ਕਾਵਿ ਕਿਆਰੀ
ਦੋਹੇ
ਨਵਰਾਹੀ ਘੁਗਿਆਣਵੀ
ਮਤਲਬ ਦੀਆਂ ਸਕੀਰੀਆਂ, ਗਰਜ਼ਾਂ ਭਰੇ ਸਬੰਧ।
ਲੀਹੋਂ ਲੱਥਾ ਜਾਪਦਾ, ਸਾਰਾ ਹੀ ਪ੍ਰਬੰਧ।
ਡੀਂਗਾਂ ਮਾਰਨ ਬੇਸੁਰੇ, ਕੌਣ ਕਿਸੇ ਦਾ ਮਿੱਤ?
ਸਹਿ ਨਾ ਸਕਣ ਸ਼ਰੀਕ ਨੂੰ, ਕਰ ਦਿੰਦੇ ਨੇ ਚਿੱਤ।
ਹੇਰਾਫੇਰੀ ਕਰਨ ਦਾ, ਆ ਗਿਆ ਐਸਾ ਚੱਜ।
ਧਨ ਜੋੜਨ ਦੀ ਲਾਲਸਾ, ਕਿਤੇ ਨਾ ਆਉਂਦਾ ਰੱਜ।
ਸ਼ਰਮ ਨਾ ਭੈਣ ਭਰਾ ਦੀ, ਨਾ ਵੱਡਿਆਂ ਦਾ ਡਰ।
ਤਾਂ ਹੀ ਝਗੜੇ ਵਧ ਰਹੇ, ਬੇਚੈਨੀ ਘਰ ਘਰ।
ਆਗੂ ਲਾਰੇ ਲਾਉਣ ਵਿੱਚ, ਹੋ ਗਏ ਨੇ ਪਰਬੀਨ।
ਉਨ੍ਹਾਂ ਦੀਆਂ ਵਧੀਕੀਆਂ, ਸਹਿਣ ਪਏ ਮਸਕੀਨ।
ਸਿੱਧੀ ਸਾਦੀ ਜ਼ਿੰਦਗੀ, ਨਜ਼ਰੀਂ ਨਾ ਆਵੇ।
ਹਰ ਕੋਈ ਪੂਰਾ ਜ਼ੋਰ ਲਾ, ਪਿਆ ਟੌਹਰ ਵਿਖਾਵੇ।
ਦੂਸਰਿਆਂ ਨੂੰ ਡੇਗਣਾ, ਖ਼ੁਦ ਵਧਣਾ ਅੱਗੇ।
ਕੋਈ ਕਿਸੇ ਦੇ, ਜ਼ਰਾ ਵੀ, ਆਖੇ ਨਾ ਲੱਗੇ।
ਆਪਾ ਧਾਪੀ ਪੈ ਗਈ, ਸਹਿਯੋਗ ਨਾ ਦਿੱਸੇ।
ਤਾਂ ਹੀ ਆਵਣ ਤਲਖ਼ੀਆਂ, ਸਭਨਾਂ ਦੇ ਹਿੱਸੇ।
ਦੜ ਵੱਟ ਜ਼ਮਾਨਾ ਕੱਟਦੇ, ਮਾਸੂਮ ਵਿਚਾਰੇ।
‘ਨਵਰਾਹੀ’ ਸੰਸਾਰ ਦੇ ਹਨ ਰੱਥ ਨਿਆਰੇ।
ਸੰਪਰਕ: 98150-02302
ਨਿੰਮ ਦੇ ਪੱਤੇ
ਜਸਪਾਲ ਜੱਸੀ
ਇੱਕ ਨਵੇਂ ਨਿੱਕੇ ਸਾਥੀ ਮਨੁੱਖ ਦੀ ਆਮਦ ‘ਤੇ
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਖ਼ੁਸ਼ੀਆਂ ਉੱਤੇ, ਯੁੱਗਾਂ ਲੰਮੇਂ
ਰੀਤਾਂ ਦੇ ਪਰਛਾਵੇਂ
ਬੂਹੇ ਉੱਤੇ ਨਿੰਮ ਦੇ ਪੱਤੇ
ਹੋਕਾ ਜੱਗ ਲਈ
ਪੁੱਤਰ ਜੰਮਿਆ, ਇਸ ਵਾਰੀ
ਨਾ ਭੇਜੀ ਰੱਬ ਨੇ ਧੀ
ਢੋਲ ਮਰਾਸੀ ਦੇ ਲਈ
ਸੱਦਾ, ਨਿੰਮ ਦੇ ਪੱਤੇ
ਗਾਵੇ, ਡਗਾ ਲਾਵੇ
ਨਿੰਮ ਦੀ ਬਰਕਤ ਦੱਸੇ
”ਜਿੱਥੇ ਪੱਤਰ ਨਿੰਮ ਦੇ ਬੱਝਣ
ਆਉਣ ਮਰਾਸੀ
ਧੀ ਜੰਮੇ, ਨਾ ਦਰਵਾਜ਼ੇ ‘ਤੇ
ਜਾਣ ਮਰਾਸੀ”
”ਭਾਗ ਲੱਗਣ ਸਰਦਾਰਾ
ਕੁਲਾਂ ਸਲਾਮਤ ਹੋ ਗਈਆਂ
ਸਰਦਾਰਨੀਏ! ਅੱਜ ਗੁੱਡੀਆਂ
ਅੰਬਰੀਂ ਛੋਹ ਗਈਆਂ”
”ਸਭ ਨੂੰ ਦੇਵੀਂ, ਸਿਜਦਾ ਕਰ
ਅੱਲਾ ਨੂੰ ਆਖੀਦਾ
ਤੇਰੀ ਰਹਿਮਤ, ਨਿੰਮ ਦੇ ਪੱਤੇ
ਰਿਜਕ ਮਰਾਸੀ ਦਾ”
ਵਿਤਕਰਿਆਂ ਤੇ ਚਾਵਾਂ ਦੀ
ਤੰਦ ਕਿੰਨੀ ਸਾਂਝੀ ਹੈ
ਰਹਿਤਲ ਦੀ ਮਿੱਠੀ ਘੂਕਰ ਵਿੱਚ
ਘੁਲ ਮਿਲ ਜਾਂਦੀ ਹੈ
ਊਚ ਨੀਚ ਵਿੱਚ ਲਿਪਟੇ ਨੇ
ਖ਼ੁਸ਼ੀਆਂ ਦੇ ਰਾਗ ਕਿਉਂ
ਚੰਨ ਵਰਗੇ ਚਾਵਾਂ ਉੱਤੇ
ਚੰਨ ਵਾਂਗਰ ਦਾਗ਼ ਕਿਉਂ
ਖ਼ੁਸ਼ ਹੋਵੇਗਾ ਮੇਰਾ ਨਾਨਕ
ਜੇ ਮੈਂ ਸੁਆਲ ਕਰਾਂ
ਜੱਗ ਦੀਆਂ ਰੀਤਾਂ
‘ਏਕ ਨੂਰ’ ਤੋਂ
ਕਿਉਂ ਨਾ ਉਪਜਦੀਆਂ
ਜੱਗ ਅਜੇ ਵੀ ਨਿੰਮ ਦੇ ਪੱਤੇ
ਬੂਹੇ ਟੰਗਦਾ ਹੈ
ਸੱਭਿਆਚਾਰ ਦਾ ਬਾਲ
ਪੰਘੂੜੇ ਲੋਰੀ ਮੰਗਦਾ ਹੈ।