ਕਿਲੋ ਹੈਰੋਇਨ ਤੇ 45 ਲੱਖ ਦੀ ਡਰੱਗ ਮਨੀ ਸਣੇ ਤਿੰਨ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਈ
ਨਸ਼ਾ ਕਾਰੋਬਾਰੀਆਂ ਦੇ ਗੱਠਜੋੜ ਖ਼ਿਲਾਫ਼ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਵੱਖ-ਵੱਖ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 1.01 ਕਿਲੋ ਹੈਰੋਇਨ, 45.19 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਕਦੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਦੇ ਠੱਠੀ ਸੋਹਲ ਦੇ ਰਾਹੁਲ ਸਿੰਘ ਉਰਫ਼ ਕਾਲੂ (20), ਅੰਮ੍ਰਿਤਸਰ ਦੇ ਪਿੰਡ ਸੁਧਾਰ ਰਾਜਪੂਤਾਂ ਦੇ ਗੁਰਮੁਖ ਸਿੰਘ (21) ਅਤੇ ਅੰਮ੍ਰਿਤਸਰ ਦੇ ਪਿੰਡ ਅਕਾਲਗੜ੍ਹ ਢਪੱਈਆਂ ਦੇ ਵਰਿੰਦਰਪਾਲ ਸਿੰਘ (32) ਵਜੋਂ ਹੋਈ ਹੈ। ਡੀਜੀਪੀ ਨੇ ਕਿਹਾ ਕਿ ਐੱਨਡੀਪੀਐੱਸ ਐਕਟ ਤਹਿਤ ਦੋ ਵੱਖ-ਵੱਖ ਐਫਆਈਆਰਜ਼ ਥਾਣਾ ਗੇਟ ਹਕੀਮਾਂ ਅਤੇ ਥਾਣਾ ਵੇਰਕਾ ਵਿੱਚ ਦਰਜ ਕੀਤੀਆਂ ਗਈਆਂ ਹਨ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੀਆਈਏ-2 ਦੀਆਂ ਪੁਲੀਸ ਟੀਮਾਂ ਨੇ ਮੁਲਜ਼ਮ ਰਾਹੁਲ ਉਰਫ਼ ਕਾਲੂ ਨੂੰ ਅੰਮ੍ਰਿਤਸਰ ਦੇ ਆਨੰਦ ਵਿਹਾਰ ਵਿੱਚ ਉਸ ਦੇ ਕਿਰਾਏ ਦੇ ਮਕਾਨ ਤੋਂ 510 ਗ੍ਰਾਮ ਹੈਰੋਇਨ, 30.18 ਲੱਖ ਰੁਪਏ ਦੀ ਡਰੱਗ ਮਨੀ ਅਤੇ ਨਕਦੀ ਗਿਣਨ ਵਾਲੀ ਮਸ਼ੀਨ ਸਮੇਤ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਹੁਲ ਵਿਦੇਸ਼-ਆਧਾਰਤ ਨਸ਼ਾ ਤਸਕਰ ਟੋਨੀ ਜਰਮਨ ਦੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਉਪਰੰਤ ਸਥਾਨਕ ਤੌਰ ’ਤੇ ਸਪਲਾਈ ਕਰ ਰਿਹਾ ਸੀ। ਇਸ ਸਬੰਧੀ ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਗੇਟ ਹਕੀਮਾ ਵਿੱਚ ਐੱਨਡੀਪੀਐੱਸ ਐਕਟ ਦੀ ਧਾਰਾ 21-ਸੀ ਅਤੇ 25 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੀ ਕਾਰਵਾਈ ਦੌਰਾਨ ਵੇਰਕਾ ਦੀ ਪੁਲੀਸ ਟੀਮ ਨੇ ਗੁਰਮੁੱਖ ਸਿੰਘ ਅਤੇ ਵਰਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ 500 ਗ੍ਰਾਮ ਹੈਰੋਇਨ, 15.19 ਲੱਖ ਰੁਪਏ ਦੀ ਡਰੱਗ ਮਨੀ ਅਤੇ ਕੈਮਰੇ ਵਾਲਾ ਖਿਡੌਣੇ-ਨੁਮਾ ਡਰੋਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਪਿੰਡ ਅਕਾਲਗੜ੍ਹ ਵਿੱਚ ਸਥਿਤ ਘਰ ਵਿੱਚੋਂ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਅੰਮ੍ਰਿਤਸਰ ਦੇ ਵੇਰਕਾ ਪੁਲੀਸ ਥਾਣਾ ਵਿੱਚ ਐਨਡੀਪੀਐਸ ਐਕਟ ਦੀ ਧਾਰਾ 25 ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।