ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 23 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਬਰਨਾਲਾ ਦੀ ਅਨਾਜ ਮੰਡੀ ’ਚ 2 ਜੂਨ ਨੂੰ ਕੀਤੀ ਜਾਣ ਵਾਲੀ ‘ਸੰਵਿਧਾਨ ਬਚਾਓ’ ਰੈਲੀ ਦੀ ਤਿਆਰੀਆਂ ਸਬੰਧੀ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਦੇਸ਼ ਭਰ ਵਿੱਚ ਆਲ ਇੰਡੀਆ ਕਾਂਗਰਸ ਮੋਦੀ ਸਰਕਾਰ ਵੱਲੋਂ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਰਾਹੀਂ ਰੈਲੀਆਂ ਕਰ ਰਹੀ ਹੈ। ਪੰਜਾਬ ’ਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਰਾਜ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਵਰਕਰਾਂ ਨੂੰ 2 ਜੂਨ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਕਾਫ਼ਲੇ ਬੰਨ੍ਹ ਕੇ ਰੈਲੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸੰਮੀ ਠੁੱਲੀਵਾਲ ਨੇ ਭਰੋਸਾ ਦਿੱਤਾ ਕਿ ਵੱਡੀ ਗਿਣਤੀ ਵਿੱਚ ਵਰਕਰ ਕਾਫ਼ਲਿਆਂ ਸਮੇਤ ਹਿੱਸਾ ਲੈਣਗੇ। ਇਸ ਮੌਕੇ ਐਡਵੋਕੇਟ ਬਲਦੇਵ ਸਿੰਘ ਪੇਧਨੀ, ਯੂਥ ਆਗੂ ਬਨੀ ਖੈਰਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਗੁਰਮੇਲ ਸਿੰਘ ਮੌੜ, ਬਲਵੰਤ ਰਾਏ ਸ਼ਰਮਾ, ਪ੍ਰਗਟ ਸਿੰਘ ਠੀਕਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।