ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੇਂਦਰ ਖ਼ਿਲਾਫ਼ ਪੁਤਲੇ ਫੂਕ ਮੁਜ਼ਾਹਰੇ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਜਨਵਰੀ
ਲੁਧਿਆਣਾ-ਫਿਰੋਜ਼ਪੁਰ ਕੌਮੀਸ਼ਾਹ ਸਥਿਤ ਨਜ਼ਦੀਕੀ ਚੌਕੀਮਾਨ ਟੌਲ ਪਲਾਜ਼ਾ ’ਤੇ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਦਿੱਲੀ ਮੋਰਚਾ-2 ਦੇ ਦੇਸ਼ ਵਿਆਪੀ ਪ੍ਰੋਗਰਾਮ ਦੀ ਰੋਸ਼ਨੀ ਵਿੱਚ ਇਹ ਮੁਜ਼ਾਹਰਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਹੋਇਆ। ਵੱਖ-ਵੱਖ ਪਿੰਡ ਇਕਾਈਆਂ ਦੇ ਕਿਸਾਨ, ਮਜ਼ਦੂਰ ਤੇ ਨੌਜਵਾਨਾਂ ਦੀ ਭਰਵੀਂ ਇਕੱਤਰਤਾ ਨੇ ਇਸ ਨੂੰ ਸਫ਼ਲਤਾਪੂਰਵਕ ਸਿਰੇ ਚਾੜ੍ਹਿਆ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਇਕੱਤਰਤਾ ਨੂੰ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸਿੰਘ ਸੋਨੀ ਸਵੱਦੀ, ਜਰਨੈਲ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ ਮੁੱਲਾਂਪੁਰ, ਉਜਾਗਰ ਸਿੰਘ ਬੱਦੋਵਾਲ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚਾ-2 ਵਾਲੇ ਸਾਂਝੇ ਫੋਰਮ ਦੀ ਅਗਵਾਈ ਹੇਠ ਕਰੀਬ ਗਿਆਰਾਂ ਮਹੀਨੇ ਤੋਂ ਲਗਾਤਾਰ ਚੱਲ ਰਹੇ ਸ਼ੰਭੂ, ਖਨੌਰੀ ਤੇ ਰਤਨਪੁਰ ਮੋਰਚਿਆਂ ’ਤੇ ਹਰਿਆਣਾ ਅਤੇ ਕੇਂਦਰੀ ਫੋਰਸਾਂ ਵੱਲੋਂ ਕੀਤੇ ਵਹਿਸ਼ੀ ਜਬਰ ਦੇ ਸਿੱਟੇ ਵਜੋਂ ਅੱਜ ਤੱਕ 32 ਯੋਧਿਆਂ ਦੀਆਂ ਸ਼ਹੀਦੀਆਂ, 483 ਫੱਟੜ ਅਤੇ 6 ਦੀਆਂ ਅੱਖਾਂ ਦੀ ਜੋਤ ਜਾਂਦੀ ਰਹਿਣ ਦੇ ਬਾਵਜੂਦ ਸੰਘਰਸ਼ ਜਾਰੀ ਹੈ।
ਦੂਜੇ ਦੂਜੇ ਪਾਸੇ ਲਗਾਤਾਰ 46 ਦਿਨ ਤੋਂ ਮਰਨ ਵਰਤ ’ਤੇ ਬੈਠੇ ਸਤਿਕਾਰਯੋਗ ਜੁਝਾਰੂ ਜਾਂਬਾਜ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਾਹਾਂ ਦੀ ਡੋਰ ਸਿਰੇ ’ਤੇ ਪੁੱਜਣ ਦੇ ਬਾਵਜੂਦ ਕੇਂਦਰ ਦੀ ਜ਼ਾਲਮ ਮੋਦੀ ਹਕੂਮਤ ਕਿਸਾਨ-ਮਜ਼ਦੂਰ ਦੁਸ਼ਮਣ ਸਾਜ਼ਿਸ਼ੀ ਚੁੱਪ ਧਾਰ ਕੇ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਦੇ ਦਲਾਲ ਹੋਣ ਦਾ ਨੰਗਾ ਚਿੱਟਾ ਸਬੂਤ ਪੇਸ਼ ਕਰ ਰਹੀ ਹੈ। ਆਗੂਆਂ ਨੇ ਜ਼ੋਰਦਾਰ ਚਿਤਾਵਨੀ ਦਿੱਤੀ ਕਿ ਜੇਕਰ ਹਾਲੇ ਵੀ ਕੇਂਦਰ ਸਰਕਾਰ ਨੇ 13 ਹੱਕੀ ਮੰਗਾਂ ਮੰਨਣ ਵਾਸਤੇ ਗੱਲਬਾਤ ਦੀ ਮੇਜ਼ ’ਤੇ ਨਾ ਆਈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੋ ਗਈ ਤਾਂ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਸਮੁੱਚੇ ਕਿਰਤੀ ਲੋਕਾਂ ਦੀ ਲੋਕ ਲਹਿਰ ਦਾ ਅਜਿਹਾ ਤੂਫ਼ਾਨ ਉੱਠੇਗਾ ਜਿਸ ਨੂੰ ਠੱਲ੍ਹਣਾ ਮੋਦੀ ਹਕੂਮਤ ਦੇ ਵਸੋਂ ਬਾਹਰ ਹੋ ਜਾਵੇਗਾ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਮਾਲੇਰਕੋਟਲਾ-ਰਾਏਕੋਟ ਰਾਜ ਮਾਰਗ ’ਤੇ ਪਿੰਡ ਕਲਸੀਆਂ ਅਤੇ ਰਾਏਕੋਟ ਦੇ ਨੇੜਲੇ ਪਿੰਡ ਸੀਲੋਆਣੀ ਵਿੱਚ ਕੇਂਦਰੀ ਸਰਕਾਰ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਚੋਰ ਮੋਰੀ ਰਾਹੀ ਲਾਗੂ ਕਰਨ ਲਈ ਮੰਡੀਕਰਨ ਵਿਰੋਧੀ ਖਰੜੇ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਭਾਕਿਯੂ (ਡਕੌਂਦਾ-ਧਨੇਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਅਤੇ ਸਰਪੰਚ ਰਾਜਦੀਪ ਸਿੰਘ ਭਾਕਿਯੂ (ਕਾਦੀਆਂ), ਪ੍ਰਧਾਨ ਚਮਕੌਰ ਸਿੰਘ ਅਤੇ ਕਲਸੀਆਂ ਵਿੱਚ ਕਿਸਾਨ ਆਗੂ ਗਿਆਨੀ ਹਰਜੀਤ ਸਿੰਘ ਸਮੇਤ ਹੋਰ ਆਗੂਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਨੇੜਲੇ ਪਿੰਡ ਭੱਠਲ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾਂ ਉਗਰਾਹਾਂ) ਵੱਲੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਕਿਸਾਨ ਮੋਰਚਿਆਂ ਨਾਲ ਤਾਲਮੇਲ ਰੂਪ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਠੰਢ ਦੇ ਮੌਸਮ ਵਿਚ ਦਿਨ ਰਾਤ ਸੜਕਾਂ ਤੇ ਰੁਲ ਰਹੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਨਾ ਹੀ ਲੰਬੇ ਸਮੇਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਗੱਲਬਾਤ ਕਰ ਰਹੀ ਹੈ। ਜੇਕਰ ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਪੈਦਲ ਮਾਰਚ ਕਰ ਕੇ ਦਿੱਲੀ ਵੱਲ ਕੂਚ ਕਰਦੇ ਹਨ ਤਾਂ ਉਨ੍ਹਾਂ ਤੇ ਅਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਫੱਟੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ, ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ ਅਤੇ ਕਰਜ਼ੇ ਖਤਮ ਕਰਨ ਲਈ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਸਗੋਂ ਕਾਰਪੋਰੇਟ ਲਈ ਖੁੱਲ੍ਹੇ ਗੱਫ਼ੇ ਵਰਤਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਰ ਵਰਗ ਨੂੰ ਇਕਜੁੱਟ ਹੋ ਕੇ ਮੰਗਾਂ ਸਬੰਧੀ ਅਵਾਜ਼ ਬੁਲੰਦ ਕਰਨ ਦੀ ਲੋੜ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅੱਜ ਪਿੰਡ ਘੁਡਾਣੀ ਕਲਾਂ, ਕਟਾਹਰੀ, ਘਲੋਟੀ ਤੇ ਜਰਗੜੀ ਵਿੱਚ ਕੇਂਦਰ ਖ਼ਿਲਾਫ਼ ਪੁਤਲੇ ਫੂਕ ਕੇ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀ ਸੁਣ ਰਹੀ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਾਫੀ ਲੰਬੇ ਸਮੇ ਤੋਂ ਮਰਨ ਵਰਤ ’ਤੇ ਬੈਠੇ ਹਨ ਉਸ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਕੋਈ ਗੱਲਬਾਤ ਨਹੀ ਕਰ ਰਹੀ। ਇਸੇ ਤਰ੍ਹਾਂ ਸਿਆੜ, ਕਲਾਹੜ, ਜੀਰਖ, ਪੰਧੇਰ ਖੇੜੀ, ਸਿਹੌੜਾ, ਮਲੌਦ ਰੋੜੀਆਂ, ਮਾਲੋਦੌਦ, ਸੀਹਾਂਦੌਦ ,ਸਿਰਥਲਾ ਆਦਿ ਪਿੰਡਾਂ ਵਿੱਚ ਅਰਥੀਆਂ ਸਾੜੀਆਂ ਗਈਆਂ। ਵੱਖ ਵੱਖ ਥਾਂਵਾ ’ਤੇ ਹੋਏ ਇਕੱਠਾਂ ਨੂੰ ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ, ਦਵਿੰਦਰ ਸਿੰਘ ਸਿਰਥਲਾ, ਮਨੋਹਰ ਸਿੰਘ ਕਲਾਹੜ, ਮਨਪ੍ਰੀਤ ਸਿੰਘ ਜੀਰਖ, ਪ੍ਰਿੰਸੀਪਲ ਜਗਮੀਤ ਸਿੰਘ ਕਲਾੜ੍ਹ ਨੇ ਸੰਬੋਧਨ ਕੀਤਾ।
ਭਾਕਿਯੂ (ਉਗਰਾਹਾਂ) ਵੱਲੋਂ ਫੱਲੇਵਾਲ ਵਿੱਚ ਪ੍ਰਦਰਸ਼ਨ
ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਕਿਸਾਨ ਮੋਰਚਿਆਂ ਨਾਲ ਤਾਲਮੇਲ ਨੂੰ ਅੱਗੇ ਵਧਾਉਂਦਿਆਂ ਪਿੰਡ ਫੱਲੇਵਾਲ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਬਲਾਕ ਪ੍ਰਧਾਨ ਦਰਸ਼ਨ ਸਿੰਘ ਫੱਲੇਵਾਲ ਅਤੇ ਜ਼ਿਲ੍ਹਾ ਸੰਗਠਨ ਸਕੱਤਰ ਚਰਨਜੀਤ ਸਿੰਘ ਫੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਸੁਣਨ ਨੂੰ ਤਿਆਰ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਮਰਨ ਵਰਤ ’ਤੇ ਹਨ, ਉਨ੍ਹਾਂ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲਟਕਦੀਆਂ ਕਿਸਾਨ ਮੰਗਾਂ ਤੋਂ ਇਲਾਵਾ ਹੁਣ ਕੇਂਦਰ ਦੀ ਸਰਕਾਰ ਵੱਲੋਂ ਮੰਡੀਕਰਨ ਦੀ ਵਿਵਸਥਾ ਨੂੰ ਤੋੜਨ ਲਈ ਨਵੇਂ ਖਰੜੇ ਭੇਜੇ ਜਾ ਰਹੇ ਹਨ ਤਾਂ ਕਿ ਕਿਸਾਨੀ ਦਾ ਭੋਗ ਪਾ ਕੇ ਕਾਰਪੋਰੇਟ ਘਰਾਣਿਆਂ ਲਈ ਲੁੱਟ ਦੇ ਦਰਵਾਜ਼ੇ ਹੋਰ ਵੀ ਖੋਲ੍ਹ ਦਿੱਤੇ ਜਾਣ।