ਕਹਾਣੀਕਾਰ ਢੀਂਡਸਾ ਦੀ ਸਾਹਿਤਕ ਸਿਰਜਣਾ ’ਤੇ ਚਰਚਾ
ਸੁਰਜੀਤ ਮਜਾਰੀ
ਬੰਗਾ, 12 ਜਨਵਰੀ
ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਖਟਕੜ ਕਲਾਂ ਵਿੱਚ ਅੱਜ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਬੰਗਾ ਦੀ ਇਕੱਤਰਤਾ ਹੋਈ। ਇਸ ਮੌਕੇ ਕਹਾਣੀਕਾਰ ਬਲਦੇਵ ਸਿੰਘ ਢੀਂਡਸਾ ਦੀ ਸਿਰਜਣ ਪ੍ਰਕਿਰਿਆ ਬਾਰੇ ਚਰਚਾ ਕੀਤੀ ਗਈ। ਮਹਿੰਦਰ ਸਿੰਘ ਦੋਸਾਂਝ ਹੋਰਾਂ ਵੱਲੋਂ ਬਲਦੇਵ ਸਿੰਘ ਢੀਂਡਸਾ ਵੱਲੋਂ ਲਿਖੀ ਕਹਾਣੀ ‘ਚੱਕਰਵਿਊ’ ਜੋ ਕਿ ਪੇਂਡੂ ਕਿਸਾਨੀ ਸਮੱਸਿਆਵਾਂ ਨੂੰ ਚਿਤਵਦੀ ਹੈ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਦੀ ਕਹਾਣੀ ‘ਹਾਥੀ ਦੇ ਦੰਦ’ ਵਿਚਲੇ ਕਾਮਰੇਡ ਪਾਤਰ ਨੂੰ ਹਾਜ਼ਰ ਸਾਥੀਆਂ ਵੱਲੋਂ ਸਰਾਹਿਆ ਗਿਆ। ਬਲਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਅਜਿਹੀ ਕਹਾਣੀ ਲਿਖਣ ’ਚ ਯਕੀਨ ਰੱਖਦੇ ਹਨ ਜੋ ਗੁੰਝਲਦਾਰ ਨਾ ਹੋ ਕੇ ਸਿੱਧੀ ਦਿਲ ਅੰਦਰ ਉਤਰਦੀ ਹੋਈ ਅਤੇ ਪਾਠਕਾਂ ਨੂੰ ਹਲੂਣਾ ਦੇਵੇ। ਹਾਜ਼ਰ ਸਾਥੀਆਂ ਵੱਲੋਂ ਉਨ੍ਹਾਂ ਕੋਲੋਂ ਪਾਤਰ ਰਚਨਾ , ਕਹਾਣੀ ਦੇ ਪਲਾਟ ਅਤੇ ਕਥਾ ਰਸ ਬਾਰੇ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਉਨ੍ਹਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਸੰਘ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਢੀਂਡਸਾ ਹੋਰਾਂ ਦੀ ਕਹਾਣੀ 'ਚੱਕਰਵਿਊ' ਨੂੰ ਕਾਲਜ ਦੇ ਪਾਠਕ੍ਰਮ ਦਾ ਹਿੱਸਾ ਜ਼ਰੂਰ ਬਣਾਇਆ ਜਾਵੇ। ਇਸ ਦੌਰਾਨ ਦੌਰਾਨ ਦੀਪ ਕਲੇਰ, ਪਰਮਜੀਤ ਚਾਹਲ, ਹਰਜਿੰਦਰ ਮੱਲ, ਤਲਵਿੰਦਰ ਸ਼ੇਰਗਿੱਲ, ਸ਼ਿੰਗਾਰਾ ਲੰਗੇਰੀ, ਲਖਵੀਰ ਬੀਸਲਾ, ਕ੍ਰਿਸ਼ਨ ਹੀਓਂ, ਦੇਵ ਰਾਜ ਗੁਣਾਚੌਰ, ਖੁਸ਼ੀ ਰਾਮ ਗੁਣਾਚੌਰ ਤੇ ਤੀਰਥ ਰਸੂਲਪੁਰੀ ਆਦਿ ਹਾਜ਼ਰ ਸਨ।