ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਸ਼ਗਨ ਕਟਾਰੀਆ
ਬਠਿੰਡਾ, 6 ਫਰਵਰੀ
ਕਾਂਗਰਸ ਦੀ ਬਠਿੰਡਾ ਇਕਾਈ ਵੱਲੋਂ ਇੱਥੇ ਸਿਵਲ ਲਾਈਨ ਖੇਤਰ ‘ਚ ਐਸਬੀਆਈ ਬੈਂਕ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੇਸ਼ ਦੇ ਵੱਡੇ ਕਾਰੋਬਾਰੀ ਅਡਾਨੀ ਗਰੁੱਪ ‘ਤੇ ਕਥਿਤ ਘਪਲੇਬਾਜ਼ੀ ਦਾ ਦੋਸ਼ ਲਾਉਂਦਿਆਂ, ਭਾਜਪਾ ਦੀ ਕੇਂਦਰ ਸਰਕਾਰ ‘ਤੇ ਉਸ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਇ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਾਏ।
ਆਗੂਆਂ ਨੇ ਕਿਹਾ ਕਿ ਵਿਦੇਸ਼ੀ ਕੰਪਨੀ (ਹਿੰਡਨਬਰਗ) ਵੱਲੋਂ ਕੀਤੇ ਗਏ ਖ਼ੁਲਾਸੇ ਨੇ ਦੇਸ਼ ਦੀ ਮੋਦੀ ਸਰਕਾਰ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿ ਉਹ ਕਿਵੇਂ ਦੇਸ਼ ਦੀ ਆਰਥਿਕ ਸੁਰੱਖਿਆ ਕਰਨ ਦੀ ਬਜਾਇ ਵੱਡੇ ਧਨਾਢਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਕਾਰੋਬਾਰੀ ਅਡਾਨੀ ਗਰੁੱਪ ਵੱਲੋਂ ਕੀਤੇ ਗਏ ਘਪਲੇ ਦਾ ਮਾਮਲਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਅਡਾਨੀ ਗਰੁੱਪ ਦੇ ਚੇਅਰਮੈਨ ਨੂੰ ਗ੍ਰਿਫ਼ਤਾਰ ਕਰ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਸਮੇਂ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਈ ਸੀ ਪਰ ਮੋਦੀ ਸਰਕਾਰ ਨੇ ਮੁਲਕ ਦੀ ਆਰਥਿਕਤਾ ਡਾਵਾਂਡੋਲ ਕਰ ਦਿੱਤੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਕੇਕੇ ਅਗਰਵਾਲ, ਅਰੁਣ ਵਧਾਵਣ, ਬਲਜਿੰਦਰ ਸਿੰਘ ਠੇਕੇਦਾਰ, ਅਸ਼ੋਕ ਕੁਮਾਰ, ਰੁਪਿੰਦਰ ਬਿੰਦਰਾ, ਟਹਿਲ ਸਿੰਘ ਸੰਧੂ, ਪਵਨ ਮਾਨੀ, ਕਿਰਨਜੀਤ ਸਿੰਘ ਗਹਿਰੀ, ਕਿਰਨਦੀਪ ਕੌਰ ਵਿਰਕ, ਅੰਮ੍ਰਿਤਾ ਗਿੱਲ,,ਮਾਸਟਰ ਹਰਮੰਦਰ ਸਿੰਘ, ਹਰਵਿੰਦਰ ਸਿੰਘ ਲੱਡੂ, ਬਲਰਾਜ ਸਿੰਘ ਪੱਕਾ, ਕ੍ਰਿਸ਼ਨ ਭਾਗੀ ਬਾਂਦਰ, ਅਵਤਾਰ ਸਿੰਘ ਗੋਨਿਆਣਾ, ਲੱਖਾ ਸਿੰਘ ਅਤੇ ਤੇਜਾ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਮਲਕੀਤ ਸਿੰਘ, ਚਰਨਜੀਤ ਸਿੰਘ ਭੋਲਾ, ਟਹਿਲ ਸਿੰਘ ਬੁੱਟਰ, ਮਨੋਜ ਕੁਮਾਰ, ਨੇਹਾ ਜਿੰਦਲ, ਵਿਪਨ ਕੁਮਾਰ, ਸਾਧੂ ਸਿੰਘ, ਜੱਸਾ ਸਿੰਘ, ਸੁੱਖਾ ਸਿੰਘ, ਰਣਜੀਤ ਸਿੰਘ ਸੰਧੂ, ਬਲਜੀਤ ਸਿੰਘ, ਸੁਰਿੰਦਰਜੀਤ ਸਿੰਘ ਸਾਹਨੀ, ਬਲਵੰਤ ਰਾਏ ਨਾਥ, ਅੰਗਰੇਜ਼ ਸਿੰਘ, ਹਵਨਦੀਪ ਸਿੰਘ, ਪ੍ਰਕਾਸ਼ ਚੰਦ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ਕਾਰੋਬਾਰੀ ਗੌਤਮ ਅਡਾਨੀ ਦੀ ਵਜ੍ਹਾ ਕਰ ਕੇ ਸ਼ੇਅਰ ਬਾਜ਼ਾਰ ‘ਚ ਆਈ ਗਿਰਾਵਟ ਕਾਰਨ ਐਲਆਈਸੀ ਨੂੰ ਪਏ ਘਾਟੇ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਥੋਂ ਦੇ ਰੇਲਵੇ ਰੋਡ ਉਪਰ ਐਲਆਈਸੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਦੀਪ ਸਿੰਘ ਬਿੱਟੂ ਅਤੇ ਸ਼ਹਿਰੀ ਪ੍ਰਧਾਨ ਹੈਪੀ ਗਰਗ ਨੇ ਦੱਸਿਆ ਕਿ ਇਹ ਧਰਨਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲਾਇਆ ਜਾ ਰਿਹਾ ਤਾਂ ਕਿ ਆਮ ਲੋਕਾਂ ਨੂੰ ਭਾਜਪਾ ਦੀ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਅਡਾਨੀ ਦੇਸ਼ ਨੂੰ ਲੁੱਟ ਕੇ ਖਾ ਗਿਆ ਹੈ ਤੇ ਜਿਸ ਲਈ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਜ਼ਿੰਮੇਵਾਰ ਹੈ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਹਲਕਾ ਜ਼ੀਰਾ ਅਤੇ ਮੱਲਾਂਵਾਲਾ ਵਿੱਚ ਜੀਵਨ ਬੀਮਾ ਨਿਗਮ ਅਤੇ ਸਟੇਟ ਬੈਂਕ ਆਫ਼ ਇੰਡੀਆ ਸਾਹਮਣੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਸ੍ਰੀ ਜ਼ੀਰਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਹਮੇਸ਼ਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਹੁਣ ਵੀ ਸਰਕਾਰ ਨੇ ਐੱਲਆਈਸੀ ਦੇ 29 ਕਰੋੜ ਪਾਲਿਸੀ ਧਾਰਕ ਅਤੇ ਐੱਸਬੀਆਈ ਦੇ 45 ਕਰੋੜ ਖਾਤਾ ਧਾਰਕਾਂ ਦੀ ਪੂੰਜੀ ਨੂੰ ਖ਼ਤਰੇ ਵਿਚ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਜ਼ਬਰਦਸਤੀ ਐੱਲਆਈਸੀ, ਐੱਸਬੀਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਹੈ। ਇਸ ਮੌਕੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਚੇਅਰਮੈਨ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਹਰੀਸ਼ ਜੈਨ ਗੋਗਾ, ਚੇਅਰਮੈਨ ਕੁਲਬੀਰ ਸਿੰਘ ਟਿੰਮੀ ਸਣੇ ਹੋਰ ਹਾਜ਼ਰ ਹੋਏ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਕਾਂਗਰਸ ਦਫ਼ਤਰ ਵਿੱਚ ਇੱਕਠੇ ਹੋ ਕੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉਦਯੋਗਪਤੀ ਰਮਿੰਦਰ ਸਿੰਘ ਆਂਵਲਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਅਤੇ ਕਾਰੋਬਾਰੀ ਅਡਾਨੀ ਦਾ ਪੁਤਲਾ ਫੂਕਿਆ। ਬਲਾਕ ਪ੍ਰਧਾਨ ਭੀਮ ਕੰਬੋਜ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਆਮ ਜਨਤਾ ਦੀ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਸਿਰਸਾ (ਪ੍ਰਭੂ ਦਿਆਲ): ਇੱਥੇ ਕਾਂਗਰਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਕੇ ਐਲਆਈਸੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਐਲਆਈਸੀ ਤੇ ਐਸਬੀਆਈ ਦੇ ਅਰਬਾਂ ਰੁਪਏ ਡਕਾਰਨ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਹੱਥ ‘ਤੇ ਹੱਥ ਰੱਖ ਕੇ ਬੈਠੀ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਅਡਾਨੀ ਨੂੰ ਮੋਦੀ ਸਰਕਾਰ ਦੀ ਸ਼ਹਿ ਹੈ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਸਾਰੇ ਮੋਰਚਿਆਂ ‘ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਭਾਜਪਾ ਸਤਾ ਵਿੱਚ ਆਈ ਹੈ ਉਦੋਂ ਤੋਂ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ ਤੇ ਦੇਸ਼ ਦੀ ਕਾਰਪੋਰੇਟ ਘਰਾਣੇ ਸਰਕਾਰ ਦੀ ਮਿਲੀਭੁਗਤ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਡਾਨੀ ਨੇ ਦੇਸ਼ ਦਾ ਪੈਸਾ ਵਾਪਿਸ ਨਾ ਕੀਤਾ ਤਾਂ ਕਾਂਗਰਸੀ ਸੜਕਾਂ ‘ਤੇ ਉਤਰ ਕੇ ਸਰਕਾਰ ਖ਼ਿਲਾਫ਼ ਤਿੱਖਾ ਅੰਦੋਲਨ ਕਰਨਗੇ।