ਕਹਾਣੀ ਦੀ ਕਰਾਮਾਤ
ਅਮਰਜੀਤ ਸਿੰਘ ਮਾਨ
ਇੱਕ ਸਾਹਿਤਕ ਪ੍ਰੋਗਰਾਮ ਵਿੱਚ ਮੇਜ਼ਬਾਨ ਨੇ ਮਹਿਮਾਨ ਸਾਹਿਤਕਾਰ ਨੂੰ ਤਿੱਖਾ ਸਵਾਲ ਪੁੱਛਿਆ, ‘‘ਅੱਜ ਜਦੋਂ ਇੰਨਾ ਕੁਝ ਲਿਖਿਆ ਜਾ ਰਿਹਾ ਹੈ ਤਾਂ ਪਾਠਕ ਤੁਹਾਨੂੰ ਕਿਉਂ ਪੜ੍ਹੇ?’’ ਸਾਹਿਤਕਾਰ ਨੇ ਜਵਾਬ ਦਿੱਤਾ, “ਕਿਉਂ ਪੜ੍ਹੇ ਤੋਂ ਪਹਿਲਾਂ ਸਵਾਲ ਬਣਦਾ ਹੈ, ਮੈਂ ਕਿਉਂ ਲਿਖਾਂ।’’ ਫਿਰ ਉਸ ਨੇ ਆਪ ਹੀ ਜਵਾਬ ਦਿੱਤਾ, ‘‘ਆਮ ਦੁਆਲੇ ਕਿੰਨਾ ਕੁਝ ਐ ਜੋ ਮੇਰੀਆਂ ਖੁੱਲ੍ਹੀਆਂ ਅੱਖਾਂ ਵਿੱਚ ਰੜਕਦੈ। ਕਿੰਨਾ ਕੋਹਜ ਹੈ ਜੋ ਮੈਨੂੰ ਦਿਸਦਾ ਹੈ। ਮੈਂ ਚਾਹੁੰਦਾ ਹਾਂ ਇਸ ਕੋਹਜ ਨੂੰ ਸੁਹਜ ਵਿੱਚ ਬਦਲਿਆ ਜਾ ਸਕੇ। ਮੈਂ ਉਸ ਸਾਰੇ ਕੁਝ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਹੁਣ ਰਹੀ ਗੱਲ ਕੋਈ ਮੈਨੂੰ ਕਿਉਂ ਪੜ੍ਹੇ। ਆਮ ਹੀ ਕਿਹਾ ਜਾਂਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜਿਹੜੀਆਂ ਸਿਲਵਟਾਂ ਸਮਾਜ ਵਿੱਚ ਪੈ ਚੁੱਕੀਆਂ ਜਾਂ ਪੈ ਰਹੀਆਂ ਹਨ, ਮੈਂ ਸਾਹਿਤ ਰੂਪੀ ਸ਼ੀਸ਼ੇ ਰਾਹੀਂ ਉਹ ਦਿਖਾਉਣ ਦਾ ਯਤਨ ਕਰਦਾ ਹਾਂ ਤਾਂ ਕਿ ਸਮਾਜ ਆਪਣੇ ਆਪ ਦਾ ਕੁਝ ਨਾ ਕੁਝ ਸੁਆਰ ਸਕੇ। ਮੈਂ ਆਪਣੀ ਲੇਖਣੀ ਨੂੰ ਉਦੋਂ ਸਫਲ ਮੰਨਾਂਗਾ ਜਦੋਂ ਕੋਈ ਪਾਠਕ, ਭਾਵੇਂ ਸਿਰਫ਼ ਇੱਕ ਹੀ ਕਿਉਂ ਨਾ ਹੋਵੇ, ਮੇਰੇ ਸਾਹਿਤਕ ਸੁਨੇਹੇ ਨੂੰ ਸਮਝ, ਉਸ ਉੱਤੇ ਅਮਲ ਕਰ ਕੇ ਆਪਣੇ ਵਿੱਚ ਕੋਈ ਸੁਧਾਰ ਲਿਆ ਸਕੇਗਾ।’’
ਸਾਹਿਤਕ ਸਮਾਗਮ ਦੀ ਇਹ ਇੰਟਰਵਿਊ ਕਾਫ਼ੀ ਲੰਬੀ ਸੀ। ਜਦੋਂ ਮਹਿਮਾਨ ਲੇਖਕ ਨੇ ਆਪਣੀ ਰਚਨਾ ਨੂੰ ਸਫਲ ਮੰਨਣ ਦਾ ਪੈਮਾਨਾ ਦੱਸਿਆ ਤਾਂ ਮੈਨੂੰ ਲੱਗਿਆ ਜਵਿੇਂ ਮਾਸਟਰ ਵਜੋਂ ਸੇਵਾ ਨਿਭਾਉਂਦੇ ਉਸ ਲੇਖਕ ਦੀ ਸਾਹਿਤਕ ਘਾਲਣਾ ਸਫਲ ਹੋ ਗਈ ਹੋਵੇ।
ਮਾਸਟਰ ਮੇਰਾ ਅਦਬੀ ਦੋਸਤ ਹੈ। ਕੁਝ ਸਮਾਂ ਪਹਿਲਾਂ ਉਸ ਦੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਛਪੀ ਹੈ। ਹਰੇਕ ਲੇਖਕ ਚਾਹੁੰਦਾ ਹੈ ਕਿ ਉਸ ਦੀ ਲਿਖਤ ਨੂੰ ਉਸ ਦੇ ਦੋਸਤ ਮਿੱਤਰ ਤੇ ਜਾਣ-ਪਛਾਣ ਵਾਲੇ ਜ਼ਰੂਰ ਪੜ੍ਹਨ। ਪਹਿਲੀ ਕਿਤਾਬ ਛਪਣ ਦਾ ਚਾਅ ਵੀ ਕੁਝ ਵਧੇਰੇ ਹੀ ਹੁੰਦਾ ਹੈ। ਖ਼ੈਰ, ਉਹ ਕਿਤਾਬ ਡਾਕ ਰਾਹੀਂ ਮੇਰੇ ਕੋਲ ਪਹੁੰਚ ਗਈ। ਮੈਂ ਕਹਾਣੀਆਂ ਪੜੀਆਂ। ਕਹਾਣੀਆਂ ਰੌਚਿਕ ਤਾਂ ਹੈਨ ਈ, ਨਾਲ ਹੀ ਵਧੀਆ ਸੁਨੇਹਾ ਵੀ ਛੱਡਦੀਆਂ ਹਨ। ਇਨ੍ਹਾਂ ਦੀ ਭਾਸ਼ਾ ਸਰਲ ਤੇ ਹਰੇਕ ਦੇ ਸਮਝ ਆਉਣ ਵਾਲੀ ਹੈ।
ਇੱਕ ਦਿਨ ਮੇਰਾ ਇੱਕ ਗੁਆਂਢੀ ਕਿਸੇ ਕੰਮ ਮੇਰੇ ਕੋਲ ਆਇਆ। ਇਹ ਕਿਤਾਬ ਮੇਰੇ ਸਿਰਹਾਣੇ ਪਈ ਸੀ। ਉਹ ਚੁੱਕ ਕੇ ਪੰਨੇ ਫਰੋਲਣ ਲੱਗਿਆ।
‘‘ਲੈ ਜਾ ਪੜ੍ਹ ਕੇ ਮੋੜ ਦੇਈਂ।” ਉੱਠ ਕੇ ਤੁਰਦੇ ਨੂੰ ਮੈਂ ਆਖਿਆ।
‘‘ਉੱਤੋਂ ਦੀ ਲੰਘ ਜਾਂਦੀਆਂ ਨੇ, ਪਹਿਲਾਂ ਵੀ ਇੱਕ ਦੋ ਪੜ੍ਹੀਆਂ ਤੇਰੇ ਕੋਲੋਂ ਲਿਜਾ ਕੇ,’’ ਉਸ ਨੇ ਪੈਰ ਮਲ ਲਿਆ।
‘‘ਨਹੀਂ, ਇਹ ਨ੍ਹੀਂ ਲੰਘਦੀ। ਪੱਲੇ ਪਊ। ਪੜ੍ਹਨ ਆਲੀ ਐ।’’ ਮੇਰੇ ਕਹੇ ਤੋਂ ਉਹ ਕਿਤਾਬ ਲੈ ਗਿਆ। ਤੀਜੇ ਦਿਨ ਆਥਣੇ ਉਹ ਮੈਨੂੰ ਸੱਥ ’ਚ ਮਿਲ ਗਿਆ। ਮੈਨੂੰ ਪਾਸੇ ਲਿਜਾ ਕੇ ਕਹਿੰਦਾ, ‘‘ਜੇ ਪੰਤਾਲੀ ਰੁਪਈਆਂ ਦਾ ਭਾਰ ਧਰਤੀ ਜਿੰਨਾ... ਫੇਰ ਮੈਂ ਤਾਂ ਪੂਰੇ ਬ੍ਰਹਿਮੰਡ ਦਾ ਭਾਰ ਚੁੱਕੀ ਫਿਰਦਾ ਰਿਹਾਂ।’’
‘‘ਕੀ ਮਤਲਬ? ਮੈਂ ਸਮਝਿਆ ਨਹੀਂ।’’
‘‘ਤੂੰ ਕਹਾਣੀ ਪੜ੍ਹੀ ਨ੍ਹੀਂ... ਧਰਤੀ ਜਿੰਨਾ ਭਾਰ?’’
ਮੈਨੂੰ ਉਹ ਕਹਾਣੀ ਯਾਦ ਆ ਗਈ। ਕਹਾਣੀ ਇੱਕ ਇਮਾਨਦਾਰ ਤੇ ਸੱਚੇ ਸੁੱਚੇ ਮੁਲਾਜ਼ਮ ਦੀ ਗੱਲ ਕਰਦੀ ਹੈ। ਇੱਕ ਗੰਭੀਰ ਬਿਮਾਰੀ ਕਾਰਨ ਉਸ ਦੀ ਮੌਤ ਹੋਣ ਉਪਰੰਤ ਉਹ ਆਪਣੀ ਪਤਨੀ ਦੇ ਸੁਪਨੇ ਵਿੱਚ ਆ ਕੇ ਕਹਿੰਦਾ ਹੈ ਕਿ ਮੈਂ ਦਫ਼ਤਰ ਨੇੜਲੀ ਚਾਹ ਦੀ ਦੁਕਾਨ ਵਾਲੇ ਦੇ ਪੰਤਾਲੀ ਰੁਪਏ ਦੇਣੇ ਸਨ ਜੋ ਮੌਤ ਹੋਣ ਕਾਰਨ ਨਹੀਂ ਦੇ ਸਕਿਆ। ਇਨ੍ਹਾਂ ਪੰਤਾਲੀ ਰੁਪਈਆਂ ਦਾ ਮੇਰੀ ਆਤਮਾ ਉੱਪਰ ਭਾਰ ਹੈ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਜਾ ਕੇ ਚਾਹ ਵਾਲੇ ਦਾ ਹਿਸਾਬ ਨੱਕੀ ਕਰ ਕੇ ਆਵੇ। ਜਦੋਂ ਪਤਨੀ ਦੁਕਾਨ ਵਾਲੇ ਕੋਲ ਜਾਂਦੀ ਹੈ ਤਾਂ ਸੱਚਮੁੱਚ ਉਸ ਦਾ ਪੰਤਾਲੀ ਰੁਪਏ ਬਕਾਇਆ ਰਹਿੰਦਾ ਹੁੰਦਾ ਹੈ। ਕਹਾਣੀ ਤੋੜਾ ਝਾੜਦੀ ਹੈ ਕਿ ਮਰਨ ਮਗਰੋਂ ਵੀ ਜੇਕਰ ਪੰਤਾਲੀ ਰੁਪਏ ਵਰਗੀ ਨਿਗੂਣੀ ਰਕਮ ਦਾ ਕਿਸੇ ਬੰਦ ’ਤੇ ਬੋਝ ਹੋ ਸਕਦਾ ਹੈ ਤਾਂ ਫਿਰ ਝੂਠ ਦੀ ਦੁਕਾਨ ਚਲਾਉਣ ਵਾਲੇ ਦਾ ਤਾਂ ਰੱਬ ਹੀ ਵਾਲੀ ਵਾਰਸ ਏ।
‘‘ਹਾਂ ਪੜ੍ਹੀ ਐ।’’ ਮੈਂ ਉਸ ਨੂੰ ਜਵਾਬ ਦਿੱਤਾ।
‘‘ਮੈਂ ਵੀ ਕੱਲ ਪੜ੍ਹੀ ਸੀ। ਭਰਾਵਾ, ਰਾਤ ਨੂੰ ਸੌਣ ਨ੍ਹੀਂ ਦਿੱਤਾ ਮੈਨੂੰ ਤਾਂ।’’
‘‘ਐਡੀ ਕੀ ਗੱਲ ਹੋ’ਗੀ?’’
‘‘ਦਸ ਕੁ ਦਿਨ ਹੋਗੇ... ਮੈਂ ਮੰਡੀ ਚਾਹ ਗੁੜ ਆਲਿਆਂ ਦਾ ’ਸਾਬ੍ਹ ਕਰ ਕੇ ਆਇਆ ਸੀ। ਲਾਲੇ ਤੋਂ ਜੋੜ ਕਰਨ ਵੇਲੇ ਹਸਲ ਦਾ ਫ਼ਰਕ ਰਹਿ ਗਿਆ ਹਜ਼ਾਰ ਆਲੇ ਅੰਕ ’ਤੇ... ਆਪਾਂ ਪੂਰੇ ਖੁਸ਼ ਬਈ ਹਜ਼ਾਰ ਬਚ ਗਿਆ। ਪਰ ਭਰਾਵਾ ਆਹ ਕਹਾਣੀ ਨੇ ਸਾਰੀ ਰਾਤ ਠਿੱਠ ਕੀਤਾ। ਮੈਂ ਤਾਂ ਅੱਜ ਦੁਪਹਿਰੇ ਹਜ਼ਾਰ ਦੇ ਆਇਆ। ਮਖਿਆਂ; ਲਾਲਾ ਭੁੱਲ-ਚੁੱਕ ਲੈਣੀ ਦੇਣੀ... ਮੈਂ ਜਦੋਂ ਘਰੇ ਜੋੜ ਲਾਇਆ, ਹਜ਼ਾਰ ਹੋਰ ਨਿਕਲਦਾ ਮੇਰੇ ਵੱਲ...’’ ਗੁਆਂਢੀ ਹੋਰ ਵੀ ਬੋਲੀ ਗਿਆ।
ਮੈਂ ਮਨ ਹੀ ਮਨ ਆਪਣੇ ਮਿੱਤਰ ਦੀ ਕਲਮ ਨੂੰ ਸਿਜਦਾ ਕਰਨੋਂ ਰਹਿ ਨਾ ਸਕਿਆ। ਮੈਨੂੰ ਲੱਗਿਆ ਦਿਨ ਰਾਤ ਠੱਗੀਆਂ ਚੋਰੀਆਂ, ਬੇਈਮਾਨੀਆਂ ਕਰਨ ਵਾਲਿਆਂ ਦੀਆਂ ਆਤਮਾਵਾਂ ਦਾ ਬੋਝ ਕਵਿੇਂ ਹਲਕਾ ਹੋ ਸਕੇਗਾ। ਹੋਵੇਗਾ ਵੀ ਕਿ ਨਹੀਂ!
ਸੰਪਰਕ: 94634-45092
ਦ੍ਰਿਸ਼ਟੀਕੋਣ
ਮੋਹਨ ਸ਼ਰਮਾ
ਉਨ੍ਹਾਂ ਦੇ ਘਰ ਅੰਤਾਂ ਦੀ ਗ਼ਰੀਬੀ ਸੀ। ਜੇ ਔਖੇ-ਸੌਖੇ ਹੋ ਕੇ ਇੱਕ ਡੰਗ ਦੀ ਰੋਟੀ ਦਾ ਪ੍ਰਬੰਧ ਹੋ ਜਾਂਦਾ ਤਾਂ ਅਗਲੇ ਡੰਗ ਦਾ ਫ਼ਿਕਰ ਰਹਿੰਦਾ ਸੀ। ਘਰ ਵਿੱਚ ਤਿੰਨ ਮਾਸੂਮ ਬੱਚੇ ਅਤੇ ਦੋਵੇਂ ਮੀਆਂ ਬੀਵੀ। ਆਂਢ-ਗੁਆਂਢ ਉਨ੍ਹਾਂ ਨੂੰ ਬਹੁਤ ਹੀ ਘੱਟ ਮੂੰਹ ਲਾਉਂਦਾ। ਵਾਹ ਲੱਗਦਿਆਂ ਆਟਾ ਵੀ ਉਧਾਰ ਨਹੀਂ ਸੀ ਦਿੰਦੇ।
ਫਿਰ ਇੱਕ ਦਿਨ ਉਨ੍ਹਾਂ ਦੇ ਛੋਟੇ ਬੱਚੇ ਦੀ ਮੌਤ ਹੋ ਗਈ। ਘਰ ਵਿੱਚ ਚੀਖ-ਚਿਹਾੜਾ ਪੈ ਗਿਆ। ਵੱਡਾ ਬੱਚਾ ਅੱਠ ਸਾਲ ਦਾ ਸੀ। ਉਹ ਵੀ ਛਮ-ਛਮ ਹੋ ਰਿਹਾ ਸੀ। ਸ਼ਾਮ ਵੇਲੇ ਗੁਆਂਢੀਆਂ ਨੇ ਵੱਡੇ ਬੱਚੇ ਨੂੰ ਘਰ ਬੁਲਾ ਲਿਆ। ਘਰ ਦੀ ਮਾਲਕਣ ਨੇ ਉਸ ਨੂੰ ਵਰਾਇਆ ਤੇ ਫਿਰ ਖਾਣ ਲਈ ਰੋਟੀ ਦਿੱਤੀ। ਬੱਚਾ ਸਵੇਰ ਦਾ ਭੁੱਖਾ ਸੀ। ਉਸ ਨੇ ਰੱਜ ਕੇ ਰੋਟੀ ਖਾਧੀ। ਰੋਟੀ ਖਾਣ ਤੋਂ ਬਾਅਦ ਉਹ ਸੋਚ ਰਿਹਾ ਸੀ, “ਜੇ ਇਉਂ ਘਰ ’ਚ ਕਿਸੇ ਦੇ ਮਰਨ ਨਾਲ ਰੱਜ ਕੇ ਰੋਟੀ ਮਿਲਦੀ ਰਹੇ, ਫਿਰ ਭਾਵੇਂ ਰੋਜ਼ ਕੋਈ ਨਾ ਕੋਈ ਮਰ ਜਾਇਆ ਕਰੇ।”
ਜ਼ੋਰ
ਰਾਮ ਦਾਸ ਨਸਰਾਲੀ
ਸ਼ਹਿਰ ਰਹਿੰਦੇ ਅਫ਼ਸਰ ਪੁੱਤਰ ਨੇ ਪਿੰਡ ਰਹਿੰਦੇ ਆਪਣੇ ਬਜ਼ੁਰਗ ਬਾਪੂ ਦੀ ਜਿਉਂਦੇ ਜੀਅ ਘੱਟ ਵੱਧ ਹੀ ਖ਼ਬਰ-ਸਾਰ ਲਈ ਸੀ। ਬਿਮਾਰ ਹੋਏ ਨੂੰ ਕਦੇ ਡਾਕਟਰ ਕੋਲ ਲਿਜਾ ਕੇ ਦਵਾਈ-ਬੂਟੀ ਵੀ ਨਹੀਂ ਸੀ ਦਵਿਾਈ। ਅੱਜ ਉਹੀ ਅਫ਼ਸਰ ਪੁੱਤਰ ਪੂਰੀ ਟੌਹਰ ਕੱਢੀ ਜਿੱਥੇ ਬਾਪੂ ਦੇ ਭੋਗ ’ਤੇ ਆ ਰਹੇ ਸਾਕ -ਸੰਬੰਧੀਆਂ, ਮਿੱਤਰਾਂ-ਦੋਸਤਾਂ ਤੇ ਪਿੰਡ ਵਾਸੀਆਂ ਨੂੰ ਮੂਹਰੇ ਹੋ-ਹੋ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਖਾਣਾ-ਖਾਣ ਲਈ ਕਹਿ ਰਿਹਾ ਸੀ, ਉੱਥੇ ਨਾਲ ਖੜ੍ਹੇ ਆਪਣੇ ਕੁਝ ਖ਼ਾਸ ਮਿੱਤਰਾਂ ਨੂੰ ਹਦਾਇਤ ਵੀ ਕਰ ਰਿਹਾ ਸੀ, “ਮਿੱਤਰੋ, ਭੋਗ ’ਤੇ ਆਇਆ ਕੋਈ ਵੀ ਸਾਕ-ਸੰਬੰਧੀ, ਪਿੰਡ ਵਾਸੀ ਤੇ ਮਿੱਤਰ-ਦੋਸਤ ਖਾਣਾ ਖਾਧੇ ਬਗੈਰ ਨਹੀਂ ਜਾਣਾ ਚਾਹੀਦਾ ਕਿਉਂਕਿ ਮੈਂ ਪੂਰਾ ਜ਼ੋਰ ਲਾ ਕੇ ਖਾਣੇ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਵਾਏ ਨੇ...।’’
“ਪੁੱਤਰਾ, ਜੇ ਇੰਨਾ ਜ਼ੋਰ ਜਿਉਂਦੇ ਜੀਅ ਆਪਣੇ ਬਾਪੂ ਦੀ ਸੇਵਾ ਸੰਭਾਲ ਕਰਨ ਲਈ ਲਾਇਆ ਹੁੰਦਾ ਤਾਂ ਸ਼ਾਇਦ ਉਹ ਅਜੇ ਚਾਰ ਪੰਜ ਸਾਲ ਹੋਰ ਜਿਉਂਦਾ ਰਹਿੰਦਾ...। ...ਤੇਰਾ ਹੁਣ ਖਾਣੇ ’ਤੇ ਲਾਇਆ ਇੰਨਾ ਜ਼ੋਰ ਉਹਨੇ ਕਿਹੜਾ ਦੇਖਣਾ ਏ...?’’
ਪਿੰਡ ਵਿੱਚ ਰਹਿੰਦੇ ਸਕਿਆਂ ’ਚੋਂ ਆਪਣੇ ਚਾਚੇ ਦੇ ਆਖੇ ਇਹ ਸ਼ਬਦ ਸੁਣ ਕੇ ਪੁੱਤਰ ਦੀ ਜਵਿੇਂ ਜ਼ਬਾਨ ਠਾਕੀ ਗਈ ਹੋਵੇ। ਮੁੜ ਉਹ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ।
ਸੰਪਰਕ: 98729-18089
ਸਮੇਂ ਦੀ ਕਮਾਨ
ਬਰਜਿੰਦਰ ਕੌਰ ਬਿਸਰਾਓ
ਕੁਲਜੀਤ ਦੇ ਪਰਿਵਾਰ ਵਿੱਚ ਉਸ ਦਾ ਪਤੀ ਤੇ ਉਸ ਦੇ ਤਿੰਨ ਬੱਚੇ ਸਨ। ਉਸ ਦਾ ਵੱਡਾ ਮੁੰਡਾ ਵਿਆਹਿਆ ਹੋਇਆ ਸੀ। ਉਸ ਦੀਆਂ ਦੋ ਨਣਾਨਾਂ ਸਨ ਜੋ ਉਸ ਦੇ ਪਤੀ ਤੋਂ ਬਹੁਤ ਵੱਡੀਆਂ ਸਨ। ਇਸ ਲਈ ਉਹ ਉਨ੍ਹਾਂ ਨੂੰ ਬੀਬੀ ਕਹਿ ਕੇ ਬੁਲਾਉਂਦੀ ਤੇ ਪੈਰੀਂ ਹੱਥ ਲਾਉਂਦੀ ਸੀ। ਵੱਡੀ ਨਨਾਣ ਛਿੰਦੋ ਦਾ ਕੰਮ ਬਹੁਤ ਵਧੀਆ ਚੱਲਦਾ ਸੀ। ਸਾਰੀ ਉਮਰ ਐਸ਼ ਨਾਲ ਬਤੀਤ ਕਰਦੀ ਰਹੀ, ਪਰ ਉਹ ਜਦ ਵੀ ਭਰਾ ਦੇ ਘਰ ਆਉਂਦੀ ਤਾਂ ਮਜਾਲ ਸੀ ਕਿ ਕਦੇ ਆਨਾ ਵੀ ਕਿਸੇ ਭਤੀਜੇ ਭਤੀਜੀ ਦੇ ਹੱਥ ’ਤੇ ਧਰਦੀ। ਅਚਾਨਕ ਉਨ੍ਹਾਂ ਦਾ ਕਾਰੋਬਾਰ ਦਿਨ-ਬ-ਦਿਨ ਘਟਣ ਲੱਗਿਆ। ਉਹ ਅਤੇ ਉਸ ਦਾ ਘਰਵਾਲਾ ਕੁਲਜੀਤ ਦੇ ਪਤੀ ਤੋਂ ਵੱਡੇ ਮੁੰਡੇ ਨੂੰ ਕੰਮ ਖੋਲ੍ਹ ਕੇ ਦੇਣ ਲਈ ਲੱਖ ਰੁਪਿਆ ਉਧਾਰ ਲੈ ਗਏ। ਛੇਤੀ ਹੀ ਮੋੜਨ ਦਾ ਵਾਅਦਾ ਕਰ ਗਏ। ਦੋ ਸਾਲ ਬੀਤ ਗਏ। ਪਹਿਲਾਂ ਪਹਿਲ ਤਾਂ ਇਨ੍ਹਾਂ ਨੇ ਸ਼ਰਮ ਨਾਲ ਪੈਸੇ ਨਾ ਮੰਗੇ, ਪਰ ਕੁਲਜੀਤ ਤੇ ਉਸ ਦੇ ਪਤੀ ਨੇ ਕਿਰਾਇਆ ਭਾੜਾ ਲਾ ਕੇ ਜਾਣਾ ਤੇ ਪੈਸੇ ਮੰਗਣੇ ਤਾਂ ਉਨ੍ਹਾਂ ਨੇ ਟਾਲ-ਮਟੋਲ ਕਰ ਛੱਡਣੀ। ਉਨ੍ਹਾਂ ਦੇ ਨੂੰਹ ਪੁੱਤਾਂ ਨੇ ਕਹਿ ਛੱਡਣਾ, ‘‘ਕੋਈ ਨਾ ਐਨੀ ਕਾਹਦੀ ਕਾਹਲੀ ਆ, ਐਡਾ ਆਰ ਪਰਿਵਾਰ ਐ, ਮਾਮਾ ਜੀ ਅਸੀਂ ਤੁਹਾਡੇ ਪੈਸੇ ਮਾਰਨ ਨ੍ਹੀਂ ਲੱਗੇ।’’
ਕੁਲਜੀਤ ਹੋਰਾਂ ਨੇ ਉਹ ਪੈਸੇ ਆਪਣੀਆਂ ਧੀਆਂ ਦੇ ਵਿਆਹ ਲਈ ਜੋੜ ਕੇ ਰੱਖੇ ਹੋਏ ਸਨ। ਦੋ ਸਾਲ ਬਾਅਦ ਛਿੰਦੋ ਪੂਰੀ ਹੋ ਗਈ ਤੇ ਛੇ ਕੁ ਮਹੀਨੇ ਬਾਅਦ ਉਸ ਦਾ ਪਤੀ ਵੀ ਪੂਰਾ ਹੋ ਗਿਆ। ਹੁਣ ਉਹ ਪੈਸੇ ਮੰਗਣ ਤੋਂ ਚੁੱਪ ਕਰ ਗਏ ਕਿ ਹਾਲੇ ਚੰਗਾ ਵੀ ਨਹੀਂ ਲੱਗਦਾ ਸੀ, ਪਰ ਉਸ ਦੀਆਂ ਕੁੜੀਆਂ ਦੇ ਸਹੁਰਿਆਂ ਨੇ ਵਿਆਹ ਮੰਗ ਲਏ ਸਨ। ਐਧਰ ਕੁਲਜੀਤ ਦੀਆਂ ਕੁੜੀਆਂ ਦੇ ਵੀ ਵਿਆਹ ਵੀ ਹੋ ਗਏ ਪਰ ਬੜੇ ਔਖੇ ਹੋ ਕੇ ਉਨ੍ਹਾਂ ਨੇ ਕੁੜੀਆਂ ਦੇ ਕਾਰਜ ਨਬਿੇੜੇ। ਹੁਣ ਤਾਂ ਕੁਲਜੀਤ ਦੇ ਨਣਦੋਈਏ ਨੂੰ ਮੁੱਕਿਆਂ ਵੀ ਦਸ ਮਹੀਨੇ ਹੋ ਗਏ ਸਨ। ਉਸ ਨੇ ਹੀਆ ਜਿਹਾ ਕਰਕੇ ਆਪਣੇ ਪਤੀ ਨੂੰ ਉਸ ਦੇ ਨੂੰਹਾਂ ਪੁੱਤਾਂ ਕੋਲ ਪੈਸੇ ਲੈਣ ਲਈ ਭੇਜਿਆ ਤਾਂ ਉਨ੍ਹਾਂ ਨੇ ਅਗਲੇ ਮਹੀਨੇ ਦਾ ਲਾਰਾ ਲਾ ਕੇ ਤੋਰ ਦਿੱਤਾ। ਅਗਲੇ ਮਹੀਨੇ ਪਹਿਲੀ ਤਰੀਕ ਨੂੰ ਹੀ ਕੁਲਜੀਤ ਦੀ ਨਨਾਣ ਛਿੰਦੋ ਦੇ ਨੂੰਹ ਪੁੱਤ ਪਹਿਲੀ ਬੱਸ ਆ ਗਏ। ਕੁਲਜੀਤ ਤੇ ਉਸ ਦੀ ਨੂੰਹ ਹਾਲੇ ਘਰ ਦਾ ਕੰਮ ਹੀ ਕਰਦੀਆਂ ਸਨ ਅਤੇ ਉਸ ਦਾ ਪਤੀ ਤੇ ਪੁੱਤਰ ਖੇਤ ਗਏ ਹੋਏ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਚਾਹ ਪਾਣੀ ਦਿੱਤਾ। ਦੁਪਹਿਰ ਦੀ ਰੋਟੀ ਬੜੇ ਪਿਆਰ ਤੇ ਸਤਿਕਾਰ ਨਾਲ ਖਵਾਈ। ਉਨ੍ਹਾਂ ਦੀ ਸੋਹਣੀ ਸੇਵਾ ਕੀਤੀ। ਕੁਲਜੀਤ ਦਾ ਪਤੀ ਤੇ ਪੁੱਤਰ ਵੀ ਆ ਗਏ ਸਨ। ਉਹ ਸਾਰਾ ਟੱਬਰ ਸੋਚਦਾ ਸੀ ਕਿ ਸ਼ਾਇਦ ਪੈਸੇ ਮੋੜਨ ਆਏ ਹਨ। ਜਦ ਜਾਣ ਦਾ ਸਮਾਂ ਹੋਇਆ ਤਾਂ ਛਿੰਦੋ ਦੀ ਨੂੰਹ ਸਾਰਿਆਂ ਦੇ ਸਾਹਮਣੇ ਕਹਿਣ ਲੱਗੀ, ‘‘ਮਾਮਾ ਜੀ... ਤੁਹਾਡਾ ਰਿਸ਼ਤਾ ਸਾਡੇ ਨਾਲ ਤੁਹਾਡੀ ਕੁੜੀ ਕਰਕੇ ਸੀ। ਜੇ ਤੁਹਾਡਾ ਜੀ ਕਰਦਾ ਏ ਤਾਂ ਮਿਲਦੇ ਰਹੋ। ਨਹੀਂ ਤਾਂ ਸਾਡਾ ਸਰੀ ਜਾਂਦਾ...। ਅਸੀਂ ਆਪਣੀਆਂ ਰਿਸ਼ਤੇਦਾਰੀਆਂ ਵੀ ਦੇਖਣੀਆਂ ਨੇ। ਐਨੀ ਦੂਰ ਤੱਕ ਕੌਣ ਵਰਤਦਾ ਹੁੰਦਾ ਏ। ਦੇਖੋ ਮਾਮਾ ਜੀ, ਨਾ ਅਸੀਂ ਤੁਹਾਡੇ ਤੋਂ ਪੈਸੇ ਉਧਾਰੇ ਲਏ ਨੇ ਤੇ ਨਾ ਅਸੀਂ ਮੋੜਨੇ ਨੇ। ਨਾ ਈ ਅਸੀਂ ਥੋਡੇ ਨਾਲ ਵਰਤਣਾ। ਅੱਗੇ ਤੋਂ ਕਦੇ ਸਾਡੇ ਘਰ ਪੈਸੇ ਮੰਗਣ ਨਾ ਆਇਓ। ਜਿੱਥੇ ਤੁਹਾਡੀ ਕੁੜੀ ਗਈ ਉੱਥੇ ਤੁਹਾਡੇ ਪੈਸੇ ਗਏ।’’ ਸਾਰਾ ਟੱਬਰ ਉਸ ਦਾ ਮੂੰਹ ਦੇਖਦਾ ਰਹਿ ਗਿਆ। ਕੁਲਜੀਤ ਦਾ ਪੁੱਤਰ ਸ਼ਰਨ ਗੁੱਸੇ ਵਿੱਚ ਕੁਝ ਬੋਲਣ ਹੀ ਲੱਗਿਆ ਸੀ ਕਿ ਕੁਲਜੀਤ ਨੇ ਚੁੱਪ ਕਰਵਾ ਦਿੱਤਾ ਤੇ ਆਖਿਆ, ‘‘ਬੇਟਾ, ਇਨ੍ਹਾਂ ਨੂੰ ਜਾਣ ਦੇ। ਹੁਣ ਜ਼ਮਾਨਾ ਬਦਲ ਗਿਆ ਹੈ। ਹਰ ਵੱਡੀ ਛੋਟੀ ਘਟਨਾ ਸਾਨੂੰ ਸਿੱਖਿਆ ਦੇ ਜਾਂਦੀ ਹੈ। ਹੁਣ ਜੇ ਇਨ੍ਹਾਂ ਵਿੱਚੋਂ ਕਦੇ ਵੀ ਕੋਈ ਮਦਦ ਮੰਗੇ ਤਾਂ ਸੋਚ ਸਮਝ ਕੇ ਕਰਨਾ। ਸੱਚ ਹੀ ਕਿਹਾ ਇਸ ਨੇ... ਜੇ ਸਾਡੀ ਬੀਬੀ ਮਰ ਗਈ ਤਾਂ ਸਮਝ ਆਪਣੇ ਪੈਸੇ ਵੀ ਉਸ ਨਾਲ ਹੀ ਮਰ ਗਏ। ਇਹੋ ਜਿਹੇ ਲੋਕ ਸਾਨੂੰ ਕੁਝ ਨਾ ਕੁਝ ਨਵਾਂ ਸਿਖਾਉਂਦੇ ਰਹਿੰਦੇ ਨੇ...।’’
ਇਹ ਗੱਲ ਹੋਈ ਨੂੰ ਦੋ ਸਾਲ ਹੋ ਗਏ ਸਨ। ਕੁਲਜੀਤ ਦਾ ਪੁੱਤਰ ਸ਼ਰਨ ਡਿਗਰੀ ਕਰ ਕੇ ਇੱਕ ਕੰਪਨੀ ਵਿੱਚ ਅਫ਼ਸਰ ਲੱਗ ਗਿਆ ਸੀ। ਉੱਥੇ ਹੀ ਬੀਬੀ ਦਾ ਉਹੀ ਪੁੱਤ ਤੇ ਉਸ ਦਾ ਪੁੱਤਰ ਨਵਾਂ ਟਰੈਕਟਰ ਖ਼ਰੀਦਣ ਲਈ ਆਏ। ਕੰਪਨੀ ਦੇ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਲਈ ਕੰਪਨੀ ਨੇ ਦਸ ਕੁ ਹਜ਼ਾਰ ਦੀ ਰਿਆਇਤ ਰੱਖੀ ਹੋਈ ਸੀ। ਬੀਬੀ ਦੇ ਮੁੰਡੇ ਨੇ ਸ਼ਰਨ ਨੂੰ ਸਿਫ਼ਾਰਿਸ਼ ਲਾਉਣ ਲਈ ਬੇਨਤੀ ਕੀਤੀ ਤੇ ਕਿਹਾ, ‘‘ਤੂੰ ਤਾਂ ਮੇਰਾ ਛੋਟਾ ਭਰਾ ਏਂ। ਜੇ ਭਰਾ ਭਰਾ ਦੇ ਕੰਮ ਨ੍ਹੀਂ ਆਊ ਤਾਂ ਦੱਸ ਰਿਸ਼ਤੇ ਕਾਹਦੇ ਹੋਏ?’’ ਸ਼ਰਨ ਆਖਣ ਲੱਗਿਆ, ‘‘ਭਾਈ ਸਾਹਿਬ! ਕਿਹੜੀ ਰਿਸ਼ਤੇਦਾਰੀ? ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ। ਫ਼ਾਇਦਾ ਉਠਾਉਣ ਲਈ ਤਾਂ ਐਥੇ ਐਵੇਂ ਈ ਲੋਕ ਰਿਸ਼ਤੇਦਾਰੀਆਂ ਕੱਢਦੇ ਫਿਰਦੇ ਨੇ। ਸਾਡੀ ਰਿਸ਼ਤੇਦਾਰੀ ਤਾਂ ਭੂਆ ਫੁੱਫੜ ਜੀ ਤੱਕ ਸੀਮਤ ਸੀ। ਐਨੀ ਦੂਰ ਤੱਕ ਕਿਹੜੀਆਂ ਰਿਸ਼ਤੇਦਾਰੀਆਂ? ਅਸੀਂ ਆਪਣੀਆਂ ਰਿਸ਼ਤੇਦਾਰੀਆਂ ਵੀ ਤਾਂ ਦੇਖਣੀਆਂ ਨੇ...!’’ ਉਨ੍ਹਾਂ ਨੂੰ ਸਮੇਂ ਦੀ ਕਮਾਨ ਵਿੱਚੋਂ ਨਿਕਲੇ ਤੀਰ ਦੀ ਸਮਝ ਆ ਗਈ ਸੀ ਤੇ ਚੁੱਪ ਕਰਕੇ ਉੱਥੋਂ ਚਲੇ ਗਏ।
ਸੰਪਰਕ: 99889-01324