤੇ ਕਾਬਜ਼ ਹਨ। ਆਗੂਆਂ ਨੇ ਕਿਹਾ ਕਿ ਜੇਕਰ ਅੱਗੇ ਵੀ ਪ੍ਰਸ਼ਾਸਨ ਨੇ ਜ਼ਮੀਨਾਂ ਦਾ ਜ਼ਬਰਦਸਤੀ ਕਬਜ਼ਾ ਲੈਣਾ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿਰੋਧ ’ਚ ਸੰਘਰਸ਼ ਵਿੱਢਿਆ ਜਾਵੇਗਾ।
ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਂ ਦਾ ਮਤਾ ਪਾਸ ਕਰਕੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਸੁਰਜੀਤ ਸਿੰਘ ਫੌਜੀ, ਅਮਨਦੀਪ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਜਸਬੀਰ ਕੌਰ ਕਾਮਲ ਵਾਲਾ, ਹਰਫੂਲ ਸਿੰਘ ਦੂਲੇ ਵਾਲਾ, ਟਹਿਲ ਸਿੰਘ ਕਾਮਲ ਵਾਲਾ, ਬਚਿੱਤਰ ਸਿੰਘ, ਮੱਸਾ ਸਿੰਘ, ਸੁਖਦੇਵ ਸਿੰਘ ਆਸਫ ਵਾਲਾ, ਹਰਨੇਕ ਸਿੰਘ ਕਮਾਲਾ ਬੋਦਲਾ, ਕੇਵਲ ਸਿੰਘ ਵਾਹਕਾ ਤੇ ਹੋਰ ਹਾਜ਼ਰ ਸਨ।