ਕਾਂਗਰਸੀ ਵਰਕਰਾਂ ਤੇ ਕੌਂਸਲਰਾਂ ਨੇ ਸ਼ਾਹ ਦਾ ਪੁਤਲਾ ਸਾੜਿਆ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 22 ਦਸੰਬਰ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ, ਕੌਂਸਲਰਾਂ ਅਤੇ ਆਗੂਆਂ ਨੇ ਮੁਹਾਲੀ ਦੇ ਫੇਜ਼ ਤਿੰਨ-ਪੰਜ ਦੀਆਂ ਲਾਈਟਾਂ ’ਤੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਵੀ ਸਾੜਿਆ। ਕਾਂਗਰਸੀ ਕਾਰਕੁਨ ਅਮਿਤ ਸ਼ਾਹ ਵੱਲੋਂ ਲੰਘੇ ਸੰਸਦ ਸੈਸ਼ਨ ਵਿੱਚ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਵਿਰੁੱਧ ਟਿੱਪਣੀਆਂ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੇ ਕੇਸ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਸ੍ਰੀ ਸਿੱਧੂ ਨੇ ਮੰਗ ਕੀਤੀ ਕਿ ਅਮਿਤ ਸ਼ਾਹ ਨੂੰ ਤੁਰੰਤ ਕੇਂਦਰੀ ਵਜ਼ਾਰਤ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਡਾ ਅੰਬੇਡਕਰ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਨਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਲਿਤ ਅਤੇ ਸੰਵਿਧਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਕਮੇਟੀ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਪ੍ਰਦੀਪ ਸੋਨੀ, ਨਵਦੀਪ ਸਿੰਘ ਨਵੀ ਸੰਧੂ, ਅਸ਼ੋਕ ਕੌਂਡਲ, ਸੰਤ ਸਿੰਘ ਸੰਨੀ ਕੰਡਾ, ਬਿਕਰਮ ਸਿੰਘ, ਅਮਰੀਕ ਸਿੰਘ ਕੰਬਾਲਾ, ਕੁਲਵਿੰਦਰ ਸਿੰਘ ਸੰਜੂ ਅਤੇ ਦਿਲਬਰ ਖਾਨ ਮਟੌਰ ਹਾਜ਼ਰ ਸਨ।