ਕਾਵਿ ਕਿਆਰੀ
ਗ਼ਜ਼ਲ
ਦਲਜੀਤ ਰਾਏ ਕਾਲੀਆ
ਵੰਡ ਸਮੇਂ ਜੋ ਤਾਂਡਵ ਹੋਇਆ, ਚੁੱਪ ਵੇਂਹਦੀ ਕਾਇਨਾਤ ਰਹੀ।
ਧਰਮ ਮਜ਼ਹਬ ਦੇ ਨਾਂ ’ਤੇ ਖੌਰੂ, ਪਾਉਂਦੀ ਆਦਮ ਜਾਤ ਰਹੀ।
ਵਿਹਲੜ ਏਥੇ ਐਸ਼ਾਂ ਕਰਦੇ, ਅਜ਼ਲਾਂ ਤੋਂ ਇਹ ਬਾਤ ਰਹੀ।
ਕਾਮੇ ਮਜ਼ਦੂਰਾਂ ਦੇ ਹਿੱਸੇ, ਦੁੱਖਾਂ ਦੀ ਬਹੁਤਾਤ ਰਹੀ।
ਜਦ ਕਿਰਤੀ ਨੇ ਏਕਾ ਕੀਤਾ, ਪਰਚਮ ਉੱਚਾ ਹੋਇਆ ਤਦ,
ਚੜ੍ਹਦਾ ਆਸਾਂ ਵਾਲਾ ਸੂਰਜ, ਛਟਦੀ ਕਾਲ਼ੀ ਰਾਤ ਰਹੀ।
ਪਾੜਾ ਵਧਦਾ ਜਾਵੇ ਨਿਸ ਦਿਨ, ਏਥੇ ਜੋਕਾਂ ਲੋਕਾਂ ਵਿੱਚ,
ਪੂੰਜੀਪਤੀਆਂ ਦੇ ਪੁੜ ਹੇਠਾਂ, ਪਿਸ ਮਜ਼ਦੂਰ ਜਮਾਤ ਰਹੀ।
ਮਜ਼ਦੂਰਾਂ ਦੇ ਢਾਰੇ ਢਹਿ ਗਏ, ਭੁੱਖਣ ਭਾਣੇ ਬਾਲ ਰਹੇ,
ਸਾਉਣ ਮਹੀਨੇ ਹਫ਼ਤਾ ਭਰ ਜਦ, ਹੁੰਦੀ ਸੀ ਬਰਸਾਤ ਰਹੀ।
ਬਚਪਨ ਵਿੱਚ ਜਦੋਂ ਵੀ ਵਿਚਰਾਂ, ਦਿਸਦੀ ਲੋਰੀ ਦਿੰਦੀ ਮਾਂ,
ਮਾਂ ਦੇ ਹੱਥ ਦੀ ਕੁੱਟੀ ਚੂਰੀ, ਸਭ ਤੋਂ ਵੱਡੀ ਦਾਤ ਰਹੀ।
ਸਾਡੇ ਕੋਲੋਂ ਚੁਣੇ ਗਏ ਨਾ, ਨੇਤਾ ਚੰਗੇ ਇਸ ਕਰਕੇ,
ਵੰਨ-ਸੁਵੰਨੀ ਮਿਲਦੀ ਸਾਨੂੰ, ਉਨ੍ਹਾਂ ਤੋਂ ਸੌਗਾਤ ਰਹੀ।
ਸੰਪਰਕ: 97812-00168
ਮੋਹ ਦੀ ਇਮਾਰਤ
ਮੋਹਨ ਸ਼ਰਮਾ
ਉਸਨੂੰ ਸ਼ਿੱਦਤ ਨਾਲ
ਹਰ ਰੋਜ਼ ਯਾਦ ਕਰਦਾ ਹਾਂ
ਚੇਤਿਆਂ ਦੇ ਪੰਨਿਆਂ ’ਚੋਂ
ਉਹਦੀ ਹੋਂਦ ਕਦੇ ਮਨਫ਼ੀ ਨਹੀਂ ਹੋਈ।
ਉਹਦੀ ਹੋਂਦ ਦਾ ਅਹਿਸਾਸ
ਮਨ ਅੰਦਰ ਘੁਲ ਗਿਆ ਹੈ
ਪਾਣੀ ਦੇ ਰੰਗਾਂ ਵਾਂਗ!
ਜਦੋਂ ਵੀ ਉਹਦੇ ਬੋਲ ਸੁਣਨ ਲਈ
ਤਰਸੇਵਾਂ ਉਦਰੇਵੇਂ ਵਿੱਚ ਬਦਲ ਜਾਂਦਾ ਹੈ
ਤਾਂ ਉਹਨੂੰ ਫੋਨ ਕਰਦਾ ਹਾਂ
‘‘ਹੈਲੋ’’ ਦੀ ਆਵਾਜ਼ ਕੰਨਾਂ ਅੰਦਰ ਰਸ ਘੋਲਦੀ ਹੈ।
ਜਦੋਂ ਪੁੱਛਦਾ ਹਾਂ
‘‘ਕੀ ਕਰ ਰਹੀ ਹੈਂ?’’
ਤਾਂ ਉਹਦਾ ਜਵਾਬ ਹੁੰਦਾ ਹੈ,
‘‘ਰਸੋਈ ਵਿੱਚ ਹਾਂ’’
ਤੇ ਜਾਂ ਫਿਰ ‘‘ਕੱਪੜੇ ਧੋ ਰਹੀ ਹਾਂ।’’
ਘਰ ਦੇ ਹੋਰ ਰੁਝੇਵਿਆਂ ਦਾ ਵੀ ਉਹ ਜ਼ਿਕਰ ਛੂੰਹਦੀ ਹੈ।
ਸੱਚੀਂ, ਮੈਂ ਉਹਦੇ ਕੋਲੋਂ
ਇਹ ਬੋਲ ਸੁਣਨ ਲਈ
ਤਰਸ ਗਿਆ ਹਾਂ
‘‘ਤੈਨੂੰ ਚੇਤੇ ਕਰਨਾ ਮੇਰੀ ਰੂਹ ਦੀ ਖੁਰਾਕ ਹੈ।’’
ਇੱਕ ਖ਼ਾਮੋਸ਼ ਸ਼ਿਕਵਾ
ਜਨਮ ਲੈ ਕੇ
ਹਾਉਕਿਆਂ ਵਿੱਚ ਬਦਲ ਜਾਂਦਾ ਹੈ।
ਅਤੇ ਫਿਰ ਕਈ ਤਰ੍ਹਾਂ ਦੇ
ਧਰਵਾਸਿਆਂ ਦਾ ਠੁੰਮਮ੍ਹਣਾ
ਮੋਹ ਦੀ ਇਮਾਰਤ ਨੂੰ ਸੁਰੱਖਿਅਤ ਰੱਖਣ ਲਈ
ਦੇਣਾ ਪੈਂਦਾ ਹੈ।
ਸੰਪਰਕ: 94171-48866
ਪਵਣੁ, ਪਾਣੀ ਤੇ ਧਰਤੀ
ਅਮਰਜੀਤ ਸਿੰਘ ‘ਫ਼ੌਜੀ’
ਐਵੇਂ ਨੀਂ ਮਾਤਾ ਕਹਿ ਵਡਿਆਇਆ ਮੈਨੂੰ ਗੁਰੂਆਂ ਨੇ
ਮਾਂ ਧਰਤੀ ਹਾਂ ਮੈਂ, ਸਭ ਦੀ ਪਾਲਣਹਾਰੀ
ਚਾਰੇ ਖਾਣੀਆਂ ਹੋਂਦ ਵਿੱਚ ਆਈਆਂ ਮੇਰੇ ਸਦਕੇ ਹੀ
ਸਾਰੀ ਉਤਪਤੀ ਦੀ ਹੀ, ਮੈਂ ਹਾਂ ਸਿਰਜਣਹਾਰੀ।
ਪਿਤਾ ਦਾ ਦਰਜਾ ਦਿੱਤਾ ਮੈਨੂੰ, ਸ੍ਰੀ ਗੁਰੂ ਨਾਨਕ ਨੇ
ਮੈਂ ਹਾਂ ਪਾਣੀ ਮੇਰੀ, ਜੱਗ ਉੱਤੇ ਸਰਦਾਰੀ
ਪਲ਼ ਵਿੱਚ ਸਭ ਨੂੰ ਮੈਂ ਹੀ, ਹਰਿਆ ਭਰਿਆ ਕਰ ਦੇਵਾਂ
ਜਿੱਥੇ ਮੈਂ ਨਾ ਹੋਵਾਂ, ਵਿਲਕੇ ਖ਼ਲਕਤ ਸਾਰੀ।
ਮੇਰੇ ਕਰਕੇ ਸਾਰੀ ਦੁਨੀਆ ਜਿਊਂਦੀ ਵਸਦੀ ਐ
ਕਹਿੰਦੇ ਪਵਣੁ ਨੇ ਮੈਨੂੰ, ਮੇਰੀ ਸਭ ਨਾਲ ਯਾਰੀ
ਮੇਰੇ ਕਰਕੇ ਹੀ ਨੇ ਗੀਤ ਰੁਮਕਦੇ ਰੂਹਾਂ ਵਿੱਚ
ਕੁੱਲ ਕਾਇਨਾਤ ਦੇ ਉੱਤੋਂ ਮੈਂ ਜਾਵਾਂ ਬਲਿਹਾਰੀ।
ਸਾਨੂੰ ਗੰਧਲ਼ੇ ਕਰਕੇ ਦੁੱਖ ਸਹੇੜੇ ਲੋਕਾਂ ਨੇ
ਤਾਹੀਓਂ ਹਰ ਘਰ ਅੰਦਰ ਵੜ ਗਈ ਏ ਬਿਮਾਰੀ
ਦੋਵੇਂ ਹੱਥ ਜੋੜ ਕੇ, ਫ਼ੌਜੀ ਵਾਸਤੇ ਪਾਉਂਦਾ ਹੈ
ਵਕ਼ਤ ਨੇ ਹੱਥ ਨੀਂ ਆਉਣਾ, ਜੇ ਨਾ ਗੱਲ ਵਿਚਾਰੀ।
ਸੰਪਰਕ: 95011-27033