ਕਾਲਜ ’ਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ
ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਜੂਨ
ਅੱਜ ਇਥੋਂ ਦੇ ਏਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਐੱਨਐੱਸਐੱਸ ਯੂਨਿਟ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ। ਇਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਤੰਬਾਕੂ ਅਤੇ ਧੂੰਆ ਰਹਿਤ ਤੰਬਾਕੂ ਦੇ ਸਿਹਤ ਸਬੰਧੀ ਖਤਰਿਆਂ ਦੀ ਜਾਣਕਾਰੀ ਦੇਣਾ ਸੀ। ਇਸ ਮੌਕੇ ਡਾ. ਸ਼ਿਲਪੀ ਅਰੋੜਾ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਤੰਬਾਕੂ ਮੁਕਤ ਸੰਸਕਾਰ ਬਣਾਉਣ ਲਈ ਜਨਤਾ ਨੂੰ ਸਿੱਖਿਅਤ ਕਰਨ ਅਤੇ ਤੰਬਾਕੂ ਛੱਡਣ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਆ। ਉਨ੍ਹਾਂ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ, ਤੰਬਾਕੂ ਦੀ ਖੇਤੀ ਉਤਪਾਦ ਦਾ ਵਾਤਾਵਰਣਕ ਪ੍ਰਭਾਵ ਅਤੇ ਉਦਯੋਗ ਭ੍ਰਮਕ ਵਿਗਿਆਪਨ ਨੀਤੀ ਤੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥਣ ਤੀਸ਼ਾ ਅਤੇ ਊਸ਼ਾ ਨੇ ਤੰਬਾਕੂ ਸਬੰਧੀ ਭਾਸ਼ਣ ਅਤੇ ਗੁਰਨੂਰ ਨੇ ਕਵਿਤਾ ਪੇਸ਼ ਕਰ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਪਰੰਤ ਪ੍ਰੀਤੀ ਨੇ ਸਹੁੰ ਚੁੱਕੀ, ਜਿਸ ’ਤੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਸੇ ਵੀ ਕਿਸਮ ਦੇ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਅਤੇ ਸਮਾਜ ਨੂੰ ਤੰਬਾਕੂ ਮੁਕਤ ਬਣਾਉਣ ਦਾ ਪ੍ਰਣ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਵਗਨ, ਰਾਜੇਸ਼ ਡਾਲੀ, ਸੰਜੀਵ ਧਮੀਜਾ, ਸੁਬੋਧ ਮਿੱਤਲ ਨੇ ਐੱਨਐੱਸਐੱਸ ਯੂਨਿਟ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।