ਕਿਰਤੀ ਕਿਸਾਨ ਯੂਨੀਅਨ ਬਲਾਕ ਔੜ ਦਾ ਇਜਲਾਸ
ਲਾਜਵੰਤ ਸਿੰਘ
ਨਵਾਂਸ਼ਹਿਰ, 22 ਮਈ
ਪਿੰਡ ਉੜਾਪੜ੍ਹ ਵਿੱਚ ਕਿਰਤੀ ਕਿਸਾਨ ਯੂਨੀਅਨ ਬਲਾਕ ਔੜ ਦਾ ਇਜਲਾਸ ਕੀਤਾ ਗਿਆ ਜਿਸ ਦੌਰਾਨ ਚੁਣੀਆਂ ਹੋਈਆਂ ਕਮੇਟੀਆਂ ’ਤੇ ਆਧਾਰਿਤ ਲਗਪਗ 70 ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਜੰਗ ਦੀ ਆੜ ਹੇਠ ਅਮਰੀਕਾ ਅਤੇ ਇੰਗਲੈਂਡ ਨਾਲ਼ ਮੁਕਤ ਵਪਾਰ ਸਮਝੌਤੇ ਕੀਤੇ ਗਏ। ਭਾਰਤ ਸਰਕਾਰ ਨੇ ਸਾਮਰਾਜੀ ਮੁਲਕਾਂ ਅੱਗੇ ਗੋਡੇ ਟੇਕ ਟੇਕਦਿਆਂ ਕਿਸਾਨਾਂ ਦੀ ਖੁੱਲ੍ਹੀ ਲੁੱਟ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਾਕਾਮ ਰਹੀ ਹੈ ਅਤੇ ਕੇਂਦਰ ਦੀ ਪੈੜ ’ਤੇ ਪੈੜ ਧਰ ਰਹੀ ਹੈ। ਉਨ੍ਹਾਂ ਕਿਹਾ ਕਿ ਆ ਰਹੇ ਕਾਰਪੋਰੇਟ ਹਮਲਿਆਂ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਸੰਗਠਤ ਹੋਣਾ ਪਵੇਗਾ। ਡੈਲੀਗੇਟਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਬਾਵਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉਟਾਲ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ, ਸੁਰਿੰਦਰ ਸਿੰਘ ਮਹਿਰਮਪੁਰ ਅਤੇ ਕ੍ਰਿਸ਼ਨ ਲਾਲ ਬੇਗੋਵਾਲ ਤੇ ਮਨਜੀਤ ਕੌਰ ਅਲਾਚੌਰ ਨੇ ਵੀ ਸੰਬੋਧਨ ਕੀਤਾ।
ਬਾਅਦ ਵਿੱਚ 15 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੌਰਾਨ ਸੁਰਿੰਦਰ ਸਿੰਘ ਮਹਿਰਮਪੁਰ ਨੂੰ ਪ੍ਰਧਾਨ, ਜੀਵਨ ਦਾਸ ਬੇਗੋਵਾਲ ਨੂੰ ਸਕੱਤਰ, ਬਲਬੀਰ ਸਿੰਘ ਸਕੋਹਪੁਰ ਨੂੰ ਵਿੱਤ ਸਕੱਤਰ, ਬਹਾਦਰ ਸਿੰਘ ਧਰਮਕੋਟ ਨੂੰ ਸਹਾਇਕ ਸਕੱਤਰ ਅਤੇ ਕਰਨੈਲ ਸਿੰਘ ਉੜਾਪੜ੍ਹ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਕਸ਼ਮੀਰ ਸਿੰਘ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਅਮਰੀਕ ਸਿੰਘ ਫਾਂਬੜਾ, ਅਮਰਜੀਤ ਸਿੰਘ ਧਰਮਕੋਟ, ਸਤਨਾਮ ਸਿੰਘ ਉੜਾਪੜ੍ਹ, ਅਵਤਾਰ ਸਿੰਘ ਸਕੋਹਪੁਰ, ਅਵਤਾਰ ਸਿੰਘ ਮਹਿਰਮਪੁਰ, ਮਨਜੀਤ ਕੌਰ ਬੇਗੋਵਾਲ ਤੇ ਕਮਲੇਸ਼ ਕੌਰ ਉੜਾਪੜ੍ਹ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਨਵੀਂ ਚੁਣੀ ਕਮੇਟੀ ਨੇ ਕਿਸਾਨੀ ਮੁੱਦਿਆਂ ’ਤੇ ਲੜਨ ਦਾ ਪ੍ਰਣ ਕੀਤਾ ਅਤੇ 26 ਮਈ ਨੂੰ ਸਰਕਾਰ ਦੇ ਜਬਰ ਖਿਲਾਫ਼ ਸੰਯੁਕਤ ਮੋਰਚੇ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।