ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ; ਦੋ ਨੌਜਵਾਨ ਹਲਾਕ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 21 ਮਈ
ਖੇਤਰ ਦੇ ਪਿੰਡ ਪੰਜੂਆਣਾ ਨੇੜੇ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ਼ ਮਨੀ (18) ਤੇ ਸੁਖਪਾਲ ਸਿੰਘ ਉਰਫ਼ ਰਾਜ (28) ਵਾਸੀ ਔਢਾਂ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਥਾਣਾ ਬੜਾਗੁੜ੍ਹਾ ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਜਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਵੇਂ ਨੌਜਵਾਨ ਅਣਵਿਆਹੇ ਸਨ। ਪਿੰਡ ਔਢਾਂ ਵਾਸੀ ਮਨਜਿੰਦਰ ਸਿੰਘ ਅਤੇ ਸੁਖਪਾਲ ਸਿੰਘ ਦਿਹਾੜੀਦਾਰ ਮਜ਼ਦੂਰ ਸਨ। ਉਹ ਮੋਟਰਸਾਈਕਲ ’ਤੇ ਸਿਰਸਾ ਕੰਮ ਕਰਨ ਲਈ ਗਏ ਸਨ ਕਿ ਰਸਤੇ ’ਚ ਕੌਮੀ ਰਾਜਮਾਰਗ ’ਤੇ ਪਿੰਡ ਪੰਜੂਆਣਾ ਨੇੜੇ ਪਿੱਛੋਂ ਆਈ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਮਨਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸੁਖਪਾਲ ਸਿੰਘ ਨੇ ਸਿਰਸਾ ਦੇ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ। ਬੜਾਗੁੜ੍ਹਾ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤੇ ਸੁਖਪਾਲ ਸਿੰਘ ਮਜ਼ਦੂਰ ਸਨ। ਸ਼ਾਮ ਨੂੰ ਦੋਵੇਂ ਸਿਰਸਾ ਵੱਲ ਗਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਅੱਜ ਸਵੇਰੇ 8 ਵਜੇ ਦੇ ਕਰੀਬ ਹਾਦਸੇ ਦੀ ਜਾਣਕਾਰੀ ਮਿਲੀ। ਜਾਂਚ ਅਧਿਕਾਰੀ ਰਾਧੇ ਸ਼ਿਆਮ ਨੇ ਦੱਸਿਆ ਕਿ ਪੁਲੀਸ ਨੇ ਕਾਰ ਨੰਬਰ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।