ਕਾਵਿ ਕਿਆਰੀ
ਕੀ ਤੋਂ ਕੀ
ਹਰਮਿੰਦਰ ਸਿੰਘ ਕੋਹਾਰਵਾਲਾ
ਲੋਕ ਹਿੱਤਾਂ ਦੇ ਭਰੋਸੇ, ਸਭ ਉਡੰਤਰ ਹੋ ਗਏ।
ਠੱਗ ਧਨੀਆਂ ਦੇ ਖਿਡੌਣੇ, ਰਾਜ ਤੰਤਰ ਹੋ ਗਏ।
ਸੂਰਬੀਰਾਂ ਛਾਤੀਆਂ ‘ਤੇ, ਖਾਧੀਆਂ ਨੇ ਗੋਲ਼ੀਆਂ,
ਕਮਦਿਲਾਂ ਦੇ ਵਾਸਤੇ ਪਰ, ਖਾਰ ਖੰਜਰ ਹੋ ਗਏ।
ਸ਼ਬਦ ਅਮਲਾਂ ਵਾਸਤੇ ਹੀ, ਸਨ ਉਚਾਰੇ ਸਤਿਗੁਰਾਂ,
ਪਰ ਪੁਜਾਰੀ ਵਾਸਤੇ ਸਭ, ਸ਼ਬਦ ਮੰਤਰ ਹੋ ਗਏ।
ਲਹਿ ਗਏ ਹਨ ਉਹ ਮਨਾਂ ‘ਚੋਂ, ਤਖਤ ‘ਤੇ ਲੱਖ ਰਹਿਣ ਉਹ,
ਬੂਥ ਲੁੱਟਣ ਦੇ ਸਹਾਰੇ, ਜੋ ਸਿਕੰਦਰ ਹੋ ਗਏ।
ਹੁਣ ਸਕੂਲਾਂ ਕਾਲਜਾਂ ਬਾਰੇ ਉਲੀਕੋ ਯੋਜਨਾ,
ਗੁਰਦੁਆਰੇ ਮਸਜਿਦਾਂ ਤੇ ਬਹੁਤ ਮੰਦਰ ਹੋ ਗਏ।
ਮੁਲਕ ਦੀ ਸਾਰੀ ਤਰੱਕੀ, ਦੇਣ ਹੈ ਮਜ਼ਦੂਰ ਦੀ,
ਪਰ ਮਜ਼ੂਰਾਂ ਵਾਸਤੇ ਕਿਉਂ, ਟੁੱਕ ਖੰਗਰ ਹੋ ਗਏ।
ਸੋਗ ਦੀ ਨਾ ਝਲਕ ਕਿਧਰੇ, ਪੱਕ ਰਹੇ ਪਕਵਾਨ ਹਨ,
ਭੋਗ ਬਿਰਧਾਂ ਦੇ ਵਿਖਾਵਾ, ਤੇ ਅਡੰਬਰ ਹੋ ਗਏ।
ਕੀ ਕਰੇਂਗਾ ਜਿੱਤ ਕੇ ਤੂੰ, ਰਾਖ਼ ਹੋਈ ਧਰਤ ਨੂੰ,
ਵੇਖ ਬੰਬਾਂ ਨੇ ਖਿਲਾਰੇ, ਸ਼ਹਿਰ ਖੰਡਰ ਹੋ ਗਏ।
ਸੰਪਰਕ: 98768-73735
* * *
ਕੁਵੇਲੇ ਦਾ ਰਾਗ
ਸੁਖਮਿੰਦਰ ਸੇਖੋਂ
ਸੂਰਜ ਨੇ ਉਸ ਨੂੰ ਪੁੱਛਿਆ
ਬੰਦਿਆ ਤੂੰ ਮੇਰੀ ਰੌਸ਼ਨੀ
ਤੇ ਧੁੱਪ ਨੂੰ ਮੰਨਦਾ ਏਂ?
ਤਾਂ ਉਹ ਚੁੱਪ ਰਿਹਾ।
ਹਵਾ ਨੇ ਪੁੱਛਿਆ
ਬੰਦਿਆ ਤੈਨੂੰ ਹਵਾ ਕਿਵੇਂ ਲੱਗਦੀ ਏ?
ਤਾਂ ਵੀ ਉਹ ਚੁੱਪ ਰਿਹਾ।
ਤਾਰਿਆਂ ਨੇ ਕਿਹਾ
ਤੈਨੂੰ ਅਸੀਂ ਟਿਮਟਮਾਉਂਦੇ ਕਿਵੇਂ ਲੱਗਦੇ ਹਾਂ?
ਤਾਂ ਵੀ ਬੰਦੇ ਨੇ ਚੁੱਪ ਹੀ ਧਾਰੀ ਰੱਖੀ।
ਆਖ਼ਰ ਕਾਦਰ ਤੇ ਕੁਦਰਤ ਦਾ ਹੁਕਮ
ਜਾਹ ਤੈਨੂੰ ਅਸੀਂ ਆਜ਼ਾਦ ਕਰਦੇ ਹਾਂ
ਤਾਂ ਇਸ ਦੇ ਇਵਜ਼
ਬੰਦਾ ਪਹਿਲਾਂ ਹੱਸਿਆ
ਤੇ ਫਿਰ ਰੋਇਆ
ਚੂੰਕਿ ਮਨੁੁੱਖ ਹੁਣ
ਸੋਨੇ ਦੇ ਪਿੰਜਰੇ ਵਿੱਚ ਕੈਦ
ਕੇਵਲ ਆਪਣੀ ਆਜ਼ਾਦੀ ਦਾ
ਬੇਸੁਰਾ ਗੀਤ ਹੀ ਗਾ ਸਕਦਾ ਸੀ।
ਸੰਪਰਕ: 98145-07693
* * *
ਗ਼ਜ਼ਲ
ਜਗਤਾਰ ਪੱਖੋ
ਤਾਂਘਾਂ ਵਿੱਚ ਭਟਕਣਾ ਮਸਲੇ ਦਿਲ ਦੇ ਨੇ।
ਤਾਂ ਹੀ ਮੌਸਮ ਰੁੱਤਾਂ ਪਿੱਛੇ ਫਿਰਦੇ ਨੇ।
ਧਰਤੀ ਦਾ ਫਿਰ ਸੀਨਾ ਪੱਥਰ ਬਣ ਜਾਂਦਾ,
ਖ਼ੁਆਬ ਜਦੋਂ ਵੀ ਹੰਝੂ ਬਣ ਕੇ ਕਿਰਦੇ ਨੇ।
ਸਦੀਆਂ ਤੋਂ ਹੈ ਵਸਿਆ ਅੰਦਰ ਇਹ ਸਹਿਰਾ,
ਸੱਜਣ ਜੀ ਇਹ ਹੋਂਠ ਪਿਆਸੇ ਚਿਰਦੇ ਨੇ।
ਜੋ ਸਿਰਨਾਵੇਂ ਪੁੱਛਦਾ ਕੂੜ ਦੁਕਾਨਾਂ ਤੋਂ,
ਉਹ ਤਾਂ ਤੇਰੇ ਅੰਦਰ ਤੋਂ ਹੀ ਮਿਲਦੇ ਨੇ।
ਪੱਤਝੜ ਤਾਈਂ ਰੰਜ ਬੜਾ ਫਿਰ ਹੁੰਦਾ ਹੈ,
ਜਦ ਬੰਜਰ ਹਿਰਦੇ ਵਿੱਚ ਹਾਸੇ ਖਿੜਦੇ ਨੇ।
ਗਲਵੱਕੜੀ ਤਾਂ ਸਮਿਆਂ ਦੇ ਨਾਲ ਪੈ ਜਾਂਦੀ,
ਫੱਟ ਜ਼ੁਬਾਨਾਂ ਵਾਲੇ ਕਿੱਥੇ ਮਿਲਦੇ ਨੇ।
ਸੰਪਰਕ: 94651-96946