ਕਾਂਗਰਸ ਵੱਲੋਂ ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਨੂੰ ‘ਕਾਰਨ ਦੱਸੋ’ ਨੋਟਿਸ
ਭੁਪਾਲ, 11 ਮਈ
ਕਾਂਗਰਸ ਨੇ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਦੇ ਛੋਟੇ ਭਰਾ ਤੇ ਸਾਬਕਾ ਸੰਸਦ ਮੈਂਬਰ ਲਕਸ਼ਮਣ ਸਿੰਘ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਹੁਲ ਗਾਂਧੀ ਸਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਉਨ੍ਹਾਂ ਦੀਆਂ ‘ਇਤਰਾਜ਼ਯੋਗ ਟਿੱਪਣੀਆਂ’ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੇ ਪਾਰਟੀ ਦੇ ਅਕਸ ਅਤੇ ਮਾਣ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਲਕਸ਼ਮਣ ਸਿੰਘ ਨੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ 25 ਅਪਰੈਲ ਨੂੰ ਪਾਰਟੀ ਲੀਡਰਸ਼ਿਪ ’ਤੇ ਸ਼ਬਦੀ ਹਮਲਾ ਕੀਤਾ ਸੀ। ਉਨ੍ਹਾਂ ਪਹਿਲਗਾਮ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੀ ਇਕ ਸ਼ੋਕ ਸਭਾ ਦੌਰਾਨ ਕਿਹਾ ਸੀ, ‘‘ਰਾਹੁਲ ਗਾਂਧੀ ਅਤੇ ਰੌਬਰਟ ਵਾਡਰਾ ਕਾਫੀ ਭੋਲੇ ਹਨ। ਦੇਸ਼ ਉਨ੍ਹਾਂ ਦੀ ਅਪਰਿਪੱਕਤਾ ਦੇ ਨਤੀਜੇ ਭੁਗਤ ਰਿਹਾ ਹੈ।’’ ਸਿੰਘ ਨੂੰ ਪਾਰਟੀ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ (ਡੀਏਸੀ) ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੇ 9 ਮਈ ਨੂੰ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਕਿਹਾ ਗਿਆ, ‘‘ਤੁਹਾਡੇ ਵੱਲੋਂ ਵਾਰ-ਵਾਰ ਜਨਤਕ ਤੌਰ ’ਤੇ ਦਿੱਤੇ ਗਏ ਬਿਆਨਾਂ ਦੇ ਸਬੰਧ ਵਿੱਚ ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਜੀਤੂ ਪਟਵਾਰੀ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਚੌਧਰੀ ਵੱਲੋਂ ਇਕ ਸ਼ਿਕਾਇਤ ਮਿਲੀ ਹੈ।’’ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਿੰਘ ਵੱਲੋਂ ਲਗਾਤਾਰ ਕੀਤੀ ਗਈ ਜਨਤਕ ਬਿਆਨਬਾਜ਼ੀ ਨਾਲ ਪਾਰਟੀ ਦੇ ਅਕਸ ਤੇ ਮਾਣ ਨੂੰ ਗੰਭੀਰ ਸੱਟ ਵੱਜੀ ਹੈ। -ਪੀਟੀਆਈ