ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ
ਗੁਰਿੰਦਰ ਸਿੰਘ
ਲੁਧਿਆਣਾ, 24 ਦਸੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੇ ਹੱਕ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇ ਕੇ ਕੇਂਦਰ ਸਰਕਾਰ ਨੂੰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕੌਮੀ ਖੇਤੀ ਮੰਡੀ ਨੀਤੀ ਵਾਪਸ ਕਰਵਾਉਣ ਲਈ ਰਾਸ਼ਟਰਪਤੀ ਨੂੰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੰਗ ਪੱਤਰ ਦਿੱਤਾ ਗਿਆ।
ਕਿਸਾਨ ਆਗੂਆਂ ਚਰਨ ਸਿੰਘ ਨੂਰਪੁਰਾ, ਹਰਨੇਕ ਸਿੰਘ ਗੁੱਜਰਵਾਲ, ਚਮਕੌਰ ਸਿੰਘ ਬਰਮੀ, ਬਲਜੀਤ ਸਿੰਘ ਗਰੇਵਾਲ, ਮਨਦੀਪ ਸਿੰਘ ਅਤੇ ਸੁਖਦੇਵ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਏ ਧਰਨੇ ਦੌਰਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਬੁਲਾਰਿਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ, ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ’ਤੇ ਜਬਰ ਬੰਦ ਕਰਨ, ਜੇਲ੍ਹ ਵਿੱਚ ਬੰਦ ਸਾਰੇ ਕਿਸਾਨਾਂ ਨੂੰ ਰਿਹਾਅ ਕਰਨ, ਕੌਮੀ ਖੇਤੀ ਮੰਡੀ ਨੀਤੀ ਨੂੰ ਵਾਪਸ ਕਰਨ ਅਤੇ ਕਿਸਾਨੀ ਮਸਲੇ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਸੁਦਾਗਰ ਸਿੰਘ ਘੁਡਾਣੀ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਬੀਰ ਸਿੰਘ ਬੈਨੀਪਾਲ, ਆਲ ਇੰਡੀਆ ਕਿਸਾਨ ਸਭਾ 1936 ਦੇ ਜਸਵੀਰ ਸਿੰਘ ਝੱਜ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੁਲਦੀਪ ਸਿੰਘ ਗਰੇਵਾਲ, ਆਲ ਇੰਡੀਆ ਕਿਸਾਨ ਸਭਾ ਦੇ ਬਲਦੇਵ ਸਿੰਘ ਲਤਾਲਾ, ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਬੀਕੇਯੂ ਡਕੌਂਤਾ ਧਨੇਰ ਦੇ ਜਗਤਾਰ ਸਿੰਘ ਦੇੜਕਾ, ਬੀਕੇਯੂ ਕਾਦੀਆਂ ਦੇ ਅਮਰ ਸਿੰਘ ਤਲਵੰਡੀ, ਬੀਕੇਯੂ ਬੁਰਜ ਗਿੱਲ ਦੇ ਗੁਰਸੇਵਕ ਸਿੰਘ, ਬੀਕੇਯੂ ਰਾਜੇਵਾਲ ਦੇ ਸੁਖਵਿੰਦਰ ਸਿੰਘ ਭੱਟੀਆਂ, ਬੀਕੇਯੂ ਲੱਖੋਵਾਲ ਦੇ ਜੋਗਿੰਦਰ ਸਿੰਘ ਢਿੱਲੋਂ ਨੇ ਸਰਕਾਰ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ।