ਕਾਰ ਸੜਕ ’ਤੇ ਖੜ੍ਹੇ ਟਰੱਕ ’ਚ ਵੱਜੀ, ਪਿਓ-ਧੀ ਹਲਾਕ
ਮੋਹਿਤ ਸਿੰਗਲਾ
ਨਾਭਾ, 28 ਮਈ
ਇੱਥੇ ਨਾਭਾ-ਭਾਦਸੋਂ ਸੜਕ ’ਤੇ ਦੇਰ ਰਾਤ ਵਾਪਰੇ ਹਾਦਸੇ ਵਿੱਚ ਡੇਢ ਸਾਲਾ ਬੱਚੀ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ, ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਰਾਤ ਦੋ ਵਜੇ ਦੇ ਕਰੀਬ ਸੱਤ ਜਣੇ ਫਾਰਚੂਨਰ ਗੱਡੀ ਵਿੱਚ ਖੰਨਾ ’ਚ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਕਿਲਾ ਰਾਏਪੁਰ ਆ ਰਹੇ ਸਨ ਅਤੇ ਜਦੋਂ ਉਹ ਨਾਭਾ ਦੇ ਰੋਹਟੀ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਲੋਹੇ ਦੀਆਂ ਪਾਈਪਾਂ ਨਾਲ ਲੱਦੇ ਖ਼ਰਾਬ ਟਰੱਕ ਦੇ ਪਿੱਛੇ ਜਾ ਵੱਜੀ।
ਪੁਲੀਸ ਅਨੁਸਾਰ ਟਰੱਕ ਸੜਕ ਦੇ ਕਿਨਾਰੇ ਚਿੱਟੀ ਪੱਟੀ ਤੋਂ ਪਰੇ ਖੜ੍ਹਾ ਸੀ ਪਰ ਉਸ ਨੇ ਚਿਤਾਵਨੀ ਵੱਜੋਂ ਕੋਈ ਰਿਫਲੈਕਟਰ ਜਾਂ ਹੋਰ ਇੰਤਜ਼ਾਮ ਨਹੀਂ ਕੀਤਾ ਹੋਇਆ ਸੀ। ਇਸ ਦੌਰਾਨ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਟਰੱਕ ਦੇ ਹੇਠਾਂ ਜਾ ਵੜੀ ਅਤੇ ਲੋਹੇ ਦੀਆਂ ਪਾਈਪਾਂ ਵੱਜਣ ਕਾਰਨ ਡਰਾਈਵਰ ਦੇ ਨਾਲ ਦੀ ਸੀਟ ’ਤੇ ਬੈਠੇ ਪਿਤਾ ਤੇ ਧੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਪਾਲ ਸਿੰਘ (45) ਅਤੇ ਉਸ ਦੀ ਡੇਢ ਸਾਲ ਦੀ ਧੀ ਹਰਲੀਨ ਵਾਸੀ ਕਿਲਾ ਰਾਏਪੁਰ ਵਜੋਂ ਹੋਈ ਹੈ।
ਜ਼ਖ਼ਮੀਆਂ ’ਚੋਂ ਤਿੰਨ ਜਣੇ ਸਿਵਲ ਹਸਪਤਾਲ ਨਾਭਾ ਅਤੇ ਦੋ ਜਣੇ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਨਾਭਾ-ਭਾਦਸੋਂ ਸੜਕ ’ਤੇ ਰੋਹਟੀ ਪੁਲ ਤੋਂ ਪਿੰਡ ਕੱਲਰਮਾਜਰੀ ਤੱਕ ਰੋਜ਼ਾਨਾ ਵਾਪਰੇ ਹਾਦਸਿਆਂ ਦੇ ਮੱਦੇਨਜ਼ਰ ਕੈਦੂਪੁਰ, ਰੋਹਟੀ ਛੰਨਾ ਤੇ ਲੁਬਾਣਾ ਆਦਿ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਵਾਹਨਾਂ ਦੀ ਰਫ਼ਤਾਰ ਘਟਾਉਣ ਲਈ ਕੁਝ ਇੰਤਜ਼ਾਮ ਕੀਤੇ ਜਾਣ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ।