ਕਾਂਗਰਸ ਵੱਲੋਂ ਮੋਦੀ ਸਰਕਾਰ ਅਤੇ ਅਡਾਨੀ ਖ਼ਿਲਾਫ਼ ਧਰਨੇ
ਆਤਿਸ਼ ਗੁਪਤਾ
ਚੰਡੀਗੜ੍ਹ, 6 ਫਰਵਰੀ
ਚੰਡੀਗੜ੍ਹ ਕਾਂਗਰਸ ਨੇ ਅੱਜ ਮੋਦੀ ਸਰਕਾਰ ਅਤੇ ਅਡਾਨੀਆਂ ਦੇ ਖ਼ਿਲਾਫ਼ ਸੈਕਟਰ-17 ‘ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕੀਤੀ। ਕਾਂਗਰਸੀਆਂ ਨੇ ਹੱਥਾਂ ‘ਚ ਬੈਨਰ ਅਤੇ ਤਖਤੀਆਂ ਲੈ ਕੇ ਨਾਅਰੇਬਾਜ਼ੀ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਪੋਰੇਟ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਸਾਰੇ ਨਿਯਮਾਂ ਨੂੰ ਤੋੜ ਦਿੱਤਾ ਹੈ, ਜਿਸ ਵੱਲੋਂ ਹੋਰਨਾਂ ਕੰਪਨੀਆਂ ਅਤੇ ਸਰਕਾਰੀ ਅਦਾਰਿਆਂ ਨੂੰ ਅਡਾਨੀ ਸਮੂਹ ‘ਚ ਜਬਰਨ ਨਿਵੇਸ਼ ਕਰਨ ਲਈ ਦਬਾਅ ਬਣਾਏ ਜਾ ਰਹੇ ਹਨ। ਸ੍ਰੀ ਲੱਕੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਐੱਲਆਈਸੀ ਅਤੇ ਐੱਸਬੀਆਈ ਵਰਗੇ ਜਨਤਕ ਖੇਤਰਾਂ ਨੇ ਅਡਾਨੀ ਗਰੁੱਪ ਨੂੰ 80 ਹਜ਼ਾਰ ਕਰੋੜ ਰੁਪਏ ਦਾ ਲੋਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਆਦੇਸ਼ਾਂ ‘ਤੇ ਇਕੋਂ ਗਰੁੱਪ ਨੂੰ ਇੰਨਾ ਵੱਡਾ ਲੋਨ ਦੇਣ ਕਰਕੇ ਵੱਡੀ ਗਿਣਤੀ ‘ਚ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਖਤਰੇ ਵਿੱਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਪਏ ਨੂੰ ਬਚਾਉਣ ਲਈ ਸੰਸਦ ਵਿੱਚ ਅਡਾਨੀ ਗਰੁੱਪ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ।
ਐਸ.ਏ.ਐਸ.ਨਗਰ (ਕਰਮਜੀਤ ਸਿੰਘ ਚਿੱਲਾ): ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਸੈਕਟਰ 68 ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਦਫ਼ਤਰ ਸਾਹਮਣੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਦੇ ਹੱਥਾਂ ਵਿੱਚ ਕੇਂਦਰ ਸਰਕਾਰ ਅਤੇ ਅਡਾਨੀ ਗਰੁੱਪ ਦੇ ਵਿਰੋਧ ਵਿੱਚ ਸਲੋਗਨਾਂ ਵਾਲੇ ਪੋਸਟਰ ਚੁੱਕੇ ਹੋਏ ਸਨ। ਇਸ ਮੌਕੇ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਧਰਨੇ ਨੂੰ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅਡਾਨੀ ਸਮੂਹ ਵਿਰੁੱਧ ਲੱਗੇ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੀ ਚੁੱਪੀ ਦੱਸਦੀ ਹੈ ਕਿ ਦਾਲ ਵਿੱਚ ਕੁੱਝ ਕਾਲਾ ਹੈ। ਇਸ ਮੌਕੇ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ, ਬਲਾਕ ਪ੍ਰਧਾਨ ਜਸਦੀਪ ਸਿੰਘ ਜੱਸੀ ਬੱਲੋਮਾਜਰਾ, ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪੱਧਰੀ ਧਰਨਾ ਇਕੱਠ ਪੱਖੋਂ ਫ਼ਿੱਕਾ ਰਿਹਾ। ਇਸ ਧਰਨੇ ਤੋਂ ਮੁਹਾਲੀ ਦੇ ਬਹੁਗਿਣਤੀ ਕਾਂਗਰਸੀ ਕੌਂਸਲਰ ਦੂਰ ਹੀ ਰਹੇ। ਪਿੰਡਾਂ ਵਿੱਚੋਂ ਵੀ ਕਾਂਗਰਸੀ ਕਾਰਕੁਨਾਂ ਦੀ ਗਿਣਤੀ ਨਾਮਾਤਰ ਹੀ ਸੀ। ਬਲਬੀਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਮਗਰੋਂ ਪਾਰਟੀ ਦੇ ਬਹੁਤੇ ਵਰਕਰ ਅਤੇ ਕੌਂਸਲਰ ਸਿੱਧੂ ਭਰਾਵਾਂ ਨਾਲ ਹੀ ਚੱਲ ਰਹੇ ਹਨ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸੂ ਸੂਦ): ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ‘ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੀ ਅਗਵਾਈ ਹੇਠ ਅੱਜ ਸਰਹਿੰਦ ਵਿਚ ਕੇਂਦਰ ਸਰਕਾਰ ਖਿਲਾਫ਼ ਰੋਸ ਧਰਨਾ ਲਗਾਇਆ ਗਿਆ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਨੂੰ ਆਪਣੇ ਕਾਰੋਬਾਰੀ ਦੋਸਤਾਂ ਨੂੰ ਵੇਚ ਰਹੀ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲੋ, ਡਾ. ਜੋਗਿੰਦਰ ਸਿੰਘ ਮੈਣੀ, ਕੌਂਸਲ ਪ੍ਰਧਾਨ ਅਸ਼ੋਕ ਸੂਦ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ, ਉਂਕਾਰ ਸਿੰਘ ਲਾਲ ਜੀ, ਸਾਬਕਾ ਚੇਅਰਮੈਨ ਗੁਲਸ਼ਨ ਰਾਏ ਬੌਬੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਹਰਬੰਸ ਸਿੰਘ ਆਦਿ ਹਾਜ਼ਰ ਸਨ।
ਰੂਪਨਗਰ (ਜਗਮੋਹਨ ਸਿੰਘ): ਅੱਜ ਇੱਥੇ ਐਲ.ਆਈ.ਸੀ. ਦਫਤਰ ਦੇ ਸਾਹਮਣੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅਗਵਾਈ ਅਧੀਨ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਸੈਣੀ,ਸੁਖਦੇਵ ਸਿੰਘ ਬੁਲਾਰਾ ਕਾਂਗਰਸ ਪੰਜਾਬ, ਗੁਰਿੰਦਰ ਪਾਲ ਸਿੰਘ ਬਿੱਲਾ, ਰਾਜੇਸ਼ਵਰ ਲਾਲੀ, ਸੁਰਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ, ਗੌਤਮ ਟੋਨੀ,ਲਖਵੰਤ ਸਿੰਘ ਹਿਰਦਪੁਰ, ਜਰਨੈਲ ਸਿੰਘ, ਹੈਪੀ ਪਪਰਾਲਾ ਨੇ ਸੰਬੋਧਨ ਕੀਤਾ।