ਕਾਨ ਫ਼ਿਲਮ ਫੈਸਟੀਵਲ ’ਚ ਅਨੁਪਮ ਦੀ ‘ਤਨਵੀ ਦਿ ਗਰੇਟ’ ਨੂੰ ਭਰਵਾਂ ਹੁੰਗਾਰਾ
ਕਾਨ (ਫਰਾਂਸ): ਕਾਨ ਫ਼ਿਲਮ ਫੈਸਟੀਵਲ ’ਚ ਵਰਲਡ ਪ੍ਰੀਮੀਅਰ ਦੌਰਾਨ ਮੰਨੇ-ਪ੍ਰਮੰਨੇ ਅਦਾਕਾਰ ਅਨੁਪਮ ਖੇਰ ਦੀ ਫ਼ਿਲਮ ‘ਤਨਵੀ ਦਿ ਗਰੇਟ’ ਨੂੰ ਵੱਖ-ਵੱਖ ਦੇਸ਼ਾਂ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਫਿਲਮ ਦੀ ਰਿਲੀਜ਼ ਤਰੀਕ ਬਾਰੇ ਜਾਣਕਾਰੀ ਦਿੱਤੀ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ’ਚ ਅਨੁਪਮ ਖੇਰ ਨੇ ਕਿਹਾ ਕਿ ਉਹ ਆਪਣੀ ਫ਼ਿਲਮ ਲਈ ਦਰਸ਼ਕਾਂ ਦੇ ਪਿਆਰ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਲਿਖਿਆ, ‘18 ਜੁਲਾਈ ਨੂੰ ਸਾਡੀ ਫ਼ਿਲਮ ਦਾ ਜਾਦੂ ਅਤੇ ਮਿਹਨਤ ਦੇਖਣ ਲਈ ਤੁਹਾਡੇ ਸਾਰਿਆਂ ਦੀ ਉਡੀਕ ਕਰ ਰਿਹਾ ਹਾਂ। ਇਹ ਫ਼ਿਲਮ 18 ਜੁਲਾਈ ਨੂੰ ਰਿਲੀਜ਼ ਹੋਵੇਗੀ। ਮੈਂ ‘ਤਨਵੀ ਦਿ ਗਰੇਟ’ ਦੇ ਪ੍ਰੀਮੀਅਰ ਮੌਕੇ ਸਾਰੇ ਮੁਲਕਾਂ ਦੇ ਦਰਸ਼ਕਾਂ ਤੋਂ ਮਿਲੇ ਹੁੰਗਾਰੇ ਤੋਂ ਬਹੁਤ ਪ੍ਰਭਾਵਿਤ ਹਾਂ।’’ ਦੱਸਣਯੋਗ ਹੈ ਕਿ ‘ਤਨਵੀ ਦਿ ਗਰੇਟ’ 21 ਸਾਲਾ ਤਨਵੀ ਰੈਨਾ ਦੀ ਕਹਾਣੀ ਹੈ, ਜੋ ਕਿ ਔਟਿਜ਼ਮ ਤੋਂ ਪੀੜਤ ਹੈ ਅਤੇ ਉਹ ਆਪਣੇ ਭਾਰਤੀ ਫ਼ੌਜ ’ਚ ਅਧਿਕਾਰੀ ਰਹੇ ਸਵਰਗਵਾਸੀ ਪਿਤਾ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦੀ ਹੈ ਅਤੇ ਦੁਨੀਆਂ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਵਿੱਚ ਭਾਰਤੀ ਝੰਡਾ ਲਹਿਰਾਉਂਦੀ ਹੈ। ਰੁਕਾਵਟਾਂ ਦੇ ਬਾਵਜੂਦ, ਉਹ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਦ੍ਰਿੜ ਹੋ ਜਾਂਦੀ ਹੈ। ਅਦਾਕਾਰ ਅਨੁਪਮ ਖੇਰ ਅਤੇ ਸ਼ੁਭਾਂਗੀ ਦੱਤ ਤੋਂ ਇਲਾਵਾ ਫ਼ਿਲਮ ਵਿੱਚ ਕਰਨ ਟੈਕਰ, ਬੋਮਨ ਇਰਾਨੀ, ਜੈਕੀ ਸ਼ਰਾਫ, ਅਰਵਿੰਦ ਸਵਾਮੀ ਅਤੇ ਗੇਮ ਆਫ਼ ਥ੍ਰੋਨਜ਼ ਦੇ ਅਦਾਕਾਰ ਇਆਨ ਗਲੈੱਨ ਵੀ ਹਨ। ਇਹ ਫ਼ਿਲਮ 18 ਜੁਲਾਈ ਨੂੰ ਰਿਲੀਜ਼ ਹੋਵੇਗੀ। -ਏਐੱਨਆਈ