ਕਾਰ ਸਵਾਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ
ਐੱਨਪੀ ਧਵਨ
ਪਠਾਨਕੋਟ, 17 ਮਈ
ਇੱਥੇ ਚੱਕੀ ਪੁਲ ਦੇ ਫਲਾਈਓਵਰ ’ਤੇ ਅੱਜ ਕਾਰ ’ਚ ਜਾ ਰਹੇ 2 ਵਿਅਕਤੀਆਂ ਵਿੱਚੋਂ ਕਾਰ ਚਲਾ ਰਹੇ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਹ ਵਾਰਦਾਤ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਮਾਮਲੇ ਦੀ ਸੂਚਨਾ ਮਿਲਦੇ ਸਾਰ ਪੁਲੀਸ ਫੋਰਸ ਮੌਕੇ ’ਤੇ ਪੁੱਜੀ ਜਿਸ ਦੇ ਤੁਰੰਤ ਬਾਅਦ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਜ਼ਖਮੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜ਼ਖ਼ਮੀ ਦਾ ਨਾਂ ਮਯੰਕ ਮਹਾਜਨ ਵਾਸੀ ਮੁਹੱਲਾ ਸੈਨਗੜ੍ਹ, ਪਠਾਨਕੋਟ ਦੱਸਿਆ ਜਾ ਰਿਹਾ ਹੈ ਜਦ ਕਿ ਉਸ ਨਾਲ ਕਾਰ ਵਿੱਚ ਰਾਕੇਸ਼ ਕੁਮਾਰ ਬੇਦੀ ਵਾਸੀ ਸੁਜਾਨਪੁਰ ਵੀ ਸਵਾਰ ਸੀ ਤੇ ਉਹ ਬਿਲਕੁਲ ਸੁਰੱਖਿਅਤ ਹੈ। ਹਾਲਾਂਕਿ ਪੁਲੀਸ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ। ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਯੰਕ ਜੋ ਫਾਇਨਾਂਸ ਦਾ ਕੰਮ ਕਰਦਾ ਸੀ, ਆਪਣੇ ਸਾਥੀ ਨਾਲ ਸੁਜਾਨਪੁਰ ਤੋਂ ਅਕਾਊਂਟ ਦਾ ਖਾਤਾ ਖੁਲ੍ਹਵਾ ਕੇ ਵਾਪਸ ਆਪਣੀ ਕਾਰ ਵਿੱਚ ਆ ਰਿਹਾ ਸੀ। ਜਿਉਂ ਹੀ ਕਾਰ ਚੱਕੀ ਪੁਲ ਨਾਲ ਬਣੇ ਪਠਾਨਕੋਟ ਫਲਾਈਓਵਰ ’ਤੇ ਚੜ੍ਹੀ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਉੱਪਰ ਗੋਲੀ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੋਲੀ ਉਸ ਦੇ ਸਿਰ ਵਿੱਚ ਲੱਗੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਟੈਕਨੀਕਲ ਅਤੇ ਹੋਰ ਇੰਟੈਲੀਜੈਂਸ ਸੂਤਰਾਂ ਰਾਹੀਂ ਮੋਟਰਸਾਈਕਲ ਸਵਾਰਾਂ ਦੀ ਨਿਸ਼ਾਨਦੇਹੀ ਕਰ ਲਈ ਗਈ। ਇਸ ਮਾਮਲੇ ’ਚ ਮੁੱਖ ਮੁਲਜ਼ਮ ਸੰਜੀਵ ਕੁਮਾਰ ਉਰਫ ਬੰਟੀ ਉਰਫ ਫੌਜੀ ਵਾਸੀ ਭਟੋਆ, ਥਾਣਾ ਦੀਨਾਨਗਰ ਅਤੇ ਉਸ ਦੇ ਮੋਟਰਸਾਈਕਲ ’ਤੇ ਪਿੱਛਾ ਬੈਠਾ ਉਸ ਦਾ ਸਾਥੀ ਜਤਿੰਦਰ ਕੁਮਾਰ ਉਰਫ ਨੱਟੂ ਉਰਫ ਲੱਡੂ ਵਾਸੀ ਬਨੀਲੋਧੀ, ਥਾਣਾ ਸੁਜਾਨਪੁਰ ਦਾ ਪਤਾ ਲਗਾਇਆ ਗਿਆ ਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਜਾਂਚ ਟੀਮ ਨੇ ਇਨ੍ਹਾਂ ਸ਼ੱਕੀਆਂ ਦੇ ਨੇੜਲੇ 2 ਸਾਥੀ ਜੋ ਸਾਜਿਸ਼ਕਰਤਾ ਸਨ, ਹਿਰਾਸਤ ਵਿੱਚ ਲੈ ਲਏ ਹਨ।
ਸ਼ੋਅਰੂਮ ’ਤੇ ਗੋਲੀਆਂ ਚਲਾਈਆਂ; ਇੱਕ ਜ਼ਖ਼ਮੀ
ਅੰਮ੍ਰਿਤਸਰ (ਟਨਸ): ਇੱਥੇ ਈਸਟ ਮੋਹਨ ਨਗਰ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਨੇ ਗਗਨ ਫਰਨੀਚਰ ਨਾਂਅ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਦੁਕਾਨ ’ਤੇ ਕੰਮ ਕਰਨ ਵਾਲਾ ਕਰਮਚਾਰੀ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੋਅਰੂਮ ਦੇ ਮਾਲਕ ਗਗਨ ਨੇ ਕਿਹਾ ਕਿ ਉਹ ਦੁਕਾਨ ’ਤੇ ਮੌਜੂਦ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਵਰਕਰ ਪ੍ਰਿੰਸ ਨੂੰ ਦੋ ਗੋਲੀਆਂ ਲੱਗੀਆਂ। ਗੋਲੀਆਂ ਚਲਾਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਜਸਰੂਪ ਕੌਰ ਬਾਠ ਨੇ ਕਿਹਾ ਕਿ ਸ਼ੋਅਰੂਮ ਦੇ ਮਾਲਕ ਦਾ ਭਰਾ ਕੈਨੇਡਾ ਵਿੱਚ ਰਹਿੰਦਾ ਹੈ। ਇਹ ਗੋਲੀਆਂ ਉਸ ਦੀ ਨਿੱਜੀ ਦੁਸ਼ਮਣੀ ਕਾਰਨ ਚਲਾਈਆਂ ਗਈਆਂ ਹਨ।