ਕਾਂਗਰਸ ਵੱਲੋਂ ਸੰਵਿਧਾਨ ਲਈ ਘਾਤਕ ਤਾਕਤਾਂ ਖ਼ਿਲਾਫ਼ ਲਾਮਬੰਦੀ ਦਾ ਹੋਕਾ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 24 ਜੂਨ
ਕਾਂਗਰਸ ਵਲੋਂ ਅੱਜ ਨਵਾਂਸ਼ਹਿਰ ਵਿਖੇ ‘ਸੰਵਿਧਾਨ ਬਚਾਓ’ ਮੁਹਿੰਮ ਤਹਿਤ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੀ ਸੰਵਿਧਾਨ ਪ੍ਰਤੀ ਸੋੜੀ ਸੋਚ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਸੰਵਿਧਾਨ ਦੀ ਰਾਖੀ ਲਈ ਜਾਗਰੂਕ ਅਤੇ ਲਾਮਬੰਦ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਭਾਜਪਾ ਨੂੰ ਆਰ ਐਸ ਐਸ ਦੇ ਇਸ਼ਾਰੇ ’ਤੇ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਵਿਅਕਤੀਤਵ ਲਾਹੇ ਲੈਣ ਵਾਲੀ ਧਿਰ ਦੱਸਿਆ ਅਤੇ ਦੇਸ਼ ਅੰਦਰ ਭਾਜਪਾ ਦੇ ਸਾਸ਼ਕੀ ਕਾਰਜਕਾਲ ਦੌਰਾਨ ਫਿਰਕਾਪ੍ਰਸਤੀ ਵੱਧਣ ਅਤੇ ਯੋਗਤਾ ਮੁਤਾਬਿਕ ਮੌਕੇ ਨਾ ਮਿਲਣ ਦਾ ਦੋਸ਼ ਲਾਇਆ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਕੇਂਦਰ ਅਤੇ ਸੂਬੇ ਅੰਦਰਲੀਆਂ ਦੋਵਾਂ ਸਰਕਾਰਾਂ ਨੂੰ ਚੱਲਦੇ ਕਰਨਾ ਜ਼ਰੂਰੀ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਬੀਬੀ ਗੁਰਇਕਬਾਲ ਕੌਰ, ਤਰਲੋਚਨ ਸੂੰਢ, ਅੰਗਦ ਸਿੰਘ, ਜ਼ਿਲ੍ਹਾ ਕੋ- ਆਰਡੀਨੇਟਰ ਪਵਨ ਕੁਮਾਰ ਆਦੀਆ ਜਿਲ੍ਹਾ ਕੋਆਰਡੀਨੇਟਰ ਨੇ ਵੀ ਸੰਬੋਧਨ ਕੀਤਾ।
ਕਾਂਗਰਸੀ ਆਗੂਆਂ ਦਰਮਿਆਨ ਇਤਫ਼ਾਕ ਦਾ ਦਾਅਵਾ
ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕੁਝ ਪਾਰਟੀ ਆਗੂਆਂ ਵਿਚਕਾਰ ਚੱਲ ਰਹੀ ਖਿੱਚੋਤਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਰਟੀ ਅੰਦਰ ਪੂਰਾ ਇਤਫ਼ਾਕ ਹੈ ਅਤੇ ਸਾਰੇ ਪਾਰਟੀ ਹਾਈਕਮਾਂਡ ਦੇ ਕਹਿਣੇ ਵਿਚ ਹਨ। ਉਨ੍ਹਾਂ ਕਿਹਾ ਕਿ ਵਕਤੀ ਤੌਰ ’ਤੇ ਭਾਵੇਂ ਕਿਸੇ ਆਗੂ ਵਲੋਂ ਦੂਜੇ ਆਗੂ ਬਾਰੇ ਬੋਲ ਹੋ ਜਾਂਦਾ ਹੈ ਪਰ ਵਿਰੋਧੀ ਆਗੂ ਜਾਣ-ਬੁੱਝ ਕੇ ਉਸ ਦੇ ਗਲਤ ਅਰਥ ਕੱਢ ਕੇ ਪ੍ਰਚਾਰਨ ਦਾ ਮੌਕਾ ਭਾਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆਪਸੀ ਏਕਤਾ ਦੇ ਬਲਬੂਤੇ ਤੇ ਸੂਬੇ ਅੰਦਰ ਆਪਣਾ ਰਾਜ ਲਿਆਵੇਗੀ।