ਕਾਂਗਰਸ ਪਾਰਟੀ ਨੂੰ ਹਰ ਪੱਧਰ ’ਤੇ ਅਨੁਸ਼ਾਸਨ ਕਾਇਮ ਰੱਖਣਾ ਚਾਹੀਦੈ: ਮਹਿੰਦਰਾ
ਪੱਤਰ ਪ੍ਰੇਰਕ
ਜਲੰਧਰ, 15 ਸਤੰਬਰ
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਵਾਰ-ਵਾਰ ਹੋ ਰਿਹਾ ਗੁੱਸਾ ਇਕਦਮ ਖਤਮ ਹੋ ਜਾਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੂੰ ਹਰ ਪੱਧਰ ’ਤੇ ਅਨੁਸ਼ਾਸਨ ਕਾਇਮ ਰੱਖਣਾ ਚਾਹੀਦਾ ਹੈ। ਜਲੰਧਰ ਪਾਰਲੀਮਾਨੀ ਹਲਕੇ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਮੁੱਦੇ ’ਤੇ ਇਕ ਦੂਜੇ ਖ਼ਿਲਾਫ਼ ਬੋਲਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਮੁੱਦੇ ’ਤੇ ਕਾਂਗਰਸੀ ਲੀਡਰਸ਼ਿਪ ਨੂੰ ਮੀਡੀਆ ਵਿਚ ਜਾਣ ਦੀ ਬਜਾਏ ਪਾਰਟੀ ਪਲੇਟਫਾਰਮ ’ਤੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ ਕਿਉਂਕਿ ਸੀਨੀਅਰ ਲੀਡਰਸ਼ਿਪ ਦਾ ਜਨਤਕ ਤੌਰ ’ਤੇ ਰੋਸ ਪ੍ਰਗਟਾਉਣ ਦਾ ਨੁਕਸਾਨ ਆਉਣ ਵਾਲੀਆਂ ਚੋਣਾਂ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀ ਸੂਬਾਈ ਲੀਡਰਸ਼ਿਪ ਨੂੰ ਇਕਜੁਟ ਰਹਿਣਾ ਚਾਹੀਦਾ ਹੈ ਤੇ ਪਾਰਟੀ ਅਨੁਸ਼ਾਸਨ ਕਾਇਮ ਰੱਖਣਾ ਚਾਹੀਦਾ ਹੈ। ਹੁਸ਼ਿਆਰਪੁਰ ਪਾਰਲੀਮਾਨੀ ਹਲਕੇ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ‘ਬੂਥ ਜੋੜੋ ਯੁਵਾ ਜੋੜੋ’ ਮੁਹਿੰਮ ਤਹਿਤ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ’ਤੇ ਬੇਰੁਜ਼ਗਾਰੀ ਦਿਵਸ ਮਨਾਏਗੀ। ਇਸ ਮੌਕੇ ਕਾਂਗਰਸ ਆਗੂ ਹਿਮਾਂਸ਼ੂ ਗੋਸਾਈਂ, ਪਰਮਵੀਰ ਸਿੰਘ, ਨਵਰਿੰਦਰਜੀਤ ਸਿੰਘ, ਪ੍ਰਣਵ ਕਿਰਪਾਲ, ਸਹਿਜ ਕਲਿਆਣ, ਦੁਰਲੱਭ ਸਿੰਘ, ਪਵਿੱਤਰਜੀਤ ਸਿੰਘ, ਹਰਮਨਦੀਪ ਸਿਘ ਤੇ ਦੀਪਕ ਹਾਜ਼ਰ ਸਨ।