ਖੇਤਰੀ ਪ੍ਰਤੀਨਿਧਲੁਧਿਆਣਾ, 11 ਜਨਵਰੀਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲਾਇਬਰੇਰੀ ਸਾਇੰਸ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਜਗਤਾਰ ਸਿੰਘ ਉਰਫ਼ ਜਗਤਾਰਦੀਪ ਦੀ ਪਲੇਠੀ ਕਾਵਿ ਪੁਸਤਕ ‘ਵੇਖਣ ਵਾਲੀ ਅੱਖ’ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰਨਾਂ ਨੇ ਲੋਕ ਅਰਪਣ ਕੀਤੀ। ਇਸ ਮੌਕੇ ਪ੍ਰੋ. ਗਿੱਲ ਨੇ ਕਿਹਾ ਕਿ ਸਾਰੀ ਉਮਰ ਵਿੱਚ ਇਕੱਠੇ ਕੀਤੇ ਕਾਵਿਕ ਪਲਾਂ ਨੂੰ ਸੰਭਾਲ ਕੇ ਭਵਿੱਖ ਦੀਆਂ ਪੀੜ੍ਹੀਆਂ ਦੇ ਹਵਾਲੇ ਕਰਨਾ ਸ਼ੁਭ ਕਾਰਜ ਹੈ।ਪ੍ਰੋ. ਗਿੱਲ ਨੇ ਦੱਸਿਆ ਕਿ ਡਾ. ਜਗਤਾਰਦੀਪ ਨਾਲ ਉਨ੍ਹਾਂ ਦਾ ਵਾਹ ਵਾਸਤਾ ਉਦੋਂ ਪਿਆ ਜਦ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਪ੍ਰਧਾਨ ਬਣਨ ਮਗਰੋਂ 2010 ਵਿੱਚ ਪੰਜਾਬ ਰਾਜ ਲਾਇਬਰੇਰੀ ਐਕਟ ਬਣਾਉਣ ਵਾਲੀ ਕਮੇਟੀ ਵਿੱਚ ਦੋਵੇਂ ਇਕੱਠੇ ਕੰਮ ਕਰ ਰਹੇ ਸਨ। ਪ੍ਰੋ. ਗਿੱਲ ਨੇ ਕਿਹਾ ਕਿ ਡਾ. ਜਗਤਾਰਦੀਪ ਦੀਆਂ ਕਵਿਤਾਵਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਸ ਕੋਲ ਸਹਿਜ ਸੰਵੇਦਨਾ ਦੇ ਨਾਲ ਨਾਲ ਵਿਸ਼ਵ ਪੱਧਰ ’ਤੇ ਲਿਖੇ ਜਾ ਰਹੇ ਸਾਹਿਤ ਦਾ ਗੂੜ੍ਹ ਗਿਆਨ ਵੀ ਭਰਪੂਰ ਹੈ। ਇਸ ਦਾ ਪ੍ਰਕਾਸ਼ ਉਸ ਦੀਆਂ ਕਵਿਤਾਵਾਂ ਵਿੱਚੋਂ ਥਾਂ ਪਰ ਥਾ ਹਾਜ਼ਰ ਮਿਲਦਾ ਹੈ।ਪੁਸਤਕ ਦੇ ਲੇਖਕ ਡਾ. ਜਗਤਾਰਦੀਪ ਨੇ ਕਿਹਾ ਕਿ ਉਹ ਕਵਿਤਾ ਦਾ ਰਸੀਆ ਹੋਣ ਉਪਰੰਤ ਹੀ ਕਵਿਤਾ ਸਿਰਜਣ ਦੇ ਰਾਹ ਤੁਰਿਆ ਹੈ। ਉਸ ਲਈ ਕਵਿਤਾ ਰੂਹ ਦਾ ਮੇਲਾ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਗੋਰਕੀ ਪ੍ਰਕਾਸ਼ਨ ਲੁਧਿਆਣਾ ਦੀ ਇਹ ਪ੍ਰਕਾਸ਼ਨਾ ਪੰਜਾਬੀ ਕਾਵਿ ਜਗਤ ਵਿੱਚ ਸੱਜਰਾਪਣ ਲੈ ਕੇ ਆਵੇਗੀ।ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਤੋਂ ਆਏ ਪੰਜਾਬ ਐਕਸਪ੍ਰੈੱਸ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਕੇਕੇ ਬਾਵਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਦਰਸ਼ਨ ਸਿੰਘ ਸ਼ੰਕਰ, ਰਵਿੰਦਰ ਸਿਆਣ, ਸਤੀਸ਼ ਗੁਲਾਟੀ, ਪੁਸਤਕ ਦੇ ਪ੍ਰਕਾਸ਼ਕ ਹਰੀਸ਼ ਮੌਦਗਿੱਲ, ਕੌਮੀ ਸਾਹਿੱਤ ਤੇ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਸਤਿਬੀਰ ਸਿੰਘ ਸਿੱਧੂ (ਟੋਰੰਟੋ) ਅਮਰਜੀਤ ਸ਼ੇਰਪੁਰੀ, ਸੁਰਿੰਦਰਦੀਪ, ਜਸਬੀਰ ਸਿੰਘ ਰਾਣਾ , ਰੇਸ਼ਮ ਸਿੰਘ ਸੱਗੂ ਨੇ ਵੀ ਡਾ. ਜਗਤਾਰਦੀਪ ਨੂੰ ਪੁਸਤਕ ਪ੍ਰਕਾਸ਼ਨ ’ਤੇ ਮੁਬਾਰਕ ਦਿੱਤੀ।