ਕਾਂਗੜਾ ਘਾਟੀ ਲਈ ਪਹਿਲੀ ਜੁਲਾਈ ਤੋਂ ਰੇਲ ਸੇਵਾ ਹੋਵੇਗੀ ਬਹਾਲ
ਐੱਨ ਪੀ ਧਵਨ
ਪਠਾਨਕੋਟ, 18 ਮਈ
ਚੱਕੀ ਦਰਿਆ ’ਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ 40 ਕਰੋੜ ਰੁਪਏ ਨਾਲ ਬਣ ਰਹੇ ਨੈਰੋਗੇਜ਼ ਰੇਲਵੇ ਪੁਲ ਦਾ ਨਿਰਮਾਣ ਕਾਰਜ ਅਗਲੇ ਮਹੀਨੇ ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਜੁਲਾਈ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਨੂੰ ਜਾਣ ਵਾਲੀਆਂ ਰੇਲਗੱਡੀਆਂ ਮੁੜ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਇਹ ਰੇਲਵੇ ਪੁਲ 20 ਅਗਸਤ 2022 ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਕਾਰਨ ਰੁੜ੍ਹ ਗਿਆ ਸੀ। ਨਵੇਂ ਪੁਲ ਦਾ ਨਿਰਮਾਣ ਜਨਵਰੀ 2023 ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ 20 ਅਗਸਤ 2022 ਤੋਂ ਹੀ ਪਠਾਨਕੋਟ ਤੋਂ ਕਾਂਗੜਾ ਘਾਟੀ ਵਾਲੀ ਰੇਲ ਸੇਵਾ ਬੰਦ ਹੋ ਗਈ ਸੀ ਪਰ ਬਾਅਦ ਵਿੱਚ ਰੇਲਵੇ ਵਿਭਾਗ ਵੱਲੋਂ ਨੂਰਪੁਰ ਰੋਡ ਤੋਂ ਬੈਜਨਾਥ ਪਪਰੋਲਾ ਤੱਕ ਰੇਲ ਸੇਵਾ ਬਹਾਲ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਰੇਲਵੇ ਪੁਲ ਦੇ ਪਿੱਲਰਾਂ ’ਤੇ ਸਟੀਲ ਦੇ ਗਾਰਡਰ ਰੱਖ ਦਿੱਤੇ ਗਏ ਹਨ ਜਦਕਿ ਸਿਰਫ਼ ਦੋ ਪਿੱਲਰਾਂ ਦਰਮਿਆਨ ਗਾਰਡਰ ਰੱਖਣੇ ਬਾਕੀ ਹਨ। ਪੰਜਾਬ ਵਾਲੇ ਪਾਸੇ ਦੀਵਾਰ ਦਾ ਕੰਮ ਚੱਲ ਰਿਹਾ ਹੈ ਜੋ 10 ਕੁ ਦਿਨ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਰੇਲਵੇ ਵਿਭਾਗ ਦੇ ਪੁਲ ਦੇ ਇੰਚਾਰਜ ਤੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਗਾਰਡਰ ਤਿਆਰ ਕਰ ਦਿੱਤੇ ਗਏ ਹਨ ਤੇ ਉਨ੍ਹਾਂ ’ਤੇ ਸਲੀਪਰ ਫਿੱਟ ਕੀਤੇ ਜਾ ਰਹੇ ਹਨ, ਜਿਸ ਮਗਰੋਂ ਰੇਲ ਲਾਈਨ ਵੀ ਵਿਛਾ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗੜਾ ਘਾਟੀ ਵਿੱਚ ਬੰਦ ਰੇਲ ਸੇਵਾਵਾਂ ਇਸ ਪੁਲ ਦੇ ਮੁਕੰਮਲ ਹੋਣ ਤੋਂ ਬਾਅਦ ਪਹਿਲੀ ਜੁਲਾਈ ਤੋਂ ਬਹਾਲ ਹੋ ਜਾਣਗੀਆਂ।