ਕਾਂਗਰਸ ਚਾਰ ਦਹਾਕਿਆਂ ਤੱਕ ਨਹੀਂ ਸਮਝ ਸਕਦੀ ਕਿ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕਰਨਾ ਕਿੰਨਾ ਅਹਿਮ ਸੀ: ਮੋਦੀ
ਮਨਧੀਰ ਸਿੰਘ ਦਿਓਲ/ਏਜੰਸੀ
ਚੰਡੀਗੜ੍ਹ, 7 ਅਗਸਤ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਚਾਰ ਦਹਾਕਿਆਂ ਤੱਕ ਇਹ ਨਹੀਂ ਸਮਝ ਸਕਦੀ ਕਿ ਆਜ਼ਾਦੀ ਮਗਰੋਂ ਪਿੰਡਾਂ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕਰਨਾ ਕਿੰਨਾ ਅਹਿਮ ਸੀ। ਉਹ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਭਾਜਪਾ ਵੱਲੋਂ ਕਰਵਾਈ ਜਾ ਰਹੀ ਦੋ ਦਿਨਾਂ ‘ਹਰਿਆਣਾ ਖੇਤਰੀ ਪੰਚਾਇਤੀ ਰਾਜ ਪਰਿਸ਼ਦ’ ਵਰਕਸ਼ਾਪ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕਰਨ ਮਗਰੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ,‘ਕਾਂਗਰਸ ਦੇ ਸ਼ਾਸਨ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਦੀ ਮਜ਼ਬੂਤੀ ਲਈ ਕੋਈ ਖ਼ਾਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਅੱਜ ਸਾਡਾ ਮੁਲਕ ਵਿਕਸਿਤ ਭਾਰਤ ਦੇ ਟੀਚੇ ਅਤੇ ‘ਅੰਮ੍ਰਿਤ ਕਾਲ’ ਦੇ ਮਹੱਤਵਪੂਰਨ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ,‘ਅੰਮ੍ਰਿਤ ਕਾਲ’ ਦੇ ਸਫ਼ਰ ਦੇ 25 ਸਾਲਾਂ ਦੌਰਾਨ ਸਾਨੂੰ ਪਿਛਲੇ ਦਹਾਕਿਆਂ ਦੇ ਅਨੁਭਵ ਧਿਆਨ ਵਿੱਚ ਰੱਖਣੇ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜ਼ਿਲ੍ਹਾ ਪੰਚਾਇਤ ਪ੍ਰਣਾਲੀ ਵੀ ਖ਼ਤਮ ਕਰ ਦਿੱਤੀ ਸੀ। ਸ੍ਰੀ ਮੋਦੀ ਨੇ ਕਿਹਾ,‘ਸਿੱਟੇ ਵਜੋਂ ਪਿੰਡਾਂ ਵਿੱਚ ਰਹਿਣ ਵਾਲੀ ਮੁਲਕ ਦੀ ਦੋ-ਤਿਹਾਈ ਵਸੋਂ ਸੜਕਾਂ, ਬਿਜਲੀ, ਪਾਣੀ, ਬੈਂਕਾਂ ਤੇ ਘਰਾਂ ਜਿਹੀਆਂ ਮੁੱਢਲੀਆਂ ਲੋੜਾਂ ਲਈ ਤਰਸਦੀ ਰਹਿ ਗਈ। ਇਹੀ ਕਾਰਨ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਮੁਲਕ ਦੇ 18,000 ਪਿੰਡਾਂ ਵਿੱਚ ਅਜੇ ਵੀ ਬਿਜਲੀ ਨਹੀਂ ਹੈ। ਕਿਸਾਨਾਂ ਦੀ ਭਲਾਈ ਲਈ ਚੁੱਕੇ ਕਈ ਕਦਮਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ,‘ਮੋਦੀ ਦੀਆਂ ਗਾਰੰਟੀਆਂ ਚੋਣ ਵਾਅਦੇ ਨਹੀਂ ਹਨ। ਜਦੋਂ ਮੋਦੀ ਆਪਣੀ ਗਾਰੰਟੀ ਦਿੰਦਾ ਹੈ ਤਾਂ ਉਹ ਇਨ੍ਹਾਂ ਨੂੰ ਅਸਲ ’ਚ ਪੂਰਾ ਵੀ ਕਰਦਾ ਹੈ।’ ਸੂਰਜਕੁੰਡ ਵਿੱਚ ਸ਼ੁਰੂ ਹੋਏ ਇਸ ਸਮਾਗਮ ਵਿੱਚ ਭਾਜਪਾ ਪ੍ਰਧਾਨ ਜੇ ਪੀ ਨੱਢਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਸੂਬਾਈ ਪ੍ਰਧਾਨ ਓ ਪੀ ਧਨਖੜ ਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ, ਜ਼ਿਲ੍ਹਾ ਪਰਿਸ਼ਦਾਂ ਦੇ ਮੁਖੀ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਸਮੇਤ ਉੱਤਰੀ ਭਾਰਤ ਦੇ ਹੋਰ ਕਈ ਸੂਬਿਆਂ ਤੋਂ ਪੁੱਜੇ ਅਧਿਕਾਰੀਆਂ ਸਮੇਤ ਕੁੱਲ 182 ਡੈਲੀਗੇਟਾਂ ਨੇ ਹਿੱਸਾ ਲਿਆ।
ਸ੍ਰੀ ਨੱਢਾ ਨੇ ਕਿਹਾ ਕਿ ਅਗਲੀ ਵਰਕਸ਼ਾਪ ਪੱਛਮੀ ਬੰਗਾਲ ਦੇ ਹਾਵੜਾ ਵਿੱਚ 12-13 ਅਗਸਤ ਨੂੰ ਹੋਵੇਗੀ ਜਿਸ ਵਿੱਚ 134 ਡੈਲੀਗੇਟ ਹਿੱਸਾ ਲੈਣਗੇ। ਸ੍ਰੀ ਮੋਦੀ ਨੇ ਸਮਾਗਮ ਵਿੱਚ ਮੌਜੂਦ ਡੈਲੀਗੇਟਾਂ ਨੂੰ ਕਿਹਾ,‘ਜ਼ਿਲ੍ਹਾ ਪੰਚਾਇਤਾਂ ਵਿੱਚ ਕਿਸੇ ਵੀ ਸੈਕਟਰ ਵਿੱਚ ਬਦਲਾਅ ਲਿਆਉਣ ਦੀ ਸਮਰੱਥਾ ਹੈ ਤੇ ਇਸ ਸੰਦਰਭ ਵਿੱਚ ਭਾਜਪਾ ਨੁਮਾਇੰਦਿਆਂ ਵਜੋਂ ਤੁਹਾਡੀ ਭੂਮਿਕਾ ਕਾਫ਼ੀ ਅਹਿਮ ਹੋ ਜਾਂਦੀ ਹੈ।’ ਉਨ੍ਹਾਂ ਅੱਜ 9 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਸਾਰਾ ਮੁਲਕ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਜਿਹੇ ਕਲੰਕਾਂ ਨੂੰ ਭਾਰਤ ਛੱਡਣ ਲਈ ਆਖ ਰਿਹਾ ਹੈ। ਉਨ੍ਹਾਂ ਇਸ ਦੌਰਾਨ 15 ਅਗਸਤ ਦੇ ਮੱਦੇਨਜ਼ਰ ਜ਼ਿਲ੍ਹਾ ਪਰਿਸ਼ਦਾਂ ਦੇ ਨੁਮਾਇੰਦਿਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਲਈ ਯਤਨ ਕਰਨ ਲਈ ਕਿਹਾ। ‘ਸਵਦੇਸ਼ੀ ਅੰਦੋਲਨ’ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਪੰਚਾਇਤੀ ਮੈਂਬਰਾਂ ਨੂੰ ਸਥਾਨਕ ਲੋਕਾਂ ਦੀ ਆਵਾਜ਼ ਬਣਨ ਤੇ ਸਥਾਨਕ ਵਸਤਾਂ ਦੀ ਵਰਤੋਂ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਰੱਖੜੀ ਤੇ ਦੀਵਾਲੀ ਜਿਹੇ ਤਿਉਹਾਰਾਂ ਮੌਕੇ ‘ਮੇਕ ਇਨ ਇੰਡੀਆ’ ਦੇ ਉਤਪਾਦ ਖ਼ਰੀਦਣ ’ਤੇ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹਾ ਪੰਚਾਇਤ ਵਿਕਾਸ ਯੋਜਨਾ ਬਣਾਉਣ ਦੀ ਵਕਾਲਤ ਵੀ ਕੀਤੀ।-ਪੀਟੀਆਈ
ਇਸ ਦੌਰਾਨ ਇੱਥੇ ਪ੍ਰਗਤੀ ਮੈਦਾਨ ਵਿੱਚ ਕੌਮੀ ਹਸਤਕਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਹੀ ਭਾਰਤ ਦੀ ਹਸਤਕਲਾ, ਖਾਦੀ ਤੇ ਟੈਕਸਟਾਈਲ ਸੈਕਟਰ ਨੂੰ ਵਿਸ਼ਵ ਜੇਤੂ ਬਣਾਉਣ ਲਈ ਯਤਨ ਕੀਤੇ ਗਏ ਹਨ। ਉਨ੍ਹਾਂ ਆਪਣੀ ਸਰਕਾਰ ਵੱਲੋਂ ਸਾਲ 2014 ਤੋਂ ਹੁਣ ਤੱਕ ਜੁਲਾਹਿਆਂ ਤੇ ਹੈਂਡਲੂਮ ਸੈਕਟਰ ਲਈ ਚੁੱਕੇ ਕਦਮ ਵੀ ਗਿਣਾਏ। ਉਨ੍ਹਾਂ ‘ਵੋਕਲ ਫਾਰ ਲੋਕਲ’ ਮੁਹਿੰਮ ਦੇ ਵੱਡੇ ਅੰਦੋਲਨ ਬਣਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ 5 ਟ੍ਰਿਲੀਅਨ ਅਮਰੀਕੀ ਡਾਲਰਾਂ ਦੀ ਅਰਥਵਿਵਸਥਾ ਬਣਾਉਣ ਲਈ ਟੈਕਸਟਾਈਲ ਤੇ ਫੈਸ਼ਨ ਇੰਡਸਟਰੀ ਨੂੰ ਆਪਣਾ ਘੇਰਾ ਵਧਾਉਣ ਦੀ ਲੋੜ ਹੈ।
ਪਿੰਡਾਂ ਦੇ ਵਿਕਾਸ ਬਿਨਾਂ ਸੂਬੇ ਤੇ ਦੇਸ਼ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੇਸ਼ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ ਅਤੇ ਸਾਡੀ ਆਰਥਿਕਤਾ ਅਜੇ ਵੀ ਖੇਤੀਬਾੜੀ ’ਤੇ ਵੱਧ ਨਿਰਭਰ ਕਰਦੀ ਹੈ| ਇਸ ਲਈ ਪਿੰਡਾਂ ਦੇ ਸਰਬਪੱਖੀ ਵਿਕਾਸ ਤੋਂ ਬਿਨਾਂ ਸੂਬੇ ਅਤੇ ਦੇਸ਼ ਦੇ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਪਿੰਡਾਂ ਦਾ ਵਿਕਾਸ ਸਾਡੀ ਮੁੱਢਲੀ ਲੋੜ ਹੈ। ਪਿਛਲੇ ਕਰੀਬ 9 ਸਾਲਾਂ ’ਚ ਅਸੀਂ ਹਰਿਆਣਾ ਦੇ ਪਿੰਡਾਂ ਦੇ ਵਿਕਾਸ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਤੇ ਇਨ੍ਹਾਂ ਨੂੰ ਲਾਗੂ ਕਰਨ ਦੇ ਪੱਧਰ ’ਤੇ ਕਈ ਤਜਰਬੇ ਵੀ ਕੀਤੇ।