ਕਾਂਗਰਸ ਨੇ ਟਰੰਪ ਦੇੇ ਵਿਚੋਲਗੀ ਦੇ ਦਾਅਵੇ ’ਤੇ ਸਵਾਲ ਉਠਾਏ
ਨਵੀਂ ਦਿੱਲੀ, 13 ਮਈ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੋਲੀਬੰਦੀ ਦੇ ਐਲਾਨ ਮਗਰੋਂ ਕੇਂਦਰ ਸਰਕਾਰ ਆਪਣਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ ਅਤੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਇੱਥੇ ਕਾਂਗਰਸ ਦੇ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਲੱਗਦਾ ਹੈ ਕਿ ਭਾਰਤੀ ਫੌਜਾਂ ਮਜ਼ਬੂਤ ਹਨ ਤੇ ਉਹ ਪਾਕਿਸਤਾਨ ਨੂੰ ਕਰਾਰ ਜਵਾਬ ਦੇ ਸਕਦੀਆਂ ਸਨ ਤਾਂ ਕਿ ਉਹ ਭਵਿੱਖ ’ਚ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਦੀ ਜੁਰਅਤ ਨਾ ਕਰੇ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਅਚਾਨਕ ਫੌਜੀ ਕਾਰਵਾਈ ਰੋਕੇ ਜਾਣ ਕਾਰਨ ਦੇਸ਼ ਦੀ ਲੋਕਾਂ ’ਚ ਦਿਖਾਈ ਦਿੱਤੇ ਗੁੱਸੇ ਦੇ ਡਰੋਂ ਭਾਜਪਾ ਨੂੰ ‘ਤਿਰੰਗਾ ਯਾਤਰਾ’ ਕੱਢਣ ਲਈ ਮਜਬੂਰ ਹੋਣ ਪਿਆ। ਗਹਿਲੋਤ ਨੇ ਕਿਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨ ਰਾਸ਼ਟਰ ਦੇ ਨਾਮ ਸੰਬੋਧਨ ’ਚ ਸਭ ਨੂੰ ‘ਨਿਰਾਸ਼’ ਕੀਤਾ ਹੈ ਅਤੇ ਉਹ ਟਰੰਪ ਦੇ (ਗੋਲੀਬੰਦੀ ’ਚ) ਵਿਚੋਲਗੀ ਦੇ ਦਾਅਵੇ ਬਾਰੇ ਸਪੱਸ਼ਟੀਕਰਨ ਨਹੀਂ ਦੇ ਸਕੇ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤ ’ਤੇ ਅਮਰੀਕਾ ਦਾ ਕੋਈ ਦਬਾਅ ਸੀ?ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨੂੰ ਕਈ ਸਵਾਲ ਕੀਤੇ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਦਾ ਜਵਾਬ ਕਿਉਂ ਨਹੀਂ ਦੇ ਰਹੇ ਹਨ। ਗਹਿਲੋਤ ਨੇ ਆਖਿਆ, ‘‘ਜਿਸ ਤਰੀਕੇ ਨਾਲ ਗੋਲੀਬੰਦੀ ਦਾ ਐਲਾਨ ਹੋਇਆ ਹੈ, ਇਸ ਨਾਲ ਸਰਕਾਰ ਨੇ ਨੈਤਿਕ ਅਧਿਕਾਰ ਤੇ ਹੌਸਲਾ ਗੁਆ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਕੋਲ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਮੌਕਾ ਸੀ। ਕਾਂਗਰਸੀ ਆਗੂ ਮੁਤਾਬਕ, ‘‘ਇਹ ਉਨ੍ਹਾਂ, ਸਰਕਾਰ ਤੇ ਦੇਸ਼ ਲਈ ਇੱਕ ਸੁਨਹਿਰਾ ਮੌਕਾ ਸੀ ਪਰ ਅਚਾਨਕ ਗੋਲੀਬੰਦੀ ਦੇ ਐਲਾਨ ਨਾਲ ਇਹ ਮੌਕਾ ਖੁੰਝ ਗਿਆ।’’ -ਪੀਟੀਆਈ