ਕਾਂਗਰਸ ਤੇ ‘ਆਪ’ ਡਰਾਮੇਬਾਜ਼ੀ ਕਰ ਰਹੀਆਂ ਨੇ: ਘੁੰਮਣ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੂਨ
ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ, ਵੋਟਰਾਂ ਨਾਲ ਨਿੱਜੀ ਅਤੇ ਸਿੱਧਾ ਸੰਪਰਕ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ‘ਸੱਚ ਦਾ ਪ੍ਰਚਾਰ’ ਨਾਅਰੇ ਹੇਠ ਚੱਲ ਰਹੀ ਉਨ੍ਹਾਂ ਦੀ ਮੁਹਿੰਮ ਵਿਰੋਧੀਆਂ ’ਤੇ ਸਿੱਧਾ ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਅਤੇ ‘ਆਪ’ ਡਰਾਮੇਬਾਜ਼ੀ ਦੀ ਰਾਜਨੀਤੀ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਵੋਟ ਹਾਸਲ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਦੀ ਇਸ ਨੀਤੀ ਨੂੰ ਲੋਕ ਪ੍ਰਵਾਨ ਨਹੀਂ ਕਰ ਰਹੇ।
ਐਡਵੋਕੇਟ ਘੁੰਮਣ ਵੱਲੋਂ ਅੱਜ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਖ਼ਤ ਕਾਨੂੰਨੀ ਰਣਨੀਤੀ, ਨੌਜਵਾਨਾਂ ਲਈ ਰੁਜ਼ਗਾਰ ਮੌਕੇ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਵੱਲ ਆਪਣੇ ਯਤਨਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੂਜੀਆਂ ਰਾਜਨੀਤਕ ਪਾਰਟੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਝੂਠ ਦੀ ਰਾਜਨੀਤੀ ਦਾ ਅੰਤ ਨੇੜੇ ਆ ਚੁੱਕਾ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਨਾਲ ਸਿਰਫ਼ ਵਾਅਦੇ ਕੀਤੇ ਸਨ, ਪਰ ਨਿਭਾਏ ਨਹੀਂ। ਐਡਵੋਕੇਟ ਘੁੰਮਣ ਜਿੱਥੇ ਵੀ ਗਏ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਭਰੋਸਾ ਜਤਾਇਆ ਕਿ ਇਸ ਵਾਰ ਹਲਕਾ ਪੱਛਮੀ ਵਿੱਚ ਇਕ ਨਵੀਂ ਸੋਚ ਦੀ ਜਿੱਤ ਹੋਵੇਗੀ। ਅੱਜ ਨਿੱਕੀ ਬੱਚੀ ਦਿਲਰੋਜ ਦੇ ਪ੍ਰੀਵਾਰਕ ਮੈਂਬਰਾਂ ਵੱਲੋਂ ਵੀ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਵਿੱਚ ਹਾਜ਼ਰ ਹੋਕੇ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਗਵਾਂਢਣ ਵੱਲੋਂ ਮੌਤ ਦੀ ਗੋਦ ਵਿੱਚ ਸੁੱਟੀ ਗਈ ਨਿੱਕੀ ਬੱਚੀ ਦੀ ਤਸਵੀਰ ਜ਼ਿਹਨ ਵਿੱਚ ਲਿਆਕੇ ਆਪਣੇ ਵੋਟ ਦਾ ਇਸਤੇਮਾਲ ਕਰਨ।