ਕਲੇਅ ਵਰਲਡ ਸਕੂਲ ਤੇ ਆਦਰਸ਼ ਸਕੂਲ ’ਚ ਲੋਹੜੀ ਸਮਾਗਮ
ਲੁਧਿਆਣਾ, 10 ਜਨਵਰੀ
ਕਲੇਅ ਵਰਲਡ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਢੋਲ ਦੀ ਤਾਲ ’ਤੇ ਗਿੱਧਾ ਅਤੇ ਭੰਗੜਾ ਪਾ ਕੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਕੂਲ ਕੈਂਪ ਵਿੱਚ ਧੂਣੀ ਬਾਲ ਕੇ ਉਸ ਵਿੱਚ ਗੁੜ, ਰਿਓੜੀਆਂ, ਮੂੰਗਫਲੀ ਆਦਿ ਸੁੱਟ ਕੇ ਮੱਥਾ ਟੇਕਿਆ। ਸਮਾਗਮ ਦੌਰਾਨ ਬੱਚਿਆਂ ਨੇ ਪਤੰਗਬਾਜ਼ੀ ਦਾ ਵੀ ਪੂਰਾ ਆਨੰਦ ਲਿਆ। ਸਕੂਲ ਕੈਂਪਸ ਨੂੰ ਪਤੰਗਾਂ ਅਤੇ ਹੋਰ ਸਜਾਵਟੀ ਚੀਜ਼ਾਂ ਨਾਲ ਸਜਾਇਆ ਹੋਇਆ ਸੀ। ਪੰਜਾਬੀ ਪਹਿਰਾਵੇ ਵਿੱਚ ਸਜੇ ਵਿਦਿਆਰਥੀ ਵੀ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਲੋਹੜੀ ਦੀ ਪਿਛੋਕੜ ਅਤੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣਾ ਸੀ।
ਇਸੇ ਤਰ੍ਹਾਂ ਆਦਰਸ਼ ਪਬਲਿਕ ਸਕੂਲ, ਕਪਿਲ ਪਾਰਕ ਵਿੱਚ ਵੀ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ‘ਸੁੰਦਰ ਮੁੰਦਰੀਏ’ ਗੀਤ ਦੀਆਂ ਧੁਨਾਂ ’ਤੇ ਮੁੰਡੇ-ਕੁੜੀਆਂ ਨੇ ਭੰਗੜੇ ਅਤੇ ਗਿੱਧੇ ਪਾਏ। ਸਮਾਗਮ ਦੌਰਾਨ ਇੱਕ ਛੋਟੇ ਬੱਚੇ ਨੇ ਢੋਲ ਵਜਾ ਕੇ ਸਾਰਿਆਂ ਦਾ ਚੰਗਾ ਮਨੋਰੰਜਨ ਕੀਤਾ। ਸਕੂਲ ਪ੍ਰਿੰਸੀਪਲ ਅਮਿਤ ਬਾਂਸਲ, ਕੋਆਰਡੀਨੇਟਰ ਸੁਨੀਤਾ ਅਰੋੜਾ ਨੇ ਸਾਰੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਸਕੂਲ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਯਸ਼ਪਾਲ ਬਾਂਗੀਆ ਨੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ।