ਕਾਰਪੋਰੇਟ ਖੇਤਰ ਦੇਸ਼ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ: ਮੁਰਮੂ
ਨਵੀਂ ਦਿੱਲੀ, 18 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਕਾਰਪੋਰੇਟ ਖੇਤਰ ਦੇਸ਼ ਦੇ ਆਰਥਿਕ ਵਾਧੇ ਅਤੇ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ। ਭਾਰਤੀ ਕਾਰਪੋਰੇਟ ਕਾਨੂੰਨ ਸੇਵਾ ਦੇ ਪ੍ਰਬੇਸ਼ਨਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ ਨਾ ਸਿਰਫ਼ ਨੀਤੀਆਂ ਅਤੇ ਨੇਮਾਂ ਨੂੰ ਪ੍ਰਭਾਵਿਤ ਕਰਨਗੇ, ਬਲਕਿ ਦੇਸ਼ ਦੀਆਂ ਸੰਸਥਾਵਾਂ ਵਿੱਚ ਨਾਗਰਿਕਾਂ ਅਤੇ ਨਿਵੇਸ਼ਕਾਂ ਦੇ ਭਰੋਸੇ ਨੂੰ ਵੀ ਪ੍ਰਭਾਵਿਤ ਕਰਨਗੇ।
ਰਾਸ਼ਟਰਪਤੀ ਨੇ ਕਿਹਾ, ‘‘ਕਾਰਪੋਰੇਟ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਅਤੇ ਐਨਫੋਰਸਮੈਂਟ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਦੇ ਰੂਪ ਵਿੱਚ ਤੁਹਾਡੀ ਭੂਮਿਕਾ ਅਜਿਹੇ ਕਾਰੋਬਾਰੀ ਮਾਹੌਲ ਦਾ ਪਾਲਣ ਪੋਸ਼ਣ ਕਰਨ ’ਤੇ ਕੇਂਦਰਿਤ ਹੋਵੇਗੀ ਜੋ ਪਾਰਦਰਸ਼ੀ, ਜਵਾਬਦੇਹ ਅਤੇ ਨਵੀਨਤਾ ਤੇ ਉੱਦਮਤਾ ਲਈ ਅਨੁਕੂਲ ਹੋਵੇ।’’ ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਟਰੇਨੀਆਂ ਨੂੰ ਕਿਹਾ, ‘‘ਕਾਰਪੋਰੇਟ ਖੇਤਰ ਸਾਡੇ ਦੇਸ਼ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ।’’
2013 ਦੇ ਕੰਪਨੀ ਐਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਹ ਯਕੀਨੀ ਬਣਾਉਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ’ਤੇ ਚਾਨਣਾ ਪਾਇਆ ਕਿ ਕਾਨੂੰਨ ਨੂੰ ਨਾ ਸਿਰਫ਼ ਲਾਗੂ ਕੀਤਾ ਜਾਵੇ, ਬਲਕਿ ਉਸ ਨੂੰ ਸਮਝਿਆ ਜਾਵੇ, ਉਸ ਦਾ ਸਨਮਾਨ ਕੀਤਾ ਜਾਵੇ ਅਤੇ ਇਸ ਤਰ੍ਹਾਂ ਲਾਗੂ ਕੀਤਾ ਜਾਵੇ ਕਿ ਸਾਰਿਆਂ ਲਈ ਨਿਆਂ, ਨਿਰਪੱਖਤਾ ਅਤੇ ਮੌਕਿਆਂ ਨੂੰ ਬੜ੍ਹਾਵਾ ਮਿਲੇ। -ਪੀਟੀਆਈ
ਰੱਖਿਆ ਐਰੋਨੌਟੀਕਲ ਅਤੇ ਕਿਰਤ ਸੇਵਾ ਅਧਿਕਾਰੀਆਂ ਨਾਲ ਮੁਲਾਕਾਤ
ਰੱਖਿਆ ਐਰੋਨੌਟੀਕਲ ਗੁਣਵੱਤਾ ਭਰੋਸਾ ਸੇਵਾ ਅਤੇ ਕੇਂਦਰੀ ਕਿਰਤ ਸੇਵਾ ਦੇ ਟਰੇਨੀ ਅਧਿਕਾਰੀਆਂ ਨੇ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਟਰੇਨੀਆਂ ਨੂੰ ਸੰਬੋਧਨ ਕਰਦੇ ਹੋਏ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਫੌਜੀ ਹਵਾਬਾਜ਼ੀ ਵਿੱਚ ਗੁਣਵੱਤਾ ਸਿਰਫ਼ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਬਾਰੇ ਨਹੀਂ ਹੈ। ਇਹ ਅਪਰੇਸ਼ਨਲ ਸੁਰੱਖਿਆ, ਮਿਸ਼ਨ ਦੀ ਤਿਆਰੀ, ਭਰੋਸੇਯੋਗਤਾ ਅਤੇ ਰਣਨੀਤਕ ਪ੍ਰਭਾਵ ਯਕੀਨੀ ਬਣਾਉਣ ਬਾਰੇ ਵੀ ਹੈ।
ਮੁਰਮੂ ਦਾ ਤਿੰਨ ਰੋਜ਼ਾ ਉੱਤਰਾਖੰਡ ਦੌਰਾ ਅੱਜ ਤੋਂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਤੋਂ ਉੱਤਰਾਖੰਡ ਦੇ ਤਿੰਨ ਰੋਜ਼ਾ ਦੌਰੇ ’ਤੇ ਆਉਣਗੇ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਨੇ ਦਿੱਤੀ। ਇਸ ਦੌਰੇ ਦੌਰਾਨ ਮੁਰਮੂ ਦਹਿਰਾਦੂਨ ਵਿੱਚ ਰਾਸ਼ਟਰਪਤੀ ਨਿਕੇਤਨ, ਰਾਸ਼ਟਰਪਤੀ ਨਿਵਾਸ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। -ਪੀਟੀਆਈ