ਕਾਵਿ ਕਿਆਰੀ
ਆਜ਼ਾਦੀ ਦਾ ਭਗਤ
ਰਵਿੰਦਰ ਧਨੇਠਾ
ਭਗਤ ਸਿੰਘ ਮਹਿਜ਼ ਤਵਾਰੀਖ਼ ਨਹੀਂ
ਆਜ਼ਾਦੀ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ
ਭਗਤ ਸਿੰਘ ਨਾਮ ਦਾ ਹੀ ਭਗਤ ਨਹੀਂ
ਭਗਤ ਸਿੰਘ ਆਜ਼ਾਦੀ ਦਾ ਭਗਤ ਹੈ
ਭਗਤ ਸਿੰਘ ਲਈ ਆਜ਼ਾਦੀ
ਅੰਗਰੇਜ਼ਾਂ ਤੀਕ ਸੀਮਤ ਨਹੀਂ
ਉਸ ਨਿਜ਼ਾਮ ਤੋਂ ਆਜ਼ਾਦੀ ਹੈ
ਜਿਸ ਨੇ ਸਦੀਆਂ ਤੋਂ ਮਨੁੱਖ ਨੂੰ
ਪਸ਼ੂਆਂ ਵਾਂਗ ਬੰਨ੍ਹ ਕੇ
ਲਿਤਾੜਿਆ ਕੁੱਟਿਆ ਤੇ ਗ਼ੁਲਾਮ ਬਣਾਇਆ
ਭਗਤ ਸਿੰਘ ਉਸ ਆਜ਼ਾਦੀ ਦਾ ਭਗਤ ਹੈ
ਜਿੱਥੇ ਦਿਮਾਗ਼ ਦੂਰ ਤੀਕ ਪਰਵਾਜ਼ ਭਰ ਸਕਣ
ਜਿੱਥੇ ਬੰਦਸ਼ਾਂ ਦਾ ਰਾਜ ਨਾ ਹੋਵੇ
ਦੀਵਿਆਂ ਦਾ ਚਾਨਣ ਹੀ ਚਾਨਣ ਹੋਵੇ
ਜਿੱਥੇ ਸੱਚ ਲਈ ਕਾਲੇਪਾਣੀਆਂ ਦੀ ਸਜ਼ਾ ਨਹੀਂ
ਜਿੱਥੇ ਸਭ ਲਈ ਕਿਤਾਬਾਂ ਹੋਵਣ
ਜਿੱਥੇ ਹਰ ਮਨੁੱਖ ਦਾ ਰੌਸ਼ਨ ਦਿਮਾਗ਼ ਹੋਵੇ
ਜਿੱਥੇ ਕੋਰਟ-ਕਚਹਿਰੀਆਂ, ਕਾਲੇ ਕਾਨੂੰਨ, ਜੇਲ੍ਹਾਂ ਨਹੀਂ
ਲੋਕਾਂ ਲਈ ਸਕੂਲ, ਕਾਲਜ, ਲਾਇਬ੍ਰੇਰੀਆਂ ਹੋਣ
ਭਗਤ ਸਿੰਘ ਮਹਿਜ਼ ਤਵਾਰੀਖ਼ ਨਹੀਂ
ਇੱਕ ਸੋਚ ਹੈ
ਇੱਕ ਰਾਹ ਹੈ
ਜੋ ਚਾਹੁੰਦਾ ਹੈ ਫਿਰ ਕਦੇ
ਇਸ ਧਰਤੀ ’ਤੇ ਲੋਕ ਗ਼ੁਲਾਮ ਨਾ ਹੋਣ
ਜੋ ਚੁੱਪ-ਚੁਪੀਤੇ ਸਭ ਸਵੀਕਾਰ ਲੈਣ
ਜੋ ਸਵਾਲ ਹੀ ਨਾ ਕਰਨ...
ਕਿਤਾਬਾਂ ਹੀ ਨਾ ਪੜ੍ਹਨ
ਭਗਤ ਸਿੰਘ
ਹਰ ਤਰ੍ਹਾਂ ਦੇ ਡਰ ਭੈਅ ਜਬਰ ਅਨਿਆਂ ਉੱਪਰ
ਬਹਾਦਰ ਸੂਰਮੇ ਦੀ ਖਿੱਚੀ ਤਰਕ ਦੀ ਲਕੀਰ ਹੈ
ਜਿਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ
ਪੰਜਾਬ ਦਾ ਇਹ ਜਾਇਆ
ਅੱਜ ਵੀ ਸਮੁੱਚੀ ਦੁਨੀਆ ਲਈ
ਹਨੇਰੇ ਵਿਰੁੱਧ ਚਮਕਦਾ ਸੂਰਜ ਹੈ
ਸੰਪਰਕ: 97799-34404
ਸੁਣ ਭਗਤ ਸਿੰਘ ਸਰਦਾਰ
ਜਤਿੰਦਰ ਸਿੰਘ ‘ਸੂਫੀ’ ਪਮਾਲ
ਸੁਣ ਭਗਤ ਸਿੰਘ ਸਰਦਾਰ, ਕਦੇ ਸਤਲੁਜ ਕੰਢਿਉਂ ਵੇਖ।
ਤੇਰੇ ਸਿਰਜੇ ਭਾਰਤ ਦੇਸ਼ ਦੇ, ਕਿਵੇਂ ਰੁਲਦੇ ਪਏ ਨੇ ਲੇਖ।
ਖੰਭ ਲਾ ਕੇ ਨੇ ਉੱਡ ਗਏ, ਸੱਚ, ਧਰਮ ਤੇ ਇਮਾਨ।
ਰੰਗ ਗਿਰਗਿਟ ਵਾਂਗੂ ਬਦਲਦੇ, ਨਿੱਤ ਸਿਆਸਤਦਾਨ।
ਤੇਰੇ ਇਨਕਲਾਬੀ ਨਾਹਰਿਆਂ ਨੂੰ, ਦਿੱਤਾ ਸਭ ਵਿਸਾਰ।
ਲੀਡਰ ਪਾਉਂਦੇ ਵੰਡੀਆਂ, ਨਾ ਦਿਲਾਂ ’ਚ ਦੇਸ਼ ਪਿਆਰ।
ਆਜ਼ਾਦੀ ਮਿਲਿਆਂ ਦੇਸ਼ ਨੂੰ, ਹੋ ਗਏ ਸਤੱਤਰ ਸਾਲ।
ਇੱਥੇ ਲੁੱਟ ਮਚਾਈ ਭਾਗੋਆਂ, ਲਾਲੋ ਦੇ ਮੰਦੜੇ ਹਾਲ।
ਸੱਜਣ ਸੀ ਰਾਤੀਂ ਠੱਗਦਾ, ਹੁਣ ਹੁੰਦੀ ਦਿਨੇ ਲੁੱਟ ਮਾਰ।
ਧੀਆਂ-ਭੈਣਾਂ ਦੀਆਂ ਇੱਜ਼ਤਾਂ, ਰੁਲਦੀਆਂ ਸ਼ਰੇ ਬਾਜ਼ਾਰ।
ਸੰਤਾਲੀ ਦੇ ਦੰਗਿਆਂ, ਸਾਡਾ ਦਿੱਤਾ ਸੀ ਰੋਲ ਪੰਜਾਬ।
ਸਤਲੁਜ ਬਿਆਸ ਤੋਂ ਵਿਛੜੇ, ਜੇਹਲਮ ਰਾਵੀ ਚਨਾਬ।
ਭਗਤ ਸਿੰਘ ਤੇਰੀ ਸੋਚ ’ਤੇ, ਲੱਗੇ ਡਾਕੇ ਪੈਣ।
ਸ਼ਹੀਦ ਨਾ ਤੈਨੂੰ ਮੰਨਦੇ, ਤੇ ਅਤਿਵਾਦੀ ਤੈਨੂੰ ਕਹਿਣ।
ਤੇਈ ਮਾਰਚ ਉੱਨੀ ਸੌ ਇਕੱਤੀ, ਇਨਕਲਾਬ ਦਾ ਦੇ ਪੈਗਾਮ।
ਰਾਜਗੁਰੂ, ਸੁਖਦੇਵ ਦੇ ਸੰਗ, ਤੂੰ ਪੀ ਲਿਆ ਸ਼ਹੀਦੀ ਜਾਮ।
ਨਾ ਜੰਮਿਆ ਨਾ ਜੰਮਣਾ, ਕੋਈ ਭਗਤ ਸਿੰਘ ਸਰਦਾਰ।
ਸਤਿਕਾਰ ਉਸ ਦਾ ਰਹਿ ਗਿਆ, ਕੇਵਲ ਫੁੱਲਾਂ ਦਾ ਹਾਰ।
ਦੇਸ਼ ਦੇ ਲੋਟੂ ਲੀਡਰੋ, ਸੋਚੋ ਕਰਦੇ ਹੋ ਕੀ?
ਜੋ ਆਜ਼ਾਦੀ ਮਾਣਦੇ, ਉਹ ਦੇਣ ਸ਼ਹੀਦਾਂ ਦੀ।
ਕਹੇ ‘ਸੂਫੀ’ ਪਿੰਡ ਪਮਾਲ ਦਾ, ਕਰੋ ਸ਼ਹੀਦਾਂ ਦਾ ਸਤਿਕਾਰ।
ਭਗਤ ਸਿੰਘ ਦੀ ਸੋਚ ਦੇ, ਆਉ ਬਣੀਏ ਪਹਿਰੇਦਾਰ।
ਸੰਪਰਕ: 98156-73477