ਕਵਿਤਾਵਾਂ
ਮਾਂ
ਗੁਰਜੀਤ ਟਹਿਣਾ
ਮਾਂ ਹਮੇਸ਼ਾ ਮੇਰਾ ਫ਼ਿਕਰ ਕਰਦੀ ਰਹਿੰਦੀ,
ਕਹਿੰਦੀ ਸੈਂ “ਆਪਣਾ ਖਿਆਲ ਰੱਖਿਆ ਕਰ!
ਵੇਖੀਂ ਕਿਤੇ ਠੰਢ ਨਾ ਲੱਗਜੇ’’
ਅਕਸਰ ਸਮਝਾਉਂਦੀ...
“ਰੋਟੀ ਟਿਕ ਕੇ ਖਾਈਦੀ ਐ,
ਖਾਣ ਵੇਲੇ ਭੱਜੂੰ-ਭੱਜੂੰ ਨੀਂ ਕਰੀਦਾ ਹੁੰਦਾ”
ਅਜੇ ਜ਼ਿਆਦਾ ਠੰਢ ਤਾਂ ਨਹੀਂ ਪਰ
ਪਤਾ ਨਹੀਂ ਕਿਉਂ?
ਮੈਂ ਤੇਰੇ ਹੱਥੀਂ ਉਣੀ ਕੋਟੀ ਪਾ ਬਹਿੰਦਾ ਹਾਂ,
ਤੇਰੀ ਗੋਦ ਦਾ ਨਿੱਘ ਮਹਿਸੂਸਦਾ ਹਾਂ
...ਹਾਂ ...ਸੱਚ
ਹੁਣ ਮੈਂ ਆਰਾਮ ਨਾਲ ਬਹਿ ਕੇ ਰੋਟੀ ਖਾਂਦਾ ਹਾਂ,
ਨਿੱਕੀ-ਨਿੱਕੀ ਬੁਰਕੀ ਕਰ,
ਚੰਗੀ ਤਰ੍ਹਾਂ ਚਿੱਥ ਚੱਬ ਕੇ,
ਪਰ ਹੁਣ... ਰੋਟੀ ਦਾ ਉਹ ਸਵਾਦ ਨੀਂ ਆਉਂਦਾ,
ਤੇਰੇ ਹੱਥ ਦੀ ਰੋਟੀ ਜਿੰਨਾ।
ਮਾਂ... ਤੂੰ ਦੂਰ ਹੋ ਕੇ ਵੀ ਮੇਰੇ ਕੋਲ ਏਂ
ਦਿਲ ਦੇ ਧੁਰ ਅੰਦਰ
ਐਨ ਨਾਲ ਕਰਕੇ ਨੇੜੇ-ਨੇੜੇ,
ਆਲੇ-ਦੁਆਲੇ,
ਚਾਰੇ ਪਾਸੇ... ਬ੍ਰਹਿਮੰਡ ਤੀਕ॥
* * *
ਖ਼ੂਨਦਾਨ ਕਰੋ ਦੋਸਤੋ...
ਰਾਬਿੰਦਰ ਸਿੰਘ ਰੱਬੀ
ਹੋਵੇ ਦੁਰਘਟਨਾ ਜਾਂ ਲੋੜ ਛੇਤੀ ਪੈ ਜਾਵੇ।
ਹੁੰਦਾ ਜੇ ਇਲਾਜ ਹੋਵੇ, ਅਧਵਾਟੇ ਰਹਿ ਜਾਵੇ।
ਚੀਜ਼ ਇਹੋ ਜਿਹੀ ਬਣਾਈ, ਨਾ ਹੀ ਸਕੇ ਕੋਈ ਬਣਾ,
ਅਤੇ ਨਾ ਹੀ ਇਹ ਹੁੰਦੀ ਕਦੀ ਪੈਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਨੂੰ ਮਿਲੇ ਫਾਇਦਾ।
ਲੱਗਦੀ ਬਿਮਾਰੀ ਨਾ, ਘਾਟ ਨਾ ਕੋਈ ਹੁੰਦੀ ਏ।
ਜ਼ਿੰਦਗੀ ’ਚ ਖੇੜਾ ਆਉਂਦਾ, ਜਿਹੜੀ ਪਹਿਲਾਂ ਰੋਂਦੀ ਏ।
ਕਿੰਨੇ ਲੋਕ ਨੇ ਅਭਾਗੇ, ਜਦੋਂ ਪੈ ਜਾਏ ਵੇਲਾ,
ਫੇਰ ਆਪਣੇ ਨਾਲ ਕਰਦੇ ਨੇ ਵਾਇਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਨੂੰ ਮਿਲੇ ਫਾਇਦਾ।
ਜਾਤ, ਰੰਗ, ਨਸਲ ਨਾ ਧਰਮ ਦਾ ਰੌਲਾ।
ਅਮੀਰ ਤੇ ਗ਼ਰੀਬ, ਗੋਰਾ, ਕਾਲਾ, ਭਾਰਾ, ਹੌਲਾ।
ਨਰ ਹੋਵੇ ਨਾਰੀ, ਕੋਈ ਭੇਦ ਨਾ ਹੀ ਰੱਖੇ,
’ਕੱਠੇ ਹੁੰਦੇ, ਜਿਹੜੇ ਪਹਿਲਾਂ ਸੀ ਅਲਹਿਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਨੂੰ ਮਿਲੇ ਫਾਇਦਾ।
ਰੱਬੀ ਰੰਗ ਵਿੱਚ ਗਾਉਣ ਜਦੋਂ ਲੋਕ ਸਾਰੇ।
ਕੋਈ ਨਾ ਵਡੇਰਾ, ਘੁੰਮ ਲਏ ਪਾਸੇ ਚਾਰੇ।
ਲੋੜ ਸਭ ਨੂੰ ਹੈ ਪੈਂਦੀ, ਅਣਹੋਣੀ ਘਟ ਜਾਵੇ,
ਫਿਰ ਧਰਿਆ ਹੀ ਰਹਿ ਜਾਵੇ ਕਾਇਦਾ।
ਖ਼ੂਨਦਾਨ ਕਰੋ ਦੋਸਤੋ, ਤਾਂ ਜੋ ਲੋੜਵੰਦਾਂ ਨੂੰ ਮਿਲੇ ਫਾਇਦਾ।
ਸੰਪਰਕ: 89689-46129
* * *
ਗ਼ਜ਼ਲ
ਮਹਿੰਦਰ ਸਿੰਘ ਮਾਨ
ਜੋ ਤੂੰ ਕੀਤਾ ਮੇਰੇ ਨਾਲ,
ਕਰ ਨ੍ਹੀ ਸਕਦਾ ਤੇਰੇ ਨਾਲ।
ਇਹ ਮੈਨੂੰ ਹੀ ਖਾ ਨਾ ਜਾਵੇ,
ਤਾਂ ਹੀ ਲੜਦਾਂ ਨ੍ਹੇਰੇ ਨਾਲ।
ਪਹਿਲਾਂ ’ਕੱਲੇ ਤੁਰਨਾ ਪੈਂਦਾ,
ਫਿਰ ਰਲ ਜਾਣ ਬਥੇਰੇ ਨਾਲ।
ਯਾਰਾਂ ਛੱਡੀ ਕਸਰ ਕੋਈ ਨਾ,
ਸੱਟਾਂ ਜਰੀਆਂ ਜੇਰੇ ਨਾਲ।
ਬਾਬੇ ਨੇ ਅਕਲ ਆਪਣੀ ਨਾਲ,
ਲੋਕੀਂ ਜੋੜੇ ਡੇਰੇ ਨਾਲ।
ਮਾਂ ਦੇ ਮੂੰਹ ’ਤੇ ਰੌਣਕ ਆਈ,
ਪੁੱਤ ਦੇ ਇੱਕੋ ਫੇਰੇ ਨਾਲ।
ਦਿਲ ਮਿਲਦਾ ਹੁੰਦਾ ਇੱਕ ਨਾਲ,
ਬੰਦੇ ਤੁਰਨ ਬਥੇਰੇ ਨਾਲ।
ਤੇਰੇ ਦਰ ’ਤੇ ਆਇਆ ‘ਮਾਨ’,
ਛੱਡ ਕੇ ਰੋਸਾ ਤੇਰੇ ਨਾਲ।
ਸੰਪਰਕ: 99158-03554
* * *
ਸੁਣੀ ਜਦ ਹਕੀਕਤ
ਸਰਿਤਾ ਤੇਜੀ
ਉਹ ਅੱਖ ਦੇ ਇਸ਼ਾਰੇ ਚ ਸਭ ਕਹਿ ਗਿਆ
ਮਿਰਾ ਦਿਲ ਲਬਾਂ ਤੇ ਅਟਕ ਰਹਿ ਗਿਆ।
ਕਹਾਣੀ ਨਾ ਉਹ ਦਰਦ ਦੀ ਕਹਿ ਸਕੇ
ਚਿਰੋਕਾ ਹੁੰਗਾਰੇ ਮੈਂ ਭਰ ਰਹਿ ਗਿਆ।
ਭਰੇ ਨੈਣ ਤੈਥੋਂ ਛੁਪਾਏ ਜਦੋਂ
ਜੁਦਾ ਹਰ ਕਿਸੇ ਤੋਂ ਮੈਂ ਹੋ ਬਹਿ ਗਿਆ।
ਨਜ਼ਰ ਫੇਰ ਉਸ ਵੇਖਿਆ ਨਾ ਕਦੇ
ਉਸਰ ਕੇ ਵਫ਼ਾ ਦਾ ਮਹਲ ਢਹਿ ਗਿਆ।
ਜੁੜੇ ਰਿਜ਼ਕ ਦੇਸ ਆਪਣੇ ਨਾ ਜਦੋਂ
ਤਦੇ ਉਹ ਹਕੂਮਤ ਦੇ ਸੰਗ ਖਹਿ ਗਿਆ।
ਨਾ ਮੁੜਿਆ ਕਦੇ ਰੋਕ ਲਾਈ ਬੜੀ
ਜੋ ਪਾਣੀ ਪੁਲਾਂ ਹੇਠ ਦੀ ਵਹਿ ਗਿਆ।
ਕਿਵੇਂ ਜਾ ਹਵਾ ਵਿੱਚ ਗੁੱਡੀ ਚੜ੍ਹੀ
ਸੁਣੀ ਜਦ ਹਕੀਕਤ ਨਸ਼ਾ ਲਹਿ ਗਿਆ।
ਸੰਪਰਕ: 96468-48766
* * *
ਉਮੀਦ ਤੇਰੇ ਆਉਣ ਦੀ
ਸਰਦੂਲ ਸਿੰਘ ਔਜਲਾ
ਰੱਖੀ ਬੈਠੇ ਦਿਲ ’ਚ ਉਮੀਦ ਤੇਰੇ ਆਉਣ ਦੀ
ਰੀਝ ਬੜੀ ਰਾਹਵਾਂ ਵਿੱਚ ਅੱਖੀਆਂ ਵਿਛਾਉਣ ਦੀ
ਆਵੇਗਾ ਤਾਂ ਜ਼ਿੰਦਗੀ ਬਹਾਰ ਬਣ ਜਾਵੇਗੀ
ਲਿੱਸੇ ਜਿਹੇ ਚਿਹਰੇ ’ਤੇ ਜਵਾਨੀ ਫੇਰਾ ਪਾਵੇਗੀ
ਤਾਂਘ ਬੜੀ ਗਾਨੇ ਬੰਨ੍ਹ ਗੁੱਟਾਂ ਨੂੰ ਸਜਾਉਣ ਦੀ
ਰੀਝ ਬੜੀ ਰਾਹਵਾਂ ਵਿੱਚ ਅੱਖੀਆਂ ਵਿਛਾਉਣ ਦੀ
ਵੇਖੀਂ ਕਿਤੇ ਸਾਡੀਆਂ ਉਮੀਦਾਂ ਟੁੱਟ ਜਾਣ ਨਾ,
ਸੱਧਰਾਂ ਕੁਆਰੀਆਂ ਦੇ ਸਾਹ ਰੁਕ ਜਾਣ ਨਾ,
ਜ਼ਿੰਦਗੀ ਦਾ ਗੀਤ ਸੁਰ ਤਾਲ ਵਿੱਚ ਗਾਉਣ ਦੀ
ਰੀਝ ਬੜੀ ਰਾਹਵਾਂ ਵਿੱਚ ਅੱਖੀਆਂ ਵਿਛਾਉਣ ਦੀ
ਲਾਰਿਆਂ ਦੇ ਵਿੱਚ ਕਿਤੇ ਜਿੰਦ ਮੁੱਕ ਜਾਵੇ ਨਾ
ਚਾਵਾਂ ਅਤੇ ਰੀਝਾਂ ਦਾ ਬਗੀਚਾ ਸੁੱਕ ਜਾਵੇ ਨਾ
ਵਸਲਾਂ ਦਾ ਪਾਣੀ ਰੂਹ ਪਿਆਸੀ ਤਾਈਂ ਪਾਉਣ ਦੀ
ਰੀਝ ਬੜੀ ਰਾਹਵਾਂ ਵਿੱਚ ਅੱਖੀਆਂ ਵਿਛਾਉਣ ਦੀ
ਸੰਪਰਕ: 98141-68611
* * *
ਗ਼ਜ਼ਲ
ਰੋਜ਼ੀ ਸਿੰਘ
ਉਸ ਦੇ ਮੁੱਖ ਤੋਂ ਨਜ਼ਰ ਹਟਾਉਣਾ ਔਖਾ ਏ,
ਉਸਦੀ ਯਾਦ ਤੋਂ ਬਚ ਕੇ ਆਉਣਾ ਔਖਾ ਏ।
ਉਸ ਦੀ ਗਲੀ ’ਚ ਗੇੜੇ ਭਾਵੇਂ ਲਾ ਆਈਏ,
ਪਰ ਉਸ ਦਾ ਬੂਹਾ ਖੜਕਾਉਣਾ ਔਖਾ ਏ।
ਉਹ ਤਾਂ ਮੇਰੇ ਖ਼ਾਬਾਂ ਦੀ ਸਹਿਜ਼ਾਦੀ ਹੈ ਪਰ,
ਵਿੱਚ ਹਕੀਕਤ ਉਸ ਨੂੰ ਪਾਉਣਾ ਔਖਾ ਏ।
ਸੌਖਾ ਤਾਂ ਨਹੀਂ ਦਿਲ ’ਚੋਂ ਉਸਨੂੰ ਕੱਢ ਦੇਣਾ,
ਪਰ ਚੰਦਰੇ ਦਿਲ ਨੂੰ ਸਮਝਾਉਣਾ ਔਖਾ ਏ।
ਜਿਹੜੇ ਪੱਤਣ ਤਰਦੇ ਉਨ੍ਹਾਂ ਦੇ ਲਈ ਵੀ,
ਨੈਣਾਂ ਦੇ ਵਿੱਚ ਡੁਬਕੀ ਲਾਉਣਾ ਔਖਾ ਏ।
ਉਲਫ਼ਤ ਦੇ ਨੇ ਰਾਗ ਅਵੱਲੇ ਇਨ੍ਹਾਂ ਨੂੰ,
ਦੋਸਤ ਮੇਰੇ ਸੁਰ ਵਿੱਚ ਗਾਉਣਾ ਔਖਾ ਏ।
ਪਿਆਰ ਮੁਹੱਬਤ, ਯਾਰੀ ਪਾਉਣੀ ਸੌਖੀ ਏ,
ਸੱਚਾ ਸੁੱਚਾ ਇਸ਼ਕ ਨਿਭਾਉਣਾ ਔਖਾ ਏ।
ਸੰਪਰਕ: 99889-64633
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਤੂੰ ਕੀ ਜਾਣੇ, ਪਿਆਰ ਮੈਂ ਕਿੰਨਾ ਕਰਦਾ ਹਾਂ?
ਤੂੰ ਨਹੀਂ ਜਿੱਤਦੀ, ਮੈਂ ਹੀ ਝੱਲੀਏ ਹਰਦਾ ਹਾਂ।
ਤੇਰੇ ਜਿਸਮ ’ਤੇ, ਜ਼ਖ਼ਮ ਜਦੋਂ ਕੋਈ ਲੱਗ ਜਾਵੇ
ਦਿਲ ਆਪਣੇ ’ਤੇ ਦਰਦ ਉਹਦਾ ਮੈਂ ਜਰਦਾ ਹਾਂ।
ਮੌਤ ਜੇ ਆਵੇ, ਹੱਸ ਕੇ ਸੂਲ੍ਹੀ ਚੜ੍ਹ ਜਾਵਾਂ।
ਤੇਰੇ ਤੋਂ ਬਸ ਵਿਛੜ ਜਾਣ ਤੋਂ ਡਰਦਾ ਹਾਂ।
ਹੋਰ ਹੋਣਗੇ, ਨਾਮ ਖ਼ੁਦਾ ਦਾ, ਲੈਂਦੇ ਨੇ ਜੋ
ਮੈਂ ਤਾਂ ਹੀਰੇ, ਤੇਰਾ ਹੀ ਦਮ ਭਰਦਾ ਹਾਂ।
ਕਹਿਣ ਸਿਆਣੇ, ਦਿਲਬਰ ਸੱਚਾ ਆਸ਼ਿਕ ਹੈ ਤੂੰ
ਯਾਰ ਜੇ ਡੁੱਬਦੈ, ਮੈਂ ਵੀ ਕਿੱਥੇ ਤਰਦਾ ਹਾਂ?
ਸੰਪਰਕ: 97816-46008
* * *
ਫ਼ਰਕ
ਜਗਜੀਤ ਸਿੰਘ ਲੱਡਾ
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਹਰ ਜੱਫੀ ’ਚ ਭਰਿਆ ਨਹੀਓਂ ਠਰਕ ਹੁੰਦਾ ਏ।
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਮਾਂ ਦੀ ਜੱਫੀ, ਭੈਣ ਦੀ ਜੱਫੀ ਤੇ ਧੀ ਦੀ ਜੱਫੀ,
ਇਨ੍ਹਾਂ ਦੀ ਜੱਫੀ ’ਚ ਮੋਹ ਦਾ ਅਰਕ ਹੁੰਦਾ ਏ।
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਪਿਓ ਦੀ ਜੱਫੀ, ਭਰਾ ਦੀ ਜੱਫੀ, ਪੁੱਤ ਦੀ ਜੱਫੀ,
ਇਸ ਤੋਂ ਦੂਰ ਹੋਇਆਂ ਬੇੜਾ ਗਰਕ ਹੁੰਦਾ ਏ।
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਯਾਰ ਦੀ ਜੱਫੀ, ਪਿਆਰ ਦੀ ਜੱਫੀ, ਨਾਰ ਦੀ ਜੱਫੀ
ਇਸ ਜੱਫੀ ਤੋਂ ਚਾਹ ਕੇ ਵੀ ਨਾ ਸਰਕ ਹੁੰਦਾ ਏ।
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਰਿਸ਼ਤੇਦਾਰਾਂ ਤੇ ਸਾਥੀਆਂ ਦੀ ਜੱਫੀ ਛੱਡਿਆਂ,
ਸੁਣਿਆ ‘ਲੱਡੇ’ ਨੇ ਕਿ ਮਿਲਦਾ ਨਰਕ ਹੁੰਦਾ ਏ।
ਓਏ ਸੱਜਣਾ! ਜੱਫੀ, ਜੱਫੀ ਵਿੱਚ ਫ਼ਰਕ ਹੁੰਦਾ ਏ।
ਸੰਪਰਕ: 98555-31045
* * *
ਦਰਦ ਪੰਜਾਬ ਦਾ
ਚਰਨ ਸਿੰਘ ਮਾਹੀ
ਹੁੰਦਾ ਮੁਰਝਾਇਆ ਜਿਵੇਂ ਫੁੱਲ ਕੋਈ ਗੁਲਾਬ ਦਾ।
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਬਾਗ ਦਿਆਂ ਮਾਲੀਆਂ ਨੇ ਬਾਗ਼ ਨੂੰ ਉਜਾੜਿਆ
ਕਲੀਆਂ ਮਾਸੂਮਾਂ ਤਾਈਂ ਪੈਰਾਂ ’ਚ ਲਤਾੜਿਆ
ਫੁੱਲ ਮੁਰਝਾ ਗਿਆ ਏ ਸੱਜਰੇ ਗੁਲਾਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਦੁੱਧ ਦਹੀਂ ਵਾਲੇ ਇੱਥੇ ਵਗਦੇ ਪਏ ਖਾਲ ਸੀ
ਜੀਵਨ ਸੁਖੀ ਸੀ ਲੋਕ ਬੜੇ ਖੁਸ਼ਹਾਲ ਸੀ
ਲਹੂ ਨਾਲ ਲਾਲ ਹੋਇਆ ਰੰਗ ਇਹਦੇ ਆਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਹਿੰਦੂ ਮੁਸਲਮਾਨ ਇੱਥੇ ਸਿੱਖ ਤੇ ਇਸਾਈ ਸੀ
ਧਰਮਾਂ ਦਾ ਸਾਂਝਾ, ਨਾ ਕੋਈ ਦਿਲ ’ਚ ਬੁਰਾਈ ਸੀ
ਪੈ ਗਿਆ ਪੁਆੜਾ ਇੱਥੇ ਧਰਮਾਂ ਦੀ ਆੜ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਲੱਗਦਾ ਏ ਨਜ਼ਰ ਕਿਸੇ ਚੰਦਰੇ ਦੀ ਲੱਗ ਗਈ
ਜ਼ੁਲਮਾਂ ਦੀ ਅੱਗ ਬੜੇ ਜ਼ੋਰ ਨਾਲ ਮਘ ਗਈ
ਬੁਝਦੀ ਨਾ ਅੱਗ ਲਾਇਆ ਜ਼ੋਰ ਬੇਹਿਸਾਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਆਉ ਸਾਰੇ ਰਲਮਿਲ ਖ਼ੈਰ ਇਹਦੀ ਮੰਗੀਏ
ਸੱਚੇ ਰੱਬ ਕੋਲੋਂ ਆਪਾਂ ਮੰਗਦੇ ਨਾ ਸੰਗੀਏ
ਮੁੜ ਆਵੇ ਨੂਰ ‘ਮਾਹੀ’ ਚਿਹਰਿਆਂ ਦੀ ਆਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਸੰਪਰਕ: 99143-64728
* * *