ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਵਿ ਕਿਆਰੀ

04:03 AM May 11, 2025 IST
featuredImage featuredImage

’ਨ੍ਹੇਰੀਆਂ ਸੁਰੰਗਾਂ

ਕੇਵਲ ਸਿੰਘ ਰੱਤੜਾ

Advertisement

ਬੰਦੇ ਦੀ ਵੀ ਜ਼ਾਤ ਕੇਹੀ ਹੈ,
ਪਰਵਾਸੀ ਅਗਿਆਤ ਜੇਹੀ ਹੈ।

ਕਿੱਥੋਂ ਆਇਆ, ਕਿੱਧਰ ਜਾਣਾ,
ਉਲਝਣ ਵੀ ਦਿਨ ਰਾਤ ਜੇਹੀ ਹੈ।

Advertisement

ਤੇਰੀ ਦਿੱਤੀ ਤਿਊੜੀ ਪ੍ਰੇਮ ’ਚ,
ਮੇਰੇ ਲਈ ਸੌਗਾਤ ਜੇਹੀ ਹੈ।

ਸੁੱਚੀ ਕਿਰਤ ਦੀ ਖੁਸ਼ਬੂ ਤਾਜ਼ੀ,
ਪੱਕੀ ਜਿਉਂ ਇਸਪਾਤ ਜੇਹੀ ਹੈ।

ਚੋਰੀ ਗਿਆਨ ਤੇ ਡਿਗਰੀ ਫੋਕੀ,
ਅੱਸੂ ਦੀ ਬਰਸਾਤ ਜੇਹੀ ਹੈ।

ਤੇਰੀ ਛੋਹ ’ਚ ਲੋਰ ਤੇ ਘੂਕੀ,
ਮੇਰੀ ਮਾਂ ਦੀ ਬਾਤ ਜੇਹੀ ਹੈ।

ਫੇਸਬੁੱਕ ਦੀ ਯਾਰੀ ਤਾਂ ਬੱਸ,
ਰੇਤੇ ’ਤੇ ਲਿਖਾਤ ਜੇਹੀ ਹੈ।

ਬਿਨਾਂ ਚੇਤਨਾ, ਸੋਝੀ ਨਿਰੀਉਂ,
ਭੀੜ ਹੁੰਦੀ ਪਗਲਾਤ ਜੇਹੀ ਹੈ।

ਬੰਦੇ ਵਿੱਚ ਕਈ ’ਨ੍ਹੇਰੀਆਂ ਸੁਰੰਗਾਂ,
ਜੋ ਦਿਸਦਾ ਇੱਕ ਝਾਤ ਜੇਹੀ ਹੈ।

ਉਮਰਾਂ ਤੀਕਰ ਖ਼ੁਦ ਨਾ ਜਾਵੇ,
ਹਉਮੈਂ ਬੁਰੇ ਹਾਲਾਤ ਜੇਹੀ ਹੈ।

ਯਾਦ ਯਾਰਾਂ ਦੀ ਸਾਂਭੀ ਕਿਉਂਕਿ,
ਫੱਟੀ ਕਲਮ ਦਵਾਤ ਜੇਹੀ ਹੈ।

ਵਿੱਚ ਪਰਦੇਸਾਂ ਦਿਸੇ ਅਮੀਰੀ,
ਪਰ ਲਗਦੀ ਖ਼ੈਰਾਤ ਜੇਹੀ ਹੈ।

ਜਿੰਨੀ ਮਰਜ਼ੀ ਕਰੇਂ ਚਲਾਕੀ,
ਦਿਸਣੀ ਤਾਂ ਔਕਾਤ ਜੇਹੀ ਹੈ।

ਤੇਰਾ ਬੀਜਿਆ ਤੂੰ ਹੀ ਵੱਢਣਾ,
ਸਿੱਧੀ ਸਾਦੀ ਬਾਤ ਏਹੀ ਹੈ।

ਮੰਨਣਾ ਤੇ ਫਿਰ ਮੁੱਕਰ ਜਾਣਾ,
ਨੀਤੀ ਆਤਮਘਾਤ ਜੇਹੀ ਹੈ।

ਛੱਡ ਦੇ ਰੁਕਣਾ, ਰੋਣਾ ‘ਰੱਤੜਾ’,
ਜ਼ਿੰਦਗੀ ਯਾਤਾਯਾਤ ਜੇਹੀ ਹੈ।
ਸੰਪਰਕ: 83838-30599

ਮਾਂ ਤੇ ਰੰਗਾਂ ਵਰਗੀ ਧੀ

ਜਗਵੀਰ ਕੌਰ

ਉਹ ਮੇਰੇ ਕੋਲ ਬੈਠੀ
ਨਿੱਕੇ-ਨਿੱਕੇ ਹੱਥਾਂ ਨਾਲ
ਤਸਵੀਰਾਂ ਰੰਗਦੀ,
ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ
ਤੋਤਲੇ ਬੋਲ ਬੋਲੀ ਜਾਂਦੀ ਬੱਸ ਬੋਲੀ ਜਾਂਦੀ,
ਅੰਮੀ ਮੈਂ ਐਵੇਂ ਈ ਰੰਗ ਭਲਦੀ ਆਂ
ਤਾਂਲਿਆਂ ’ਚ ਐਵੇਂ ਈ ਰੰਗ ਭਲਦੀ ਆਂ,
ਤੇ...
ਮੈਂ ਮੁਸਕਰਾ ਕੇ ਉਸ ਵੱਲ ਤੱਕਦੀ ਆਂ,
ਸ਼ਾਲਾ...
ਤੂੰ ਹਰ ਤਸਵੀਰ
ਆਪਣੀ ਮਰਜ਼ੀ ਨਾਲ ਰੰਗੇਂ,
ਜ਼ਿੰਦਗੀ ਦਾ ਹਰ ਵਰਕਾ
ਆਪਣੇ ਹੀ ਰੰਗ ’ਚ ਰੰਗੇਂ,
ਤੇ ...
ਕੋਈ ਵੀ ਰੰਗ
ਤੇਰੀਆਂ ਅੱਖਾਂ ’ਚ ਨਾ ਰੜਕੇ,
ਤੇਰੇ ਸੋਹਣੇ-ਮਲੂਕ ਪੈਰਾਂ ’ਚ
ਕੰਡੇ ਬਣ-ਬਣ ਨਾ ਖੁੱਭੇ,
ਸ਼ਾਲਾ...
ਆਪਾਂ ਐਵੇਂ ਈ ਬੈਠ
ਨਿੱਕੀਆਂ-ਨਿੱਕੀਆਂ ਗੱਲਾਂ ਕਰੀਏ
ਤਸਵੀਰਾਂ ਰੰਗੀਏ
ਤੇ ਗੂੜ੍ਹੀਆਂ ਸਹੇਲੀਆਂ ਬਣ
ਇੰਝ ਫੱਬੀਏ
ਜਿਉਂ...
ਕੋਈ ਤਸਵੀਰ ਤੇ ਉਸ ਵਿਚਲੇ ਰੰਗ।
ਸੰਪਰਕ: 76963-00539

Advertisement