ਕਾਂਗਰਸ ਨੇਤਾ ਬੀਆਰਐੱਸ ਦੇ ਨਾਂ ’ਤੇ ਲੋਕਾਂ ਨੂੰ ਕਰ ਰਹੇ ਨੇ ਗੁਮਰਾਹ: ਕੇਸੀਆਰ
ਮੰਚੇਰੀਅਲ, 24 ਨਵੰਬਰ
ਬੀਆਰਐੱਸ ਸੁਪਰੀਮੋ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕਾਂਗਰਸ ਨੇਤਾ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਮੰਗ ਰਹੇ ਹਨ ਕਿ ਉਹ ਜਿੱਤਣ ਮਗਰੋਂ ਬੀਆਰਐੱਸ ’ਚ ਸ਼ਾਮਲ ਹੋ ਜਾਣਗੇ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਸੀਆਰ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਆਸਟਰੇਲੀਆ ਵਿੱਚ ਅਡਾਨੀ ਗਰੁੱਪ ਦੀਆਂ ਕੋਲ ਖਾਣ ਤੋਂ ਕੋਲਾ ਦਰਾਮਦ ਕੀਤਾ ਜਾਵੇਗਾ, ਜਦਕਿ ਸਰਕਾਰੀ ਸਿੰਗਰੇਨੀ ਕੋਲਰੀਜ਼ ਕੰਪਨੀ ਲਿਮਟਿਡ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਕਾਂਗਰਸੀ ਹਾਕਮਾਂ ਦੀ ਅਯੋਗਤਾ ਕਾਰਨ ਸੂਬਾ ਸਰਕਾਰ ਨੂੰ ਐੱਸਸੀਸੀਐੱਲ ਦੀ 49 ਫੀਸਦੀ ਹਿੱਸੇਦਾਰੀ ਵੇਚਣੀ ਪਈ। -ਪੀਟੀਆਈ
ਸੌ ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ
ਨਿਜ਼ਾਮਾਬਾਦ: ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਬੀਆਰਐੱਸ ਦੇ ਹੈਟ੍ਰਿਕ ਲਾਉਣ ਦਾ ਭਰੋਸਾ ਜਤਾਉਂਦਿਆਂ ਪਾਰਟੀ ਨੇਤਾ ਅਤੇ ਮੁੱਖ ਮੰਤਰੀ ਕੇਸੀਆਰ ਦੀ ਧੀ ਕੇ. ਕਵਿਤਾ ਨੇ ਅੱਜ ਇੱਥੇ ਕਿਹਾ ਕਿ ਦਹਾਕਿਆਂ ਦੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕਰਨੀ ਹੁਣ ਸੌਖੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਬੀਆਰਐੱਸ ਸੌ ਸੀਟਾਂ ਜਿੱਤੇਗੀ। ਇੱਥੇ ਇੱਕ ਇੰਟਰਵਿਊ ਦੌਰਾਨ ਕਵਿਤਾ ਨੇ ਕਿਹਾ ਕਿ ਸੂਬੇ ਵਿੱਚ ਪਾਰਟੀ ਲਈ ਕਾਂਗਰਸ ਇੱਕ ਦੂਰ ਦੀ ਚੁਣੌਤੀ ਹੈ, ਜਦਕਿ ਬੀਆਰਐੱਸ ਦੇ ਮੁਕਾਬਲੇ ਭਾਜਪਾ ਦਾ ਨਾਮੋ-ਨਿਸ਼ਾਨ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸੀਂ ਐਤਕੀਂ ਸੈਂਕੜਾ ਲਾਵਾਂਗੇ। ਬੀਆਰਐੱਸ ਹਮੇਸ਼ਾ ਮੋਹਰੀ ਰਹੀ ਹੈ।’’ -ਪੀਟੀਆਈ