ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਟਰੰਪ ਦੇ ਦਾਅਵਿਆਂ ਬਾਰੇ ਜਵਾਬ ਮੰਗਿਆ
ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੇ ਦਾਅਵਿਆਂ ’ਤੇ ਜਵਾਬ ਮੰਗਿਆ ਹੈ। ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਤੋਂ ਕੁਝ ਦੇਰ ਪਹਿਲਾਂ ਹੀ ਟਰੰਪ ਨੇ ਸੰਬੋਧਨ ਕੀਤਾ ਸੀ। ਕਾਂਗਰਸ ਆਗੂ ਨੇ ਸਵਾਲ ਕੀਤਾ ਕਿ ਕੀ ਪਾਕਿਸਤਾਨ ਖ਼ਿਲਾਫ਼ ਮੁਹਿੰਮ ਵਪਾਰਕ ਸਬੰਧਾਂ ਕਾਰਨ ਰੋਕੀ ਗਈ ਹੈ ਅਤੇ ਕੀ ਉਨ੍ਹਾਂ ਕਸ਼ਮੀਰ ਮਸਲੇ ’ਤੇ ਅਮਰੀਕੀ ਸਾਲਸੀ ਸਵੀਕਾਰ ਕਰ ਲਈ ਹੈ। ਉਨ੍ਹਾਂ ਵੱਖ ਵੱਖ ਮੁੱਦਿਆਂ ’ਤੇ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਵੀ ਦੁਹਰਾਈ। ਰਮੇਸ਼ ਨੇ ਐੱਕਸ ’ਤੇ ਕਿਹਾ, ‘ਪ੍ਰਧਾਨ ਮੰਤਰੀ, ਉਨ੍ਹਾਂ ਦੇ ਢੋਲ ਖੜਕਾਉਣ ਵਾਲਿਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਦੇ ਨਾਂ ਬਹੁਤ ਦੇਰ ਨਾਲ ਕੀਤਾ ਸੰਬੋਧਨ ਰਾਸ਼ਟਰਪਤੀ ਟਰੰਪ ਵੱਲੋਂ ਕੁਝ ਮਿੰਟ ਪਹਿਲਾਂ ਕੀਤੇ ਗਏ ਖੁਲਾਸਿਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪ੍ਰਧਾਨ ਮੰਤਰੀ ਇਸ ’ਤੇ ਪੂਰੀ ਤਰ੍ਹਾਂ ਚੁਪ ਰਹੇ। ਕੀ ਭਾਰਤ ਨੇ ਅਮਰੀਕਾ ਦੀ ਸਾਲਸੀ ’ਤੇ ਸਹਿਮਤੀ ਜਤਾਈ ਹੈ? ਕੀ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਲਈ ਕਿਸੇ ਵੀ ‘ਤੀਜੇ ਮੁਲਕ’ ’ਤੇ ਸਹਿਮਤੀ ਜਤਾਈ ਹੈ? ਕੀ ਭਾਰਤ ਹੁਣ ਆਟੋ, ਖੇਤੀ ਤੇ ਹੋਰ ਖੇਤਰਾਂ ’ਚ ਭਾਰਤੀ ਬਾਜ਼ਾਰ ਖੋਲ੍ਹਣ ਦੀਆਂ ਅਮਰੀਕੀ ਮੰਗਾਂ ਮੰਨ ਲਵੇਗਾ?’ -ਪੀਟਂਆਈ