ਕਾਂਗਰਸੀਆਂ ਦੇ ਵਫ਼ਦ ਵੱਲੋਂ ਐੱਸਐੱਸਪੀ ਨਾਲ ਮੁਲਾਕਾਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਗਸਤ
ਭਵਾਨੀਗੜ੍ਹ ਦੀ ਮਹਿਲਾ ਕਾਂਗਰਸੀ ਕੌਂਸਲਰ ਨੂੰ ਕੁਝ ਹੋਰ ਕੌਂਸਲਰਾਂ ਵੱਲੋਂ ਜਾਤੀਸੂਚਕ ਸ਼ਬਦ ਬੋਲੇ ਜਾਣ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪਾਰਟੀ ਨਾਲ ਜੁੜੀ ਕੌਂਸਲਰ ਦੇ ਹੱਕ ਵਿੱਚ ਡਟ ਕੇ ਖੜ੍ਹਦਿਆਂ ਐਸਐਸਪੀ ਸੰਗਰੂਰ ਨੂੰ ਵਫ਼ਦ ਦੇ ਰੂਪ ਵਿੱਚ ਮਿਲ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਉਠਾਈ। ਸ੍ਰੀ ਖੰਗੂੜਾ ਨੇ ਦੱਸਿਆ ਕਿ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਸੱਤਾਧਾਰੀ ਧਿਰ ਦੀ ਝੋਲੀ ’ਚ ਪਏ ਕੁਝ ਉਨ੍ਹਾਂ ਦੀ ਪਾਰਟੀ ਦੇ ਹੀ ਪੁਰਾਣੇ ਆਗੂ ਤੇ ਕੌਂਸਲਰ ਪ੍ਰਧਾਨਗੀ ਹਥਿਆਉਣ ਲਈ ਵਾਰਡ ਨੰਬਰ 5 ਦੀ ਇੱਕ ਕੌਂਸਲਰ ਨੂੰ ਡਰਾਵੇ ਦੇ ਕੇ ਆਪਣੇ ਪੱਖ ਵਿੱਚ ਭੁਗਤਾਉਣ ਅਤੇ ਜਬਰੀ ਕਾਂਗਰਸ ਪਾਰਟੀ ਛੁਡਵਾਉਣ ਦੀ ਕੋਸ਼ਿਸ਼ ਵਿੱਚ ਹਨ। ਕਾਂਗਰਸੀ ਕੌਂਸਲਰ ਵੱਲੋਂ ਉਨ੍ਹਾਂ ਦੀ ਈਨ ਨਾ ਮੰਨਣ ਤੋਂ ਗੁੱਸੇ ਵਿੱਚ ਆਏ ਆਗੂ ਜਾਤੀਸੂਚਕ ਸ਼ਬਦ ਬੋਲ ਕੇ ਭੈਣ ਦਾ ਅਪਮਾਨ ਕੀਤਾ ਜੋ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਸਬੰਧੀ ਸਾਰਾ ਮਾਮਲਾ ਲਿਖਤੀ ਤੌਰ ’ਤੇ ਭਵਾਨੀਗੜ੍ਹ ਥਾਣੇ ਦੇ ਧਿਆਨ ਵਿੱਚ ਪਹਿਲਾਂ ਹੀ ਲਿਆਂਦਾ ਜਾ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਹੋ ਸਕੀ। ਸ੍ਰੀ ਖੰਗੂੜਾ ਨੇ ਦਾਅਵਾ ਕੀਤਾ ਕਿ ਐਸਐਸਪੀ ਸੰਗਰੂਰ ਨੇ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਜਾਂਚ ਆਪਣੀ ਨਿਗਰਾਨੀ ਹੇਠ ਕਰਵਾਉਣਗੇ ਅਤੇ ਬਕਾਇਦਾ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਨਿਰਦੇਸ਼ ਵਿੱਚ ਦਿੱਤੇ ਗਏ।