ਕਾਂਗਰਸੀਆਂ ਵੱਲੋਂ ਗ੍ਰਹਿ ਮੰਤਰੀ ਤੇ ਭਾਜਪਾ ਖ਼ਿਲਾਫ਼ ਮੁਜ਼ਾਹਰਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਦਸੰਬਰ
ਸਥਾਨਕ ਅੰਬੇਡਕਰ ਚੌਕ ਵਿੱਚ ਪੰਜਾਬ ਕਾਂਗਰਸ ਦੇ ਸੱਦੇ ’ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਹਿ ਅਤੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਚੌਕ ਵਿੱਚ ਨਾਅਰੇਬਾਜ਼ੀ ਕਰਨ ਉਪਰੰਤ ਇਕ ਰੋਸ ਮਾਰਚ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਮੰਗ-ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੱਦੇ ’ਤੇ ਕੀਤੇ ਰੋਸ ਮੁਜ਼ਾਹਰੇ ਵਿੱਚ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਤੋਂ ਇਲਾਵਾ ਸਥਾਨਕ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਕੀਤੇ ਮੁਜ਼ਾਹਰੇ ਵਿੱਚ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਵਿਕਰਮ ਸਿੰਘ ਬਾਜਵਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਮਨਜੀਤ ਸਿੰਘ ਹੰਬੜਾਂ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਜਗਜੀਤ ਸਿੰਘ ਕਾਉਂਕੇ, ਯੂਥ ਪ੍ਰਧਾਨ ਮਨੀ ਗਰਗ, ਪ੍ਰਧਾਨ ਮੇਸ਼ੀ ਸਹੋਤਾ ਆਦਿ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਸੰਵਿਧਾਨ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਦਾ ਜੋ ਅਪਮਾਨ ਕੀਤਾ ਉਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਇਸ ਨਾਲ ਭਾਜਪਾ ਦੀ ਦਲਿਤ ਵਿਰੋਧੀ ਸੋਚ ਵੀ ਉਜਾਗਰ ਹੋਈ ਹੈ। ਇਸ ਲਈ ਗ੍ਰਹਿ ਮੰਤਰੀ ਅਤੇ ਭਾਜਪਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ੋਕਿ ਅਨੁਸੂਚਿਤ ਜਾਤੀ ਨਾਲ ਜੁੜੇ ਹੋਣ ਦੇ ਬਾਵਜੂਦ ਜਿਹੜੇ ਆਗੂ ਭਾਜਪਾ ’ਚ ਹਾਲੇ ਵੀ ਟਿਕੇ ਬੈਠੇ ਹਨ, ਉਨ੍ਹਾਂ ਨੂੰ ਥੋੜ੍ਹੀ ਹਿੰਮਤ ਦਿਖਾਉਂਦੇ ਹੋਏ ਹਰ ਕਿਸਮ ਦਾ ਮੋਹ ਤਿਆਗ ਕੇ ਭਾਜਪਾ ਦਾ ਹੀ ਤਿਆਗ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਇਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ। ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਨੇ ਪੱਲੇਦਾਰ ਮਜ਼ਦੂਰਾਂ ਤੇ ਇਨਕਲਾਬੀ ਕੇਂਦਰ ਪੰਜਾਬ ਨਾਲ ਮਿਲ ਕੇ ਇਹ ਰੋਸ ਪ੍ਰਦਰਸ਼ਨ ਕੀਤਾ।
ਸਮਾਜਸੇਵੀ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਵਿਰੁੱਧ ਧਰਨਾ
ਸਮਰਾਲਾ (ਡੀਪੀਐੱਸ ਬੱਤਰਾ): ਇਥੇ ਲੇਬਰ ਚੌਕ ਵਿੱਚ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਟਿੱਪਣੀ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਕਿਹਾ ਕਿਸ ਪਛੱੜੇ ਸਮਾਜ ਲਈ ਮੌਜੂਦਾ ਸਰਕਾਰਾਂ ਅਜੇ ਵੀ ਮਾੜੀ ਸੋਚ ਰੱਖਦੀਆਂ ਹਨ। ਡਾ. ਸੋਹਣ ਲਾਲ ਬਲੱਗਣ ਅਤੇ ਐਡਵੋਕੇਟ ਸ਼ਿਵ ਕਲਿਆਣ ਨੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਆ ਰਹੇ ਨਿਘਾਰ ਅਤੇ ਉੱਚ ਅਹੁਦੇ ’ਤੇ ਬਿਰਾਜਮਾਨ ਨੇਤਾ ਵੱਲੋਂ ਵਰਤੀ ਭੈੜੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਇਹ ਮਨੂੰਵਾਦੀ ਸੋਚ ਰੱਖਣ ਵਾਲੇ ਸਿਆਸੀ ਲੋਕ ਹੀ ਦੇਸ਼ ਦੀ ਭਾਈਚਾਰਕ ਸਾਂਝ ਲਈ ਖਤਰਾ ਹਨ, ਸਾਨੂੰ ਅਜਿਹੇ ਨੇਤਾਵਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਇਸ ਮੌਕੇ ਨਿਰਮਲ ਸਿੰਘ ਹਰਬੰਸਪੁਰਾ, ਹਰਬੰਸ ਮਾਲਵਾ, ਪ੍ਰਵੀਨ ਪਟਵਾਰੀ, ਸੁਖਜਿੰਦਰ ਸਿੰਘ ਰਿੰਕੂ ਆਦਿ ਹਾਜ਼ਰ ਸਨ।