ਕਾਵਿ ਕਿਆਰੀ
ਜਦੋਂ ਸੂਰਜ ਬਰਫ਼ ਬਣਿਆ
ਮਨਮੋਹਨ ਸਿੰਘ ਦਾਊਂ
ਜਾਬਰ ਲਈ ਤਾਂ
ਸੂਰਜ ਅੱਗ ਦਾ ਗੋਲਾ ਸੀ,
ਤਪਦੀ ਤਵੀ ਦੇ ਥੱਲੇ
ਲਟ-ਲਟ ਅੱਗ ਬਾਲਣ ਦਾ ਵੇਲਾ ਸੀ,
ਸੀਸ ’ਤੇ ਕਿਰਦਾ ਰੇਤਾ
ਭੱਠੀ ਵਾਂਗੂ ਲੋਹਾ ਲਾਖਾ ਸੀ,
ਕੋਲ ਖੜੋਤੇ ਦਰਬਾਰੀ
ਹੁਕਮ ਦੇ ਬੱਧੇ
ਅੱਖੀਆਂ ਅੱਡ-ਅੱਡ
ਪਾਗਲਾਂ ਵਾਂਗੂ ਤੱਕਦੇ ਸਨ,
ਪਹਿਰੇਦਾਰਾਂ ਨੂੰ ਕਰੜਾ ਹੁਕਮ
ਬੋਲਣ ਤੋਂ ਵਰਜਦਾ ਸੀ।
ਚਾਰੇ ਪਾਸੇ ਤਪਸ਼-ਤਪਸ਼ ਦਾ ਪਹਿਰਾ ਸੀ
ਕਿੱਦਾਂ ਕੋਈ ਜਬਰ ਨੂੰ ਏਦਾਂ ਸਹਿ ਸਕਦਾ ਹੈ?
ਗੱਲ ਮੰਨਣ ਵਾਲੀ ਨਹੀਂ ਲਗਣੀ ਸੀ।
ਇੱਕ ਵੀ ਬੋਲ ਸੱਚ ਕਿਵੇਂ ਕਹਿ ਸਕਦਾ ਸੀ
ਸੱਤਾ ਦਾ ਹੰਕਾਰ ਹੀ ਏਨਾ ਭਾਰੂ ਸੀ
ਦਿਨ ਦਾ ਪਹਿਰ ਵੀ ਹੁਕਮ ਤੋਂ ਡਰਦਾ ਸੀ।
ਇੱਕੋ ਹੀ ਗੱਲ ਸਾਬਤ ਕਰਨ ਲਈ
ਦਰਦਮੰਦ ਦਰਵੇਸ਼ ਬਾਣੀ ਦੇ ਬੋਹਿਥ ਨੇ
ਸ਼ਬਦ ਦੀ ਸ਼ਕਤੀ ਦਾ ਨਿਰਣਾ
ਕਰ ਦਿਖਲਾਉਣਾ ਸੀ,
ਸੂਰਜ ਦੀ ਤਪਸ਼ ਨੂੰ
ਬਰਫ਼ ਬਣਨਾ ਸਮਝਾਉਣਾ ਸੀ,
ਅੱਗ ਦੀਆਂ ਲਾਟਾਂ ਨੂੰ
ਬਾਣੀ ਦੇ ਰਾਗਾਂ ਦੀ ਠੰਢਕ ਦੇਣੀ ਸੀ,
ਤਪਦੇ ਰੇਤੜ ਦੇ ਕਿਣਕਿਆਂ ਨੂੰ
ਅੱਖਰਾਂ ਦੀ ਮਾਲਾ ਵਿੱਚ ਪਰੋਣਾ ਸੀ
ਵਗਦੀ ਲੂ ਨੂੰ
ਕਣੀਆਂ ਦੀ ਠੰਢਕ ਦਾ ਸ਼ਬਦ ਪੜ੍ਹਾਉਣਾ ਸੀ।
ਨੇੜੇ ਖੜ੍ਹੇ ਮੁਰੀਦ ਪਿਆਰੇ
ਮੀਆਂ ਮੀਰ ਦੇ ਕਿਰਦੇ ਹੰਝੂ ਨੂੰ
ਤੇਰਾ ਭਾਣਾ ਮਿੱਠਾ ਕਹਿ ਕੇ ਚੁੱਪ ਕਰਾਉਣਾ ਸੀ,
ਮਿੱਤਰ ਦੀ ਹਮਦਰਦੀ ਨੂੰ
ਸ਼ਾਂਤ ਰਹਿਣ ਦੀ ਅਰਜੋਈ ਸੀ,
ਇਹ ਅਗੰਮੀ ਦ੍ਰਿਸ਼ ਤਾਂ ਕ੍ਰਿਸ਼ਮਾ ਬਣਨਾ ਸੀ।
ਗੁਰੂ ਦਾ ਰੁਤਬਾ, ਜਾਬਰ ਤੋਂ ਵੱਡਾ ਸੀ
ਤਖ਼ਤਾਂ ਦੀ ਤਾਕਤ ਤਾਂ
ਰੂਹਾਨੀ-ਜੋਤ ਦੇ ਅੱਗੇ ਹਰਨੀ ਸੀ।
ਸ਼ਹੀਦਾਂ ਦਾ ਸਿਰਤਾਜ
ਐਵੇਂ ਨਹੀਂ ਬਣ ਹੁੰਦਾ
ਪੰਜ ਪਾਤਸ਼ਾਹੀਆਂ ਦਾ ਪੈਂਡਾ ਤੈਅ ਕਰਕੇ
ਇੱਕ ਨੂਰ ਇਲਾਹੀ ਬੈਠਾ ਜਪ ਕਰਦਾ ਸੀ
ਸ਼ਾਂਤ ਸਮੁੰਦਰ ਜਿਸ ਦੇ ਪੈਰਾਂ ਨਾਲ ਗੱਲਾਂ ਕਰਦਾ ਸੀ
ਅੰਬਰ ’ਤੇ ਡੁਸਕਦਾ ਮੇਘਲਾ ਵੀ
ਸਭ ਕੁਝ ਤੱਕਦਾ ਛਾਵਾਂ ਕਰਦਾ ਸੀ,
ਸੀਤਲ ਪੌਣ ਚੌਰ ਕਰਨ ਲਈ ਬਿਹਬਲ
ਛਾਲੇ ਹੋਈ ਦੇਹੀ ਨੂੰ, ਬਾਣੀ ਹੀ ਪੁਲਟਸ ਕਰਦੀ ਸੀ।
ਇਹ ਭਾਣਾ ਕਰਤਾਰੀ ਸੀ
ਗੁਰੂ ਦੀ ਮਹਿਮਾ ਨਿਆਰੀ ਸੀ,
ਦੇਹੀ ’ਚੋਂ ਨੂਰ ਨੇ ਅਜੇ, ਸ਼ਬਦ-ਗੁਰੂ ਦਾ ਪੈਂਡਾ ਤੈਅ ਕਰਨਾ ਸੀ।
ਸੱਤਾ ’ਗੀਰ ਨੂੰ ਬਹੁਤ ਘੁਮੰਡਣਾ ਸੀ
ਦੇਹੀ ਦੀ ਚੀਕ ਸੁਣ, ਸਭ ਭੈਅ ਦੇ ਨਾਲ ਮਰ ਜਾਵਣਗੇ,
ਇਹ ਤਾਂ ਜਾਬਰ ਦਾ ਭਰਮ ਭੁਲੇਖਾ ਸੀ।
ਉਹ ਕੀ ਜਾਨਣ, ਲੋਭੀ ਪਾਪੀ
ਕਿ ਸ਼ਬਦ ਗੱਦੀ ਦਾ ਰੂਪ ਵੀ ਧਾਰਨਗੇ
ਤੇ ਸਮਿਆਂ ਨੂੰ ਚਾਨਣ ਵੰਡਦੇ ਜਾਵਣਗੇ,
ਮੀਰੀ-ਪੀਰੀ ਦਾ ਯੁੱਗ ਵੀ ਆਵੇਗਾ
ਦਸਵਾਂ ਨਾਨਕ ਪੰਥ ਸਜਾਵੇਗਾ
ਤੇ ਤਖ਼ਤਾਂ ਦੇ ਪੌੜ ਹਿਲਾਵੇਗਾ!!
ਇਹ ਕੇਹਾ ਸਮੇਂ ਦਾ ਦੰਭੀ ਭਾਣਾ ਸੀ
ਇੱਕ ਪਾਸੇ ‘ਸੁਖਮਨੀ’ ਦਾ ਬਾਣੀਕਾਰ ਸੀ
ਦੂਜੇ ਪਾਸੇ ਸੱਤਾ ਦੇ ਹੱਥ ਤਲਵਾਰ ਸੀ,
ਤਖ਼ਤ ’ਤੇ ਬੈਠੇ ਜਾਬਰ ਦੀ ਆਖ਼ਰ ਹਾਰ ਹੋਈ,
ਤਵੀ ’ਤੇ ਬੈਠੇ ਗੁਰੂ ਦੀ, ਜੈ-ਜੈ ਕਾਰ ਹੋਈ!!
ਸੰਪਰਕ: 98151-23900
ਦਹਿਸ਼ਤ...
ਤ੍ਰੈਲੋਚਨ ਲੋਚੀ
ਜੰਗ ਦੇ...
ਦਿਨਾਂ ਵਿੱਚ
ਮਨਾਂ ਵਿੱਚ
ਸੋਚਾਂ ਵਿੱਚ
ਪੈ ਜਾਂਦੀ ਹੈ ਦਹਿਸ਼ਤ
ਮਨ ਵਿੱਚ
ਨਹੀਂ ਆਉਂਦਾ
ਕੋਈ ਕਵਿਤਾ ਵਰਗਾ ਸੁੱਚਾ ਖ਼ਿਆਲ
ਸੋਚਾਂ ਨਹੀਂ ਭਰ ਸਕਦੀਆਂ
ਲੰਮੀ ਪਰਵਾਜ਼
ਮਾਵਾਂ ਕੋਈ
ਗੀਤ ਨਹੀਂ ਛੋਂਹਦੀਆਂ
ਬੱਚੇ ਨੂੰ
ਲੋਰੀ ਦੇਣ ਤੋਂ ਵੀ ਡਰਦੀਆਂ
ਕਿੰਨਾ ਕੁਝ
ਮਰ ਮੁੱਕ ਜਾਂਦਾ
ਜਿਉਂਦੇ ਜਾਗਦੇ
ਬੰਦੇ ਦੇ ਅੰਦਰ
ਜੰਗ ਦੇ ਦਿਨਾਂ ਵਿੱਚ...
ਸੰਪਰਕ: 98142-53315
ਬੋਲ ਅਮਨ ਦੀਏ ਘੁੱਗੀਏ...
ਅਮਰਪ੍ਰੀਤ ਸਿੰਘ ਝੀਤਾ
ਬੋਲ ਅਮਨ ਦੀਏ ਘੁੱਗੀਏ ਹੋ ਕੇ ਬੇਪਰਵਾਹ।
ਮੁਲਕਾਂ ਨੂੰ ਕਰ ਦਿੰਦੀਆਂ ਨੇ ਜੰਗਾਂ ਬਹੁਤ ਤਬਾਹ।
ਅੰਝਾਣੇ ਬਾਲ ਤਦ ਰੁਲਣਗੇ ਹੋ ਮਾਵਾਂ ਤੋਂ ਦੂਰ,
ਕਿਹੜਾ ਆਣ ਕਹੇਗਾ ਰੋਟੀ ਟੁੱਕੜ ਤੁਸੀਂ ਲਉ ਖਾ।
ਖ਼ਲਕਤ ਹੈ ਫਿਰ ਮਰਦੀ ਤੇ ਮੱਚ ਜਾਂਦੀ ਹਾਹਾਕਾਰ,
ਦੇਖ ਨਤੀਜਾ ਜੰਗਾਂ ਦਾ ਹਰਿਕ ਰਿਹਾ ਹੈ ਪਛਤਾਅ।
ਦੋ ਮੁਲਕਾਂ ਦੀ ਜੰਗ ’ਚ ਕੋਈ ਤੀਜਾ ਲੈਂਦਾ ਲਾਭ,
ਹਥਿਆਰ ਵਿਕਣਗੇ ਤਦ ਹੀ ਜਦ ਜੰਗਾਂ ਹੋਣ ਅਥਾਹ।
ਦੋਹੀਂ ਪਾਸੀਂ ਡਟ ਖੜ੍ਹਦੇ ਨੇ ਫ਼ੌਜੀ ਵੀਰ ਜਵਾਨ,
ਵਾਰਨ ਜਾਨਾਂ ਦੇਸ ਲਈ ਛੱਡ ਅਪਣੀ ਰਤਾ ਪਰਵਾਹ।
ਢਾਈ ਅੱਖਰਾਂ ਦਾ ਸ਼ਬਦ ਹੈ ਜਿਸ ਨੂੰ ਆਖਾਂ ਜੰਗ,
ਢਾਈ ਪੀੜ੍ਹੀਆਂ ਜਾਂਦੀਆਂ ਸਿਸਕ ਸਿਸਕ ਕੁਮਲਾ।
ਗ਼ੁਰਬਤ ਤੇ ਬਿਮਾਰੀਆਂ ਹਨ ਜੰਗਾਂ ਦਾ ਪਰਿਣਾਮ,
‘ਅਮਰ’ ਕਹੇ ਕੋਈ ਲੱਭ ਲਉ ਸੁਖ ਸ਼ਾਂਤੀ ਵਾਲਾ ਰਾਹ।
ਸੰਪਰਕ: 97791-91447
ਬਲੈਕਆਊਟ
ਰੰਜੀਵਨ ਸਿੰਘ
ਬਲੈਕਆਊਟ ਹੁੰਦਿਆਂ ਹੀ
ਡੁੱਬ ਗਿਆ ਵਿੱਚ ਹਨੇਰੇ
ਗਰਾਂ ਮੇਰਾ/ ਪਸਰ ਗਈ ਚੁੱਪ/ ਚਾਰ-ਚੁਫ਼ੇਰੇ।
ਕੁਝ ਜੁਗਨੂੰ ਪਰ
ਟਿਮਟਿਮਾਉਂਦੇ ਰਹੇੇ/ ਟਿਮਟਿਮਾਉਂਦੇ ਰਹੇ
ਚੰਨ-ਚਾਨਣੀਆਂ
ਰਿਸ਼ਮਾਂ ਦੇ ਸਾਏ।
ਸੰਪਰਕ: 98150-68816
ਸੰਗ ਸਲੀਬਾਂ ਸੀ ਸਫ਼ਰ
ਰਘੁਵੀਰ ਸਿੰਘ ਕਲੋਆ
ਡਗਮਗਾਉਂਦੀ ਸੀ ਡਗਰ, ਤੁਰਦਾ ਰਿਹਾ,
ਸੰਗ ਸਲੀਬਾਂ ਸੀ ਸਫ਼ਰ, ਤੁਰਦਾ ਰਿਹਾ।
ਨੰਗੇ ਸਨ ਪੈਰ ਤੇ ਸੂਲਾਂ ਹਰ ਤਰਫ਼,
ਕਦਮ ਰੁਕੇ ਨਾ ਮਗਰ, ਤੁਰਦਾ ਰਿਹਾ।
ਗਰਦਿਸ਼ ਦੂਰ ਤੀਕ, ਨੈਣੀਂ ਨੀਰ ਸੀ,
ਆਇਆ ਨਾ ਕੁਝ ਨਜ਼ਰ, ਤੁਰਦਾ ਰਿਹਾ।
’ਕੱਲਿਆਂ ਦਾ ਕੀ ਕਾਫ਼ਲਾ, ਕੋਈ ਕਿਉਂ ਕਹੇ,
ਖ਼ਿਆਲੀਂ ਲੈ ਕੇ ਹਮਸਫ਼ਰ, ਤੁਰਦਾ ਰਿਹਾ।
ਉਮਰ ਗਾਲੀ ਸੀ ਮੈਂ ਜਿਸ ਦੇ ਵਾਸਤੇ,
ਮਿਲਿਆ ਨਾ ਉਹ ਬੇਕਦਰ, ਤੁਰਦਾ ਰਿਹਾ।
ਸੰਪਰਕ: 98550-24495