ਕਾਨ ਮੇਲੇ ਕਾਰਨ ‘ਆਲ ਵੀ ਇਮੈਜਿਨ...’ ਨੂੰ ਭਾਰਤ ਵਿੱਚ ਰਿਲੀਜ਼ ਕਰਨ ’ਚ ਮਦਦ ਮਿਲੀ: ਕਪਾਡੀਆ
ਨਵੀਂ ਦਿੱਲੀ: ਫਿਲਮਸਾਜ਼ ਪਾਇਲ ਕਪਾਡੀਆ ਨੇ ਕਿਹਾ ਕਿ ਬੀਤੇ ਵਰ੍ਹੇ ਕਾਨ ਫਿਲਮ ਫੈਸਟੀਵਲ ਵਿੱਚ ‘ਆਲ ਵੀ ਇਮੈਜਿਨ ਐਜ਼ ਲਾਈਟ’ ਨੂੰ ਮਿਲੇ ਪੁਰਸਕਾਰ ਨੇ ਭਾਰਤ ’ਚ ਇਸ ਫਿਲਮ ਨੂੰ ਰਿਲੀਜ਼ ਕਰਨ ’ਚ ਅਹਿਮ ਭੂਮਿਕਾ ਨਿਭਾਈ। ਮੁੰਬਈ ’ਚ ਦੋ ਮਲਿਆਲੀ ਨਰਸਾਂ ਤੇ ਉਨ੍ਹਾਂ ਦੀ ਦੋਸਤੀ ’ਤੇ ਆਧਾਰਿਤ ਮਲਿਆਲਮ-ਹਿੰਦੀ ਫਿਲਮ ‘ਆਲ ਵੀ ਇਮੈਜਿਨ...’ ਨੂੰ ਪਿਛਲੇ ਸਾਲ ਮਈ ’ਚ ਕਾਨ ਫਿਲਮ ਫੈਸਟੀਵਲ ਦੇ ‘ਗ੍ਰੈਂਡ ਪ੍ਰਿਕਸ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਭਾਰਤ ਦੀ ਪਹਿਲੀ ਫਿਲਮ ਹੈ ਜਿਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਫਿਲਮ ਨਿਰਮਾਤਾ ਕਪਾਡੀਆ ਨੇ ਕਿਹਾ ਕਿ ਉਹ ਇਹ ਫਿਲਮ ਫੈਸਟੀਵਲ ਅਤੇ ਫਿਲਮ ਆਲੋਚਕਾਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਫਿਲਮ ਨੂੰ ਪ੍ਰਸਿੱਧੀ ਦਿਵਾਈ। ਇਹ ਉਸ ਦੀ ਪਹਿਲੀ ਫੀਚਰ ਫਿਲਮ ਵੀ ਹੈ। ਕਪਾਡੀਆ 2025 ਦੇ ਕਾਨ ਫਿਲਮ ਫੈਸਟੀਵਲ ਲਈ ਫਰਾਂਸੀਸੀ ਸਟਾਰ ਜੂਲੀਅਟ ਬਿਨੋਚੇ ਦੀ ਅਗਵਾਈ ਵਾਲੀ ਜਿਊਰੀ ਪੈਨਲ ਦਾ ਹਿੱਸਾ ਹੈ ਅਤੇ ਉਹ ਕੱਲ੍ਹ ਸ਼ਾਮ ਫੈਸਟੀਵਲ ਦੀ ਉਦਘਾਟਨੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ, ‘‘ਸਾਡੀ ਫਿਲਮ ਨੂੰ ਕਾਨ ’ਚ ਪੇਸ਼ ਕਰਨਾ, ਉਸ ਨੂੰ ਮਾਨਤਾ ਮਿਲਣਾ ਅਤੇ ਤੁਹਾਡੇ ਸਾਰਿਆਂ ਵੱਲੋਂ ਇਸ ਬਾਰੇ ਲਿਖਣਾ ਹਕੀਕਤ ’ਚ ਫਿਲਮ ਨੂੰ ਰਿਲੀਜ਼ ਕਰਨ ’ਚ ਸਾਡੀ ਮਦਦ ਕਰਦਾ ਹੈ। ਇਥੋਂ ਤੱਕ ਕਿ ਇਸ ਨਾਲ ਭਾਰਤ ’ਚ ਰਿਲੀਜ਼ ਕਰਨ ’ਚ ਸਹਾਇਤਾ ਮਿਲੀ ਹੈ।’’ ਕੌਮਾਂਤਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਪਾਡੀਆ ਨੇ ਕਿਹਾ, ‘‘ਮੈਂ ਧੰਨਵਾਦੀ ਹਾਂ। ਫਿਲਮ ਨਿਰਮਾਤਾ ਵਜੋਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਫਿਲਮ ਤੁਹਾਡੇ ਦੇਸ਼ ਤੇ ਹੋਰ ਥਾਵਾਂ ’ਤੇ ਲੋਕਾਂ ਵੱਲੋਂ ਦੇਖੀ ਜਾਵੇ। ਇਸ ਲਈ ਇਹ ਮੇਰੇ ਲਈ ਸੱਚਮੁੱਚ ਵੱਡਾ ਲਾਹਾ ਸੀ। ‘ਆਲ ਵੀ ਇਮੈਜਿਨ...’ ਪਿਛਲੇ ਸਾਲ ਸਤੰਬਰ ਵਿੱਚ ਕੇਰਲ ਦੇ ਸੀਮਤ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਨਵੰਬਰ ਵਿੱਚ ਦੇਸ਼ ਵਿਆਪੀ ਰਿਲੀਜ਼ ਤੋਂ ਪਹਿਲਾਂ ਫਿਲਮ ਨੂੰ ਸਕਾਰਾਤਮਕ ਸਮੀਖਿਆਵਾਂ ਮਿਲੀਆਂ ਸਨ। ਕਾਨ ਫਿਲਮ ਫੈਸਟੀਵਲ ਦਾ 78ਵਾਂ ਐਡੀਸ਼ਨ ਮੰਗਲਵਾਰ ਨੂੰ ਸ਼ੁਰੂ ਹੋਇਆ ਅਤੇ 24 ਮਈ ਨੂੰ ਸਮਾਪਤ ਹੋਵੇਗਾ। -ਪੀਟੀਆਈ