ਕਵਿਤਾਵਾਂ
ਕਰਨੀ ਬਿਜਾਈ ਸਿੱਧੀ...
ਗੁਰਿੰਦਰ ਸਿੰਘ ਸੰਧੂਆਂ
ਬੀਜਣਾ ਹੈ ਝੋਨਾ ਕੱਦੂ ਤੋਂ ਬਗੈਰ ਜੀ।
ਬਚੂ ਨਾਲੇ ਸਮਾਂ ਲਿੱਬੜੂ ਨਾ ਪੈਰ ਜੀ।
ਕਰ ਲੈਣੇ ਖੇਤ ਵੀਰਨੋ ਤਿਆਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਡੀ.ਐੱਸ.ਆਰ. ਬਣ ਗਈ ਡਰਿੱਲ ਜੀ।
ਕਰਦੀ ਬਿਜਾਈ ਸੁੱਕੀ ਭਾਵੇਂ ਗਿੱਲ ਜੀ।
ਕਰ ਲੈਣਾ ਚੈੱਕ ਨਵਾਂ ਜੋ ਔਜ਼ਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਲੈਵਲ ਦਾ ਪੂਰਾ ਹੈ ਖ਼ਿਆਲ ਰੱਖਣਾ।
ਗੱਲ ਮੇਰੀ ਸੁਣ ਲੈ ਤੂੰ ਵੀਰ ਮੱਖਣਾ।
ਪੈਂਦੀ ਨਹੀਂ ਫੇਰ ਪਾਣੀ ਵਾਲੀ ਖਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਦਿਨੋ ਦਿਨ ਪਾਣੀ ਜਾਂਵਦਾ ਹੈ ਮੁੱਕਦਾ।
ਭਾਖੜੇ ਦਾ ਜਲ ਵੀ ਹੈ ਜਾਂਦਾ ਸੁੱਕਦਾ।
ਧਰਤੀ ਦੀ ਕੁੱਖ ਸੱਜਣੋਂ ਲਾਚਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਡੀਜ਼ਲ ਦਾ ਰੇਟ ਸੌ ਦੇ ਨੇੜੇ ਢੁੱਕਿਆ।
ਜਲ ਦਾ ਪੱਧਰ ਵੀ ਹੈ ਜਾਂਦਾ ਮੁੱਕਿਆ।
ਅੱਠਾਂ ਵਿੱਚੋਂ ਬੀਜਣੇ ਮੈਂ ਕਿੱਲੇ ਚਾਰ ਜੀ
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਲੱਭ ਲਿਆ ਝੋਨੇ ਵਾਲਾ ਤੋੜ ਐਤਕੀਂ।
ਵੱਢ ਦੇਣਾ ਕੱਦੂ ਵਾਲਾ ਕੋਹੜ ਐਤਕੀਂ।
ਬੀਜਣੀ ਹੈ ਘੱਟ ਪੂਰੇ ਹਾਂ ਤਿਆਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਬੇਬੇ ਨੂੰ ਬਚਾਉਣਾ ਰੋਟੀਆਂ ਪਕਾਉਣ ਤੋਂ।
ਮਿਲੂ ਛੁਟਕਾਰਾ ਖੇਤ ਗੇੜੇ ਲਾਉਣ ਤੋਂ।
ਘਟ ਜਾਣੀ ਨਾਲੇ ਲੇਬਰ ਦੀ ਮਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਬਰਸੇ ਜੇ ਮੇਘ ਤਪਸ਼ ਵੀ ਹਟ ਜਾਊ।
ਬਿਜਲੀ ਦਾ ਕੱਟ ਪਹਿਲਾਂ ਨਾਲੋਂ ਘਟ ਜਾਊ।
ਗੱਲ ਲੈਣੀ ਵੀਰੋ ਬੈਠ ਕੇ ਵਿਚਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਸੰਧੂਆਂ ਨੇ ਵੀਰੋ ਕੋਰੜਾ ਉਚਾਰਿਆ।
ਸੱਚੀ ਗੱਲ ਆਖੀ ਝੂਠ ਨਾ ਪੁਕਾਰਿਆ
ਮੰਨਣ ਦਾ ਫ਼ਲ ਮਿਲਦਾ ਅਪਾਰ ਜੀ।
ਕਰਨੀ ਬਿਜਾਈ ਸਿੱਧੀ ਏਸ ਵਾਰ ਜੀ।
ਸੰਪਰਕ: 94630-27466
* * *
ਮੈਂ ਚਾਹੁੰਦਾ ਹਾਂ ਇੱਕ ਜੰਗ...
ਜਸਵੰਤ ਗਿੱਲ ਸਮਾਲਸਰ
ਮੈਂ ਚਾਹੁੰਦਾ ਹਾਂ ਹੁਣ ਇੱਕ ਜੰਗ
ਲੜੀ ਜਾਵੇ ਦੇਸ਼ ਅੰਦਰ
ਲੁਟੇਰੇ ਹਾਕਮਾਂ, ਭ੍ਰਿਸ਼ਟ ਅਫਸਰਾਂ ਖਿਲਾਫ਼
ਭਾਈਚਾਰਕ ਸਾਂਝ ਲਈ ਖ਼ਤਰਾ ਬਣੇ
ਭਾਸ਼ਨਾਂ, ਬਿਆਨਾਂ, ਟੀਵੀ ਚੈਨਲਾਂ ਤੇ ਐਂਕਰਾਂ ਖਿਲਾਫ਼...
ਜਾਂ ਫਿਰ ਉਨ੍ਹਾਂ ਸਿਆਸੀ
ਤੇ ਧਾਰਮਿਕ ਲੋਕਾਂ
ਉੱਪਰ ਸੁੱਟੇ ਜਾਣ ਮੁਹੱਬਤ,
ਆਪਸੀ ਸਾਂਝ ਦੇ ਪ੍ਰਮਾਣੂ ਬੰਬ
ਤਾਂ ਜੋ ਮੁੜ ਉਹ ਖੜ੍ਹੇ ਨਾ ਹੋ ਸਕਣ
ਸਦੀਆਂ ਤੀਕਰ
ਨਫ਼ਰਤ ਫੈਲਾਉਣ ਲਈ...।
ਮੈਂ ਚਾਹੁੰਦਾ ਹਾਂ ਇੱਕ ਜੰਗ ਦੇਸ਼ ਅੰਦਰ
ਨਸ਼ਿਆਂ ਵਿਰੁੱਧ ਲੜੀਏ
ਸਿੱਖਿਆ ਤੇ ਸਿਹਤ ਸਹੂਲਤਾਂ
ਦੇ ਪੱਖ ’ਚ ਖੜ੍ਹੀਏ
ਤਾਂ ਜੋ
ਅਸੀਂ ਸਭ ਦੇਸ਼ ਵਾਸੀ
ਵਤਨ ਨੂੰ ਖੁਸ਼ਹਾਲ ਤੇ ਵਿਕਸਤ ਤੱਕ ਸਕੀਏ
ਮੈਂ ਚਾਹੁੰਦਾ ਹਾਂ ਇੱਕ ਜੰਗ ਹੋਰ
’ਕੱਠੇ ਹੋ ਕੇ
ਆਪਾਂ ਰਲ ਕੇ ਲੜੀਏ...।
ਮੈਂ ਚਾਹੁੰਦਾ ਹਾਂ ਇਸ ਜੰਗ ਅੰਦਰ
ਦਾਗੀਆਂ ਜਾਣ ਬੇਰੁਜ਼ਗਾਰੀ ਦੀ ਹਿੱਕ ’ਤੇ
ਰੁਜ਼ਗਾਰ ਦੀਆਂ ਮਿਜ਼ਾਈਲਾਂ
ਗ਼ਰੀਬੀ ਦੇ ਅਤਿਵਾਦ ਨੂੰ ਭੁੰਨ ਸੁੱਟੀਏ
ਏਕੇ ਤੇ ਮਿਹਨਤ ਨਾਲ
ਜੋ ਭੁੱਖਮਰੀ ਵੰਡ ਰਿਹਾ ਹੈ
ਆਓ! ਇੱਕ ਜੰਗ ਹੋਰ ਲੜੀਏ...
ਮੈਂ ਚਾਹੁੰਦਾ ਹਾਂ ਇੱਕ ਜੰਗ ਦੇਸ਼ ਅੰਦਰ
ਹੋਰ ਲੜੀਏ
ਏਹ ਹੋਵੇ
ਅਧਿਕਾਰਾਂ ਦੀ ਜੰਗ
ਹੱਕਾਂ ਦੀ ਜੰਗ
ਇਨਸਾਫ਼ ਦੀ ਜੰਗ
ਸਭਨਾਂ ਦੀ ਸਾਂਝੀ ਜੰਗ
ਸਭਨਾਂ ਲਈ
ਧਰਮਾਂ, ਮਜ਼ਹਬਾਂ ਤੋਂ ਉੱਪਰ
ਦੇਸ਼ ਦੇ ਅੰਦਰੂਨੀ ਦੁਸ਼ਮਣਾਂ ਖਿਲਾਫ਼
ਅਸੀਂ ਤਿਆਰ ਹਾਂ
ਤੁਸੀਂ ਵੀ ਤਿਆਰ ਹੋਵੋ
ਭਾਰਤ ਨੂੰ
ਭਾਰਤ ਮਾਤਾ ਬਣਾਉਣ ਲਈ...।
ਸੰਪਰਕ: 97804-51878
* * *
ਵਾਤਾਵਰਨ ਬਚਾਈਏ ਆਪਾਂ
ਹਰਪ੍ਰੀਤ ਪੱਤੋ
ਵਾਤਾਵਰਨ ਬਚਾਈਏ ਆਪਾਂ,
ਆਓ ਬੂਟੇ ਲਗਾਈਏ ਆਪਾਂ।
ਤਰ੍ਹਾਂ ਤਰ੍ਹਾਂ ਦੇ ਬੂਟੇ ਲਾ ਕੇ,
ਸੋਹਣੀ ਧਰਤ ਸਜਾਈਏ ਆਪਾਂ।
ਵਾਤਾਵਰਨ ਬਚਾਈਏ...
ਪੌਣ ਪਾਣੀ ਫਿਰ ਸ਼ੁੱਧ ਹੋ ਜਾਵੇ।
ਰੁੱਤ ਬਹਾਰਾਂ ਦੀ ਮੁੜ ਆਵੇ।
ਬੰਜਰ ਇਹ ਧਰਤੀ ਨਾ ਹੋਵੇ,
ਬਣਦਾ ਹਿੱਸਾ ਪਾਈਏ ਆਪਾਂ।
ਵਾਤਾਵਰਨ ਬਚਾਈਏ...
ਪਿੱਪਲ, ਬੋਹੜ, ਸਫੇਦੇ, ਲਾਓ।
ਕਿੱਕਰ, ਨਿੰਮ, ਸ਼ਹਿਤੂਤ ਉਗਾਓ।
ਫ਼ਲਦਾਰ ਬੂਟੇ ਲਾ ਕੇ ਸਾਰੇ,
ਫ਼ਲ ਮਿੱਠੇ ਫਿਰ ਖਾਈਏ ਆਪਾਂ।
ਵਾਤਾਵਰਨ ਬਚਾਈਏ...
ਕੁਦਰਤ ਰਾਣੀ ਨੇ ਖ਼ੁਸ਼ ਹੋਣਾ।
ਮੁੱਕ ਜਾਣਾ ਸਭ ਰੋਣਾ ਧੋਣਾ।
ਚਾਰ ਚੁਫ਼ੇਰੇ ਲਹਿਰਾਂ ਬਹਿਰਾਂ,
ਇੱਕੋ ਗੱਲ ਮੰਨ ਜਾਈਏ ਆਪਾਂ।
ਵਾਤਾਵਰਨ ਬਚਾਈਏ...
ਪਹਾੜੀਂ ਜਾਣ ਦੀ ਲੋੜ ਨੀਂ ਪੈਣੀਂ।
ਸਦਾ ਖ਼ੁਸ਼ਹਾਲੀ ਇੱਥੇ ਰਹਿਣੀ।
ਸਮੇਂ ਤੇ ਪੈਸੇ ਦੀ ਬੱਚਤ ‘ਪੱਤੋ’,
ਨਾ ਸਮਾਂ ਗਵਾਈਏ ਆਪਾਂ।
ਵਾਤਾਵਰਨ ਬਚਾਈਏ ਆਪਾਂ।
ਆਓ ਰੁੱਖ ਲਗਾਈਏ ਆਪਾਂ।
ਸੰਪਰਕ: 94658-21417
* * *
ਏਦਾਂ ਦੀ ਹਵਾ
ਡਾ. ਅਮਰਜੀਤ ਟਾਂਡਾ
ਏਦਾਂ ਦੀ ਹਵਾ
ਨਹੀਂ ਸੀ ਵਗੀ ਕਦੇ
ਮੇਰੇ ਪੰਜਾਬ ਦੀ ਧਰਤ ਉੱਤੇ
ਏਦਾਂ ਦਾ ਕਹਿਰ ਨਹੀਂ ਸੀ
ਹੰਢਾਇਆ ਕਦੇ ਇਹਦੇ ਰੁੱਖਾਂ ਨੇ
ਹਰ ਪਾਸੇ ਅੱਗ ਵਰ੍ਹਦੀ ਰਹੀ
ਸੜਦੀਆਂ ਰਹੀਆਂ ਰਾਤਾਂ ਸੁਪਨਿਆਂ ਬਿਨ
ਕੌੜੀਆਂ ਮਿਰਚਾਂ ਵੀ
ਨਾ ਨਜ਼ਰ ਉਤਾਰ ਸਕੀਆਂ
ਮੈਂ ਲੱਖ ਵਾਰ
ਇਹਦੇ ਸਿਰ ਤੋਂ ਵਾਰ ਵਾਰ
ਬਲਦੇ ਅੰਗਿਆਰਾਂ ਵਿੱਚ ਸੁੱਟੀਆਂ
ਪਰ ਦਿਨਾਂ ਦੇ ਸੂਰਜ
ਹੋਰ ਸੂਹੇ ਹੁੰਦੇ ਗਏ
ਲਹੂ ਨਾਲ ਭਿੱਜੀਆਂ
ਡਿੱਗਦੀਆਂ ਰਹੀਆਂ ਸਨ ਅਖ਼ਬਾਰਾਂ
ਬੇਗੁਨਾਹਾਂ ਦੇ ਕਤਲ
ਹਵਾਵਾਂ ਨੇ ਕੀਤੇ ਭਰਾਵਾਂ ਨੇ ਕੀਤੇ
ਸੁਖਾਂ ਨੂੰ ਰਾਹ ਭੁੱਲ ਗਏ ਸਨ
ਮਾਵਾਂ ਦੀਆਂ ਕੁੱਖਾਂ ਨੂੰ
ਲੱਗੇ ਵਿਜੋਗ ਦੇਖ ਕੇ
ਤਾਰੀਖ਼ ਦੇ ਵਿਰਲਾਪ ਨੂੰ
ਕਿਸੇ ਨਾ ਸੁਣਿਆ
ਕੋਈ ਵੀ ਦੁਪਹਿਰ
ਸਿਰ ’ਤੇ ਹੱਥ ਨਾ ਰੱਖਣ ਆਈ
ਬਾਹਾਂ ’ਚੋਂ ਕਲੀਰੇ
ਟੁੱਟ ਕੇ ਡਿੱਗ ਪਏ ਸਨ
ਮਾਂਗਾਂ ’ਚੋਂ ਸੰਧੂਰ ਖਿੱਲਰ ਗਏ
ਪਰ ਕਾਤਲਾਂ ਦੀ ਸੂਹ ਨਾ ਮਿਲੀ
ਨਿਰਦੋਸ਼ ਸਿਤਾਰਿਆਂ ਦੇ
ਲਹੂ ਦਾ ਦੋਸ਼
ਦਸਤਾਰਾਂ ਸਿਰ ਮੜ੍ਹਿਆ ਗਿਆ
ਉਦੋਂ ਪੌਣਾਂ ਵਿੱਚ ਵੀ
ਕੋਈ ਜ਼ਹਿਰ ਘੋਲ ਗਿਆ ਸੀ
ਦਰਿਆ ਵੀ ਲਹੂ ਵਹਾਉਣ ਲੱਗੇ
ਲਾਸ਼ਾਂ ਹੀ ਲਾਸ਼ਾਂ ਤਰਦੀਆਂ ਸਨ
ਪਾਣੀ ਦੀ ਹਰ ਲਹਿਰ ਉੱਤੇ
ਤਖ਼ਤ ਦੇ ਪ੍ਰਛਾਵਿਆਂ ਤੱਕ
ਅੰਗਿਆਰ ਖਿਲਰ ਗਏ ਸਨ
ਨਫ਼ਰਤ ਵਿਛ ਗਈ ਸੀ ਸਾਹਾਂ ਵਿੱਚ
ਘਰਾਂ ਨੂੰ ਸ਼ਾਮਾਂ
ਵੈਣ ਲੈ ਕੇ ਪਰਤਦੀਆਂ ਸਨ
ਰੋਟੀ ਦੇ ਖਾਲੀ ਡੱਬੇ
ਦੁਹੱਥੜੀਂ ਸ਼ੋਰ ਪਾਉਂਦੇ ਆਉਂਦੇ ਸਨ
ਓਸ ਮੋੜ ’ਤੇ ਵੀ ਵੱਢਿਆ ਗਿਆ ਹੈ
ਇੱਕ ਹੋਰ ਮਾਂ ਦਾ ਲਾਡ
ਇੱਕ ਹੋਰ ਭੈਣ ਦੀ ਅਸੀਸ
ਦਮ ਤੋੜ ਗਈ ਹੈ
ਉਦੋਂ ਟਹਿਣੀਆਂ ਉੱਤੇ
ਫੁੱਲ ਨਹੀਂ ਸਨ ਲੱਗਦੇ
ਜ਼ਖ਼ਮ ਫੁੱਟਦੇ ਸਨ ਹਰ ਰੋਜ਼ ਸਵੇਰੇ
ਕਿਸੇ ਨਾ ਆ ਕੇ ਜ਼ਖ਼ਮਾਂ ’ਤੇ
ਮਲਮਾਂ ਲਾਈਆਂ
ਕਿਸੇ ਨਾ ਕੀਤੀਆਂ ਪੱਟੀਆਂ
ਮਿੱਟੀ ਰੋਂਦੀ ਰਹੀ
ਵਿਲਕਦੇ ਰਹੇ ਪਰਿੰਦੇ
ਪਾਣੀ ਦੀ ਘੁੱਟ ਨੂੰ
ਤਰਸਦੀ ਪਿਆਸ ਮਰ ਗਈ ਸੀ
ਦੀਵਿਆਂ ਦੀ ਸ਼ਾਮ ਵਿੱਚ
ਉਡੀਕ ’ਚ ਆਸ ਮਰ ਗਈ ਸੀ
* * *
ਪੰਛੀਆਂ ਲਈ ਪਾਣੀ
ਅਮਰਜੀਤ ਸਿੰਘ ਫ਼ੌਜੀ
ਸੁਣੋ ਭੈਣੋ ਨੀਂ ਸਚਿਆਰੀਓ
ਹੋ ਜਾਇਓ ਨਾ ਕਿਤੇ ਲੇਟ ਨੀਂ
ਪੰਛੀਆਂ ਲਈ ਪਾਣੀ ਧਰ ਦਿਓ
ਭਾਂਡੇ ਭਰ ਕੇ, ਰੁੱਖਾਂ ਹੇਠ ਨੀਂ
ਨੀਂ ਚਿੜੀਆਂ ਚੀਂ ਚੀਂ ਕਰਦੀਆਂ
ਘੁੱਗੀਆਂ ਨੇ ਪਾਇਆ ਸ਼ੋਰ ਨੀ
ਕਿਤੇ ਕਾਲ਼ੀ ਕੋਇਲ ਕੂਕਦੀ
ਜਦ ਪੈਲਾਂ ਪਾਉਂਦੇ ਮੋਰ ਨੀਂ
ਚੇਤ ਵਿਸਾਖ ਤਾਂ ਲੰਘ ਗਏ
ਆ ਗਿਆ ਮਹੀਨਾ ਜੇਠ ਨੀਂ
ਪੰਛੀਆਂ ਲਈ ਪਾਣੀ ਧਰ ਦਿਓ...
ਜਦ ਅੰਬਰੋਂ ਅੱਗ ਹੈ ਵਰ੍ਹਨੀ
ਇਹ ਜਾਣ ਨਾ ਕਿਧਰੇ ਡੋਲ ਨੀਂ
ਤੱਤੀ ਲੋਅ ਵਿੱਚ ਕਿੱਥੇ ਜਾਣਗੇ
ਸਾਡੇ ਹੀਰੇ ਇਹ ਅਨਮੋਲ ਨੀਂ
ਫੁੜਕ ਫੁੜਕ ਡਿੱਗ ਪੈਣ ਨਾ
ਜਦ ਪੈਣੀ ਹਾੜ੍ਹ ਦੀ ਫੇਟ ਨੀਂ
ਪੰਛੀਆਂ ਲਈ ਪਾਣੀ ਧਰ...
ਬੋਟਾਂ ਲਈ ਚੋਗਾ ਲੈਣ ਨੂੰ
ਜਦ ਉੱਡ ਕੇ ਜਾਣਗੇ ਦੂਰ ਨੀਂ
ਕਿਵੇਂ ਮੁੜ ਆਲ੍ਹਣੇ ਆਉਣਗੇ
ਇਹ ਹੋ ਜਾਣੇ ਮਜਬੂਰ ਨੀਂ
ਕਹੇ ਫ਼ੌਜੀ ਚੋਗਾ ਪਾ ਦਿਓ
ਦੁੱਖ ਕੁਝ ਤਾਂ ਦੇਵੋ ਮੇਟ ਨੀਂ
ਪੰਛੀਆਂ ਲਈ ਪਾਣੀ ਧਰ ਦਿਓ
ਭਾਂਡੇ ਭਰ ਕੇ ਰੁੱਖਾਂ ਹੇਠ ਨੀਂ।
ਸੰਪਰਕ: 94174-04804
* * *
ਦੋ ਰੋਟੀਆਂ
ਜਸਪਾਲ ਸਿੰਘ ਜੌਲੀ
ਬੜੀ ਮਾਰ ਰਿਹਾ ਤੂੰ ਬੰਦੇ ਠੱਗੀ ਠੋਰੀਆਂ
’ਕੱਠਾ ਕਰ ਕਰ, ਭਰ ਰਿਹਾ ਤਜੌਰੀਆਂ
ਲਾਲੋਆਂ ਨੂੰ ਛੱਡ, ਭਾਗੋਆਂ ਨਾਲ ਲਾ ਬੈਠਾ ਜੋਟੀਆਂ
ਭਾਵੇਂ ਜਿੰਨਾ ਮਰਜ਼ੀ ਤੂੰ ਰਿਜ਼ਕ ਕਮਾ ਲੈ
ਪਰ ਖਾਣੀਆਂ ਤਾਂ ਦੋ ਹੀ ਰੋਟੀਆਂ
ਪੰਛੀ ਕਰਦੇ ਨਾ ਰਿਜ਼ਕ ਜ਼ਖੀਰਾ, ਨਾ ਦੇਖੇ ਕਦੇ ਭੁੱਖੇ ਮਰਦੇ
ਖੌਰੇ ਕਿੰਨੇ ਮਾਇਆ ਦੇ ਸੱਪ ਪਾਲੇ, ਤਮਾਂ ਦੇ ਵਿੱਚ ਰਹਿੰਦੇ ਮਰਦੇ
ਬੰਦਿਆ ਰੱਜ ਕਿੱਥੋਂ ਫਿਰ ਆਉਣਾ, ਕਰ ਲਈਆਂ ਨੀਅਤਾਂ ਖੋਟੀਆਂ
ਭਾਵੇਂ ਜਿੰਨਾ ਮਰਜ਼ੀ ਤੂੰ ਰਿਜ਼ਕ ਕਮਾ ਲੈ
ਪਰ ਖਾਣੀਆਂ ਤਾਂ ਦੋ ਹੀ ਰੋਟੀਆਂ
ਬਾਬਾ ਬਣ ਕੇ ਠੱਗਣੇ ਦਾ ਢੰਗ ਲੱਭ ਲਿਆ ਸੁਖਾਲਾ ਨੀ
ਚਿੱਟੇ ਭਗਵੇਂ ਪਾ ਕੇ, ਕਰਦਾ ਰਹਿੰਦਾ ਘਾਲਾ ਮਾਲਾ ਨੀ
ਭੋਲੀ ਜਨਤਾ ਨੂੰ ਭਰਮਾਂ ’ਚ ਪਾਕੇ, ਮਾਰ ਰਿਹਾ ਮਾਰਾਂ ਮੋਟੀਆਂ
ਭਾਵੇਂ ਜਿੰਨਾ ਮਰਜ਼ੀ ਤੂੰ ਰਿਜ਼ਕ ਕਮਾ ਲੈ
ਪਰ ਖਾਣੀਆਂ ਤਾਂ ਦੋ ਹੀ ਰੋਟੀਆਂ
ਬੇਈਮਾਨੀ ਕਰ, ਹੋ ਰਿਹਾ ਏਂ ਜੋ ਮਾਲੋਮਾਲ
ਚੇਤੇ ਰੱਖੀਂ, ਫੁੱਟੀ ਕੌਡੀ ਵੀ ਨਾ ਜਾਣੀ ਤੇਰੇ ਨਾਲ
ਕਿਸ ਖ਼ਾਤਰ ਪਾਉਣ ਨੂੰ ਫਿਰੇ ਮੰਗਲ ’ਤੇ ਕੋਠੀਆਂ
ਭਾਵੇਂ ਜਿੰਨਾ ਮਰਜ਼ੀ ਤੂੰ ਰਿਜ਼ਕ ਕਮਾ ਲੈ
ਪਰ ਖਾਣੀਆਂ ਤਾਂ ਦੋ ਹੀ ਰੋਟੀਆਂ
ਕਿਹੜੇ ਪੈ ਗਿਆ ਤੂੰ ਸੱਜਣਾ ਇਹ ਰਾਹ
ਢੋਈ ਮਿਲਣੀ ਨਾ ਵਿੱਚ ਦਰਗਾਹ
ਛੱਡ ਕੇ ਗੋਰਖ ਧੰਦੇ, ‘ਜੌਲੀ’ ਵਾਂਗੂੰ ਖੇਡ ਰੱਬ ਨਾਲ ਗੋਟੀਆਂ
ਭਾਵੇਂ ਜਿੰਨਾ ਮਰਜ਼ੀ ਤੂੰ ਰਿਜ਼ਕ ਕਮਾ ਲੈ
ਪਰ ਖਾਣੀਆਂ ਤਾਂ ਦੋ ਹੀ ਰੋਟੀਆਂ
ਸੰਪਰਕ: 94647-40910
* * *
ਮੈਂ ਪੰਜਾਬ ਬੋਲਦਾ
ਪੋਰਿੰਦਰ ਸਿੰਗਲਾ
ਚੋਣਾਂ ਲੜਦੇ ਰਹਿਬਰੋ,
ਕੰਨ ਧਰਿਓ, ਕੁਝ ਸੁਣਿਓ,
ਮੈਂ ਪੰਜਾਬ ਬੋਲਦਾ,
ਬਹੁਤ ਡੁੱਬ ਗਿਆ,
ਡੁੱਬਦਾ ਹੀ ਜਾ ਰਿਹਾ,
ਹਾੜ੍ਹੇ ਕਢਦਾ, ਕੁਝ ਕਰਿਓ,
ਚੋਣਾਂ ਲੜਦੇ ਰਹਿਬਰੋ...
ਮੇਰੀ ਪੰਡ ਭਾਰੀ,
ਮੇਰਾ ਕਰਜ਼ਾ ਲਾਹ ਦਿਓ,
ਮੈਂ ਦਬ ਗਿਆ ਹਾਂ,
ਦਬਦਾ ਹੀ ਜਾ ਰਿਹਾ,
ਮੈਨੂੰ ਹੌਲਾ ਕਰ ਦਿਓ,
ਚੋਣਾਂ ਲੜਦੇ ਰਹਿਬਰੋ...
ਮੈਂ ਜਰਜਰ ਹੋ ਗਿਆ,
ਟੁੱਟਦਾ ਹੀ ਜਾ ਰਿਹਾ,
ਮੇਰੀ ਜਵਾਨੀ ਰੁਲ ਗਈ,
ਮੈਨੂੰ ਨਸ਼ਾ ਖਾ ਗਿਆ,
ਮੈਨੂੰ ਬਚਾ ਲਓ,
ਮੈਥੋਂ ਬੋਲ ਨਹੀਂ ਹੁੰਦਾ,
ਚੋਣਾਂ ਲੜਦੇ ਰਹਿਬਰੋ...
ਮੇਰੇ ਬੱਚੇ ਜਾ ਕਰ ਰਹੇ,
ਮੇਰੀ ਬੁੱਕਲ ਸੱਖਣੀ,
ਮੈਥੋਂ ਤੱਕ ਨਹੀਂ ਹੁੰਦਾ,
ਮੈਥੋਂ ਝੱਲ ਨਹੀਂ ਹੁੰਦਾ,
ਮੈਂ ਹਉਕੇ ਭਰਦਾ,
ਮੈਂ ਸੱਚ ਬੋਲਦਾ,
ਮੈਨੂੰ ਸੰਭਾਲ ਲਓ।
ਚੋਣਾਂ ਲੜਦੇ ਰਹਿਬਰੋ,
ਮੈਂ ਪੰਜਾਬ ਬੋਲਦਾ।
ਮੈਂ ਪੰਜਾਬ ਬੋਲਦਾ।
ਸੰਪਰਕ: 95010-00276
* * *
ਗ਼ਜ਼ਲ
ਗੁਰਿੰਦਰ ‘ਪ੍ਰੀਤ’
ਏਦਾਂ ਤੇਰਾ ਦਰ ਲੱਗਦਾ ਏ।
ਮੇਰਾ ਅਸਲੀ ਘਰ ਲੱਗਦਾ ਏ।
ਕਿੱਥੇ ਦਰ ਨੂੰ ਛੱਡ ਕੇ ਜਾਵਾਂ,
ਦੁਨੀਆ ਤੋਂ ਤਾਂ ਡਰ ਲੱਗਦਾ ਏ।
ਹਰਦਮ ਤੇਰੀ ਨਜ਼ਰ ’ਚ ਹਾਂ ਮੈਂ,
ਮੈਨੂੰ ਕੋਈ ਵਰ ਲੱਗਦਾ ਏ।
ਤੇਰੀ ਪਾਕ ਮਿਹਰ ਦੀ ਚਾਦਰ,
ਕਿੰਨਾ ਚੌੜਾ ਬਰ ਲੱਗਦਾ ਏ।
ਜੇਕਰ ਦਿਲ ਵਿੱਚ ਹਰਿ ਵੱਸਦਾ ਹੈ,
ਤਾਂ ਹੀ ਹਰ ਵਿੱਚ ਹਰਿ ਲੱਗਦਾ ਏ।
ਲੰਮੀ ਉਮਰ ਨਾ ਹੰਢਦੇ ਰਿਸ਼ਤੇ,
ਜਿੱਥੇ ‘ਜਾਂ’ ਤੇ ‘ਪਰ’ ਲੱਗਦਾ ਏ।
ਗੁਰਿੰਦਰ ਪਿਆਰ ਨਾਲ ਸਭ ਰਹੀਏ,
ਪਿਆਰ ਤੇ ਕਿਹੜਾ ਕਰ ਲੱਗਦਾ ਏ।
ਸੰਪਰਕ: 98142-72293
* * *