ਕਾਂਗਰਸ ਦੀਆਂ ਉਮੀਦਾਂ
ਜੇ ਸਾਲ ਕੁ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਪਿਛਲੇ ਤਿੰਨ ਸਾਲਾਂ ਵਿੱਚ ਅਜਿਹਾ ਕੀ ਵਾਪਰਿਆ ਹੈ ਜਿਸ ਤੋਂ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਨੂੰ ਹੁਣੇ ਆਸ ਹੋ ਗਈ ਹੈ ਕਿ ਰਾਜ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦੀ ਜਿੱਤ ਅਤੇ ਸੱਤਾ ਵਿੱਚ ਵਾਪਸੀ ਤੈਅ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਇਹ ਵੀ ਕਹਿਣ ਲੱਗ ਪਏ ਹਨ ਕਿ ‘‘ਇਹ ਕੰਧ ’ਤੇ ਲਿਖਿਆ ਹੋਇਆ ਹੈ’’। ਕੁੱਲ ਹਿੰਦ ਕਾਂਗਰਸ ਕਮੇਟੀ ਦਾ ਹੁਣੇ-ਹੁਣੇ ਅਹਿਮਦਾਬਾਦ (ਗੁਜਰਾਤ) ਵਿੱਚ ਸੰਮੇਲਨ ਹੋ ਕੇ ਹਟਿਆ ਹੈ ਜਿਸ ਵਿੱਚ ਪਾਰਟੀ ਨੇ ਗੁਜਰਾਤ ਵਰਗੇ ਸੂਬਿਆਂ ਵਿੱਚ ਆਪਣਾ ਗੁਆਚਿਆ ਆਧਾਰ ਮੁੜ ਹਾਸਿਲ ਕਰਨ ਲਈ ਰਣਨੀਤੀ ਘੜਨ ’ਤੇ ਕਾਫ਼ੀ ਪੁਣ-ਛਾਣ ਕੀਤੀ ਹੈ। ਪੰਜਾਬ ਦਾ ਦਸਤੂਰ ਤੇ ਮਿਜ਼ਾਜ ਵੱਖਰਾ ਰਿਹਾ ਹੈ ਜਿੱਥੇ ਕਾਂਗਰਸ ਮੁੱਢ ਤੋਂ ਹੀ ਸੱਤਾ ਦੀ ਮਜ਼ਬੂਤ ਦਾਅਵੇਦਾਰ ਬਣੀ ਰਹੀ ਹੈ। ਪਰ ਇਹ ਗੱਲ ਹਰਿਆਣਾ ਅਤੇ ਕੁਝ ਹੋਰ ਰਾਜਾਂ ਵਿੱਚ ਵੀ ਕਹੀ ਜਾਂਦੀ ਸੀ ਜਿੱਥੇ ਇਸੇ ਸਾਲ ਇਸ ਨੂੰ ਲਗਾਤਾਰ ਤੀਜੀ ਵਾਰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਿਰ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ ਅਤੇ ਅਰਥਚਾਰੇ ਦਾ ਮੂੰਹ ਮੱਥਾ ਨਹੀਂ ਬੱਝ ਰਿਹਾ। ਖੇਤੀਬਾੜੀ ਸੰਕਟ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਵਿਦੇਸ਼ ਜਾ ਕੇ ਕਮਾਈਆਂ ਦੇ ਰਾਹ ਬੰਦ ਹੋਣ ਕਰ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਹਾਲਾਤ ਹੋਰ ਜ਼ਿਆਦਾ ਗੰਭੀਰ ਬਣ ਗਏ ਹਨ ਅਤੇ ਸਭ ਤੋਂ ਵੱਧ, ਅਮਨ ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ ਤੇ ਇਸ ਲਈ ਜ਼ਿੰਮੇਵਾਰ ਮੋਹਰੀ ਏਜੰਸੀ, ਭਾਵ ਪੰਜਾਬ ਪੁਲੀਸ ਹਰ ਰੋਜ਼ ਗ਼ਲਤ ਕਾਰਨਾਂ ਕਰ ਕੇ ਸੁਰਖ਼ੀਆਂ ਵਿੱਚ ਛਾਈ ਹੋਈ ਹੈ। ਉਂਝ, ਸੱਤਾਧਾਰੀ ਧਿਰ ਕਿਸਾਨ ਜਥੇਬੰਦੀਆਂ ਦੀ ਚੁਣੌਤੀ ਨੂੰ ‘ਕਰੜੇ ਹੱਥੀਂ’ ਨਿਪਟਣ ਵਿੱਚ ਸਫ਼ਲ ਰਹੀ ਹੈ ਜਦੋਂਕਿ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਜਾਂ ਸੜਕਾਂ ’ਤੇ ਘੇਰਨ ਵਿੱਚ ਨਾਕਾਮ ਸਾਬਿਤ ਹੋਈਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਅਜਿਹਾ ਕੋਈ ਤਰੱਦਦ ਹੀ ਨਹੀਂ ਕੀਤਾ ਜਾਂ ਉਹ ਆਪਣੇ ਅੰਦਰੂਨੀ ਝਗੜੇ ਝੇੜਿਆਂ ਵਿੱਚ ਹੀ ਘਿਰੀਆਂ ਹੋਈਆਂ ਹਨ।
ਕੁਝ ਸਮਾਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਦਾਅਵਾ ਕੀਤਾ ਸੀ ਕਿ ‘ਆਪ’ ਦੇ 32 ਵਿਧਾਇਕ ਉਨ੍ਹਾਂ ਦੇ ‘ਸੰਪਰਕ’ ਵਿੱਚ ਹਨ ਅਤੇ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ‘ਪੰਜਾਬ ਦੇ ਲੋਕ ਇਸ ਸਰਕਾਰ ਤੋਂ ਤੰਗ ਆ ਚੁੱਕੇ ਹਨ ਤੇ ਇਸ ਕੋਲੋਂ ਛੇਤੀ ਛੁਟਕਾਰਾ ਪਾਉਣ ਲਈ ਕਾਹਲੇ ਹਨ।’ ਜੇ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ‘ਅਬ ਤਕ ਦਿਲ-ਏ-ਖੁਸ਼ਫਹਿਮੀ ਕੋ ਹੈ ਤੁਝ ਸੇ ਉਮੀਦੇਂ...’। ਕਾਂਗਰਸ ਆਗੂਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਬੈਠੇ ਬਿਠਾਏ ਸੱਤਾ ਦਾ ਥਾਲ ਮਿਲਣ ਦੇ ਦਿਨ ਲੱਦ ਗਏ ਹਨ। ਪੰਜਾਬ ਦੇ ਸਿਆਸੀ ਧਰਾਤਲ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ। ਕੀ ਕਾਂਗਰਸ ਕੋਲ ਪੰਜਾਬ ਦੇ ਸਿਆਸੀ, ਆਰਥਿਕ ਤੇ ਸਮਾਜੀ ਧਰਾਤਲ ਨਾਲ ਜੁੜਨ ਦਾ ਕੋਈ ਬਿਰਤਾਂਤ ਮੌਜੂਦ ਹੈ? ਸਭ ਤੋਂ ਵਧ ਕੇ ਇਹ ਕਿ ਕਾਂਗਰਸ ਅੰਦਰੋਂ ਹੀ ਕੋਈ ਨਾ ਕੋਈ ਜੰਮ ਪੈਂਦਾ ਹੈ ਜੋ ਇਸ ਦੀ ਬੇੜੀ ਡੁਬੋ ਦਿੰਦਾ ਹੈ ਤੇ ਕਈ ਵਾਰ ਤਾਂ ਉੱਥੇ ਵੀ ਜਿੱਥੇ ਪਾਣੀ ਵੀ ਘੱਟ ਹੁੰਦਾ ਹੈ।