ਕਿਸਾਨਾਂ ਦੀ ਭਲਾਈ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ: ਮੋਦੀ
ਨਵੀਂ ਦਿੱਲੀ, 7 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 11 ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਦੇ ਕਈ ਕਦਮਾਂ ਨਾਲ ਕਿਸਾਨਾਂ ਦੀ ਖੁਸ਼ਹਾਲੀ ਵਧੀ ਹੈ ਅਤੇ ਖੇਤੀ ’ਚ ਬਦਲਾਅ ਯਕੀਨੀ ਬਣਿਆ ਹੈ। ਉਨ੍ਹਾਂ ‘ਐੱਕਸ’ ’ਤੇ ਕਿਹਾ, ‘‘ਆਪਣੇ ਮਿਹਨਤਕਸ਼ ਕਿਸਾਨਾਂ ਦੀ ਸੇਵਾ ਕਰਨਾ ਸਾਡੀ ਖੁਸ਼ਕਿਸਮਤੀ ਹੈ। ਅਸੀਂ ਮਿੱਟੀ ਦੀ ਸਿਹਤ ਅਤੇ ਸਿੰਜਾਈ ਵਰਗੇ ਮੁੱਦਿਆਂ ’ਤੇ ਧਿਆਨ ਕੇਂਦਰਤ ਕੀਤਾ ਜੋ ਬਹੁਤ ਲਾਭਕਾਰੀ ਰਹੇ ਹਨ। ਆਉਂਦੇ ਸਮੇਂ ’ਚ ਕਿਸਾਨਾਂ ਦੀ ਭਲਾਈ ਲਈ ਸਾਡੀਆਂ ਕੋਸ਼ਿਸ਼ਾਂ ਹੋਰ ਵੀ ਵਧੇਰੇ ਉਤਸ਼ਾਹ ਨਾਲ ਜਾਰੀ ਰਹਿਣਗੀਆਂ।’’ ਮੋਦੀ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਆਪਣੀਆਂ ਛੋਟੀਆਂ ਜ਼ਰੂਰਤਾਂ ਲਈ ਵੀ ਕਰਜ਼ਾ ਲੈਣ ਲਈ ਮਜਬੂਰ ਹੋਣਾ ਪੈਂਦਾ ਸੀ ਪਰ ਬੀਤੇ 11 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਦੇ ਫ਼ੈਸਲਿਆਂ ਨਾਲ ਕਿਸਾਨਾਂ ਦੀ ਜ਼ਿੰਦਗੀ ਸੁਖਾਲੀ ਹੋ ਗਈ ਹੈ। ਉਨ੍ਹਾਂ ਕਿਸਾਨਾਂ ਲਈ ਸਾਲਾਨਾ ਨਕਦੀ ਸਹਾਇਤਾ ਅਤੇ ਕਰਜ਼ਾ ਬੀਮਾ ਯੋਜਨਾਵਾਂ ਜਿਹੇ ਫ਼ੈਸਲਿਆਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ’ਚ ਲਗਾਤਾਰ ਵਾਧੇ ਨਾਲ ਦੇਸ਼ ਦੇ ਅੰਨਦਾਤਿਆਂ ਨੂੰ ਨਾ ਸਿਰਫ਼ ਫ਼ਸਲਾਂ ਦੀ ਢੁੱਕਵੀਂ ਕੀਮਤ ਮਿਲ ਰਹੀ ਹੈ ਸਗੋਂ ਉਨ੍ਹਾਂ ਦੀ ਆਮਦਨ ਵੀ ਵੱਧ ਰਹੀ ਹੈ। ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀ 9 ਜੂਨ ਨੂੰ 11ਵੀਂ ਵਰ੍ਹੇਗੰਢ ਤੋਂ ਪਹਿਲਾਂ ਕੇਂਦਰ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਉਭਾਰ ਰਹੇ ਹਨ। ਉਧਰ ਸਰਕਾਰ ਨੇ ਕਿਹਾ ਹੈ ਕਿ ਖੇਤੀ ਸੈਕਟਰ ’ਚ ਵੱਖ ਵੱਖ ਯੋਜਨਾਵਾਂ ਰਾਹੀਂ ਪਿਛਲੇ 11 ਸਾਲਾਂ ਦੌਰਾਨ ਵੱਡਾ ਬਦਲਾਅ ਆਇਆ ਹੈ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਖੁਰਾਕ ਸੁਰੱਖਿਆ ਤੋਂ ਲੈ ਕੇ ਆਲਮੀ ਖੁਰਾਕ ਲੀਡਰਸ਼ਿਪ ਤੱਕ ਦੇਸ਼ ਦੀ ਅਗਵਾਈ ਕਰਨ ਲਈ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਬਿਆਨ ’ਚ ਕਿਹਾ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਬਜਟ 2013-14 ਦੇ 27,663 ਕਰੋੜ ਤੋਂ ਵੱਧ ਕੇ 2024-25 ’ਚ 1,37,664.35 ਕਰੋੜ ਹੋ ਗਿਆ ਹੈ। ਇਸੇ ਤਰ੍ਹਾਂ ਕਣਕ ’ਤੇ ਐੱਮਐੱਸਪੀ 1,400 ਰੁਪਏ ਤੋਂ ਵੱਧ ਕੇ ਹੁਣ 2,425 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਝੋਨੇ ਦਾ ਭਾਅ ਵੀ 2013-14 ਦੇ 1,310 ਰੁਪਏ ਤੋਂ ਵੱਧ ਕੇ 2025-26 ’ਚ 2,369 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। -ਪੀਟੀਆਈ