ਕਾਵਿ ਕਿਆਰੀ
ਪੱਥਰਾਂ ਦੇ ਸ਼ਹਿਰ ਅੰਦਰ
ਸਰਿਤਾ ਤੇਜੀ
ਭਾਲਦਾ ਅਹਿਸਾਸ ਨਿੱਘੇ ਪੱਥਰਾਂ ਦੇ ਸ਼ਹਿਰ ਅੰਦਰ।
ਭਟਕਣਾ ਦਾ ਪਾ ਲਿਆ ਵਰ ਮੈਂ ਨਗਰ ਦੀ ਠਹਿਰ ਅੰਦਰ।
ਪਿਆਰ ਦੇ ਸਰਵਰ ’ਚ ਤਾਰੀ ਕਿੰਜ ਲਾ ਸਕਦਾ ਭਲਾ ਉਹ
ਜੋ ਭਰੀ ਬੈਠਾ ਹੈ ਐਨਾ ਨਫ਼ਰਤਾਂ ਦਾ ਜ਼ਹਿਰ ਅੰਦਰ।
ਜਿਸ ਘੜੀ ਬੇਦਰਦ ਸਾਥੀ ਟੁਰ ਗਿਆ ਪੱਲਾ ਛੁਡਾ ਕੇ
ਮਨ ਮੇਰਾ ਪਾਗਲ ਜਿਹਾ ਹਾਲੀ ਖੜ੍ਹਾ ਉਸ ਪਹਿਰ ਅੰਦਰ।
ਮਹਿਰਮਾ ਕਿੰਨਾ ਵੀ ਤੂੰ ਹੈਂ ਦੂਰ ਹੋ ਬੈਠਾ ਮੇਰੇ ਤੋਂ
ਅਕਸ ਤੇਰਾ ਵੇਖਦੀ ਹਰ ਮਨ ’ਚ ਉੱਠਦੀ ਲਹਿਰ ਅੰਦਰ।
ਕੰਢਿਆਂ ਦੀ ਹੱਦ ਵਿੱਚ ਹੀ ਸ਼ੋਭਦੀ ਹਰ ਇੱਕ ਨਦੀ ਜਿਉਂ
ਮੇਲ ਕਾਫ਼ੀਆ ਗ਼ਜ਼ਲ ਇਉਂ ਕਹਿ ਹਮੇਸ਼ਾ ਬਹਿਰ ਅੰਦਰ।
ਇਸ਼ਕ ਨੇ ਹਾਲੀ ਬੜੇ ਗ਼ਮ ਖੇੜਿਆਂ ਦੇ ਝੱਲਣੇ ਨੇ
ਤਾਕ ਵਿੱਚ ਬੈਠੇ ਕਈ ਕੈਦੋਂ ਅਜੇ ਵੀ ਸ਼ਹਿਰ ਅੰਦਰ।
ਦੂਸਰੇ ਦੀ ਪੀੜ ਤੱਕ ਇਉਂ ਨੈਣ ਮੇਰੇ ਬਰਸਦੇ ਨੇ
ਜਿਸ ਤਰ੍ਹਾਂ ਚੜ੍ਹ ਆਂਵਦਾ ਪਾਣੀ ਹੜ੍ਹਾਂ ਦਾ ਨਹਿਰ ਅੰਦਰ।
ਜ਼ਿੰਦਗੀ ਦੇ ਸੁੱਖ ਸਾਰੇ ਦੌੜ ਜਾਂਦੇ ਦੂਰ ਉਸ ਤੋਂ
ਜੋ ਸਦਾ ਆਪਾ ਲੁਕਾਵੇ ਝੂਠ ਵਾਲੀ ਗਹਿਰ ਅੰਦਰ।
ਜ਼ੁਲਮ ਦੀ ਦੁਨੀਆ ’ਚ ਬਾਕੀ ਕਦ ਰਿਹਾ ਇਨਸਾਫ਼ ‘ਤੇਜੀ’
ਜੀ ਰਿਹਾ ਹੈ ਆਦਮੀ ਬੇਵੱਸ ਜਿਹਾ ਇਸ ਕਹਿਰ ਅੰਦਰ।
ਸੰਪਰਕ: 96468-48766
ਕਦੋਂ ਕੋਈ...
ਮਨਜੀਤ ਪਾਲ ਸਿੰਘ
ਕਦੋਂ ਭਲਾ ਕਰਦੈ ਕੋਈ, ਸਫ਼ਰ ਇਸ ਤਰ੍ਹਾਂ ਮਾਰੂਥਲਾਂ ਦਾ।
ਪਿਆਸ ਬੰਨ੍ਹ ਪੱਲੇ ਤੁਰੇ, ਕਰੇ ਇੰਤਜ਼ਾਰ ਮਿਰਗ-ਜਲਾਂ ਦਾ।
ਇਹ ਕੇਹੇੇ ਵੇਗ ਹੁੰਦੇ ਨੇ, ਜੋ ਰਹਿੰਦੇ ਹਰ ਰਫ਼ਤਾਰ ਤੋਂ ਵਿਰਵੇ
ਹੁੰਦੇ ਜਾਂਬਾਜ਼ ਨੇ ਅਜਿਹੇ ਵੀ, ਕਰਨ ਇਸਤਕਬਾਲ ਦਲਦਲਾਂ ਦਾ।
ਰਲਗਡ ਹੋ ਗਈਐਂ ਜੇ ਧੁਨੀਆਂ, ਕਰਾਮਾਤ ਹੈ ਫ਼ਿਜ਼ਾਵਾਂ ਦੀ
ਗੁਣਗੁਣਾ ਸਕਦੈ ਬਾਜ਼ ਵੀ, ਕਦੇ ਨਗ਼ਮਾਂ ਬੁਲਬੁਲਾਂ ਦਾ।
ਇਬਾਦਤ ਦੇ ਸੀਸ ਨੂੰ ਭਲਾ, ਕੋਈ ਧੜ ਤੋਂ ਉਤਾਰੇ ਕਿਸ ਤਰ੍ਹਾਂ
ਦੇਖਿਐ ਤਾਰੀਖ਼ ਨੇ ਸਦਾ, ਅੰਜਾਮ ਬੁਜ਼ਦਿਲ ਮਕਤਲਾਂ ਦਾ।
ਮਿਲ ਜਾਂਦੇ ਨੇ ਰੇਤ ਵਿੱਚ, ਕਿੰਨੇ ਗੁੰਬਦ ਤੇ ਉੱਚੇ ਮੀਨਾਰ
ਰਹਿੰਦੈ ਲਿਸ਼ਕਦਾ ਇਤਿਹਾਸ, ਕਈ ਬੂਹਿਆਂ ਤੇ ਸਰਦਲਾਂ ਦਾ।
ਸੰਪਰਕ: 96467-13135
ਵੰਗਾਰ
ਜਸਬੀਰ ਸਿੰਘ ਚੀਮਾ
ਜੀਅ ਕਰਦੈ ਕਿ ਵਾਂਗ ਸ਼ਹੀਦਾਂ ਸੂਲ੍ਹੀ ਚੁੰਮ ਲਵਾਂ ਮੈਂ,
ਖਾਂਦੀ ਨਹੀਂ ਹੈਸੀਅਤ ਮੇਰੀ ਜਜ਼ਬਾਤਾਂ ਨਾਲ ਮੇਲ।
ਕੱਲ ਰਾਤੀਂ ਮਾਵਾਂ ਦੇ ਗੱਭਰੂ ਕਤਲ ਕਰਾਏ ਗਏ,
ਸਰਘੀ ਵੇਲੇ, ਸਾਵੇ ਘਾਹ ’ਤੇ, ਫੁੱਟ-ਫੁੱਟ ਰੋਈ ਤਰੇਲ।
ਮਹਿਕ ਸੋਚੇ ਕਿ ਕਲੀਆਂ ਵਿੱਚੋਂ ਬਾਗ਼ੀ ਹੋ ਨਿਕਲਾਂ
ਫੁੱਲ ਉਡੀਕਣ ਰੁੱਤਾਂ ਦੇ ਸੰਗ ਧੁੱਪਾਂ ਨਾਲ ਸੁਮੇਲ।
ਸਿਤਮ ਦੇ ਬੱਦਲਾਂ ਸੀਨਿਉਂ, ਮਿੱਥ ਕੇ ਲੰਘੇ ਤੀਰ
ਖ਼ਤਮ ਕਰਾ ਗਏ ਸਦਾ ਲਈ, ਵਰ੍ਹਦੇ ਕਹਿਰ ਦਾ ਖੇਲ।
ਰਾਜ ਹੈ, ਸੰਗ ਜ਼ੁਲਮ ਹੈ, ਤੇ ਇੱਕ ਇਕੱਲਾ ਹੌਸਲਾ
ਮਰਦਾ ਮਰਦਾ ਪਾ ਗਿਆ ਦੋਹਾਂ ਨੱਕ ਨਕੇਲ।
ਜੰਗ, ਜਿੱਤਣ ਦਾ ਵਿਸ਼ਾ ਨਹੀਂ, ਹਾਰ ਨਹੀਂ ਮਜ਼ਮੂਨ
ਜੰਗ ਨਾ ਕਰਦੀ ਪਾਸ ਕਿਸੇ ਨੂੰ, ਜੰਗ ਨਾ ਕਰਦੀ ਫੇਲ।
ਜੰਗ, ਜੂਝਣ ਦਾ ਚਾਉ ਹੈ, ਰਣ ਹੈ ਸਿਰਫ਼ ਸਿਧਾਂਤ
ਜੋ ਵੀ ਭਾਰੂ ਪੈ ਗਿਆ, ਉਸ ਦੇ ਹੱਕ ਵਿੱਚ ਖੇਲ।
ਸੱਚ ਦੇ ਦੀਵੇ ਬਾਲਣੇ, ਏਨੇ ਨਹੀਂ ਆਸਾਨ
ਜੋਤ ਵੀ ਜਗਦੇ ਰਹਿਣ ਲਈ ਰੱਤ ਦਾ ਮੰਗੇ ਤੇਲ।
ਰਣ ਵਿੱਚ ਯੋਧੇ ਬੁੱਕਦੇ, ਹਿੱਕਾਂ ’ਚ ਖੰਜਰ ਟੁੱਟਦੇ
ਜਿੱਤ ਦੇ ਝੰਡੇ ਗੱਡਦੇ, ਰਲ ਜੱਸੇ ਅਤੇ ਬਘੇਲ।