ਕਿਸ਼ਨਾ ਗੈਂਗ ਦੇ ਦੋ ਮੈਂਬਰ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਮਈ
ਸ਼ਹਿਰ ਦੀ ਪੁਲੀਸ ਨੇ ਕਿਸ਼ਨਾ ਗੈਂਗ ਦੇ ਦੋ ਕਥਿਤ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲ ਹੀ ਵਿੱਚ ਛੇਹਰਟਾ ਇਲਾਕੇ ਵਿੱਚ ਜੰਡਿਆਲਾ ਗੁਰੂ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦੀ ਹੱਤਿਆ ਪਿੱਛੇ ਕਥਿਤ ਤੌਰ ’ਤੇ ਇਸੇ ਗੈਂਗ ਦਾ ਹੱਥ ਸੀ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਹ ਜੰਡਿਆਲਾ ਗੁਰੂ ਪੁਲੀਸ ਨੂੰ ਦੋ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ ਪਰ ਹਰਜਿੰਦਰ ਸਿੰਘ ਦੇ ਕਤਲ ਕੇਸ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਜਸਰੂਪ ਕੌਰ ਬਾਠ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਚੰਦ ਆਨੰਦ ਅਤੇ ਬਚਿੱਤਰ ਸਿੰਘ ਉਰਫ਼ ਲਿਖਾਰੀ ਵਜੋਂ ਹੋਈ ਹੈ।
ਪੁਲੀਸ ਨੇ ਉਨ੍ਹਾਂ ਕੋਲੋਂ ਤਿੰਨ ਕਾਰਤੂਸਾਂ ਸਣੇ ਇੱਕ ਗਲੋਕ ਪਿਸਤੌਲ ਅਤੇ ਚਾਰ ਗੋਲੀਆਂ ਸਮੇਤ ਇੱਕ .32 ਬੋਰ ਪਿਸਤੌਲ ਬਰਾਮਦ ਕੀਤਾ ਹੈ। ਦੋਵਾਂ ਨੂੰ ਇੱਥੇ ਮੋਹਕਮਪੁਰਾ ਥਾਣੇ ਅਧੀਨ ਪੈਂਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਦੱਸਣਯੋਗ ਹੈ ਕਿ ਕਿਸ਼ਨਾ ਗੈਂਗ ਦੇ ਮੈਂਬਰ ਛੇਹਰਟਾ ਖੇਤਰ ਵਿੱਚ ਕੌਂਸਲਰ ਹਰਜਿੰਦਰ ਸਿੰਘ ਉਰਫ਼ ਬਾਮਨ ਦੀ ਦਿਨ-ਦਿਹਾੜੇ ਹੱਤਿਆ ਵਿੱਚ ਸ਼ਾਮਲ ਸਨ। ਉਹ ਉਥੇ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ ਅਤੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਬਾਅਦ ਵਿੱਚ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।