ਕਰੰਟ ਲੱਗਣ ਕਾਰਨ ਛੇ ਮੱਝਾਂ ਦੀ ਮੌਤ
ਇਥੋਂ ਨੇੜਲੇ ਪਿੰਡ ਨੱਤਾਂ ਵਿੱਚ ਬੀਤੇ ਦਿਨ ਹਨੇਰੀ ਝੱਖੜ ਦੌਰਾਨ ਬਿਜਲੀ ਦੇ ਕਰੰਟ ਲੱਗਣ ਕਾਰਨ ਛੇ ਮੱਝਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਚਰਨ ਸਿੰਘ ਵਾਸੀ ਨੱਤਾਂ ਨੇ ਦੱਸਿਆ ਕਿ ਮੱਝਾਂ ਘਰੇ ਵਰਾਂਡੇ ਵਿੱਚ ਬੰਨ੍ਹੀਆਂ ਹੋਈਆਂ ਸਨ। ਮੱਝਾਂ ਦੇ ਸੰਗਲ ਖੁਰਲੀ ਨਾਲ ਲੋਹੇ ਦੀ ਐਗਲੈਰਨ ਦੇ ਕੁੰਡਿਆਂ ਨਾਲ ਸੰਗਲ ਬੰਨ੍ਹੇ ਹੋਏ ਸਨ। ਬੀਤੀ ਰਾਤ ਨੂੰ ਤੇਜ ਝੱਖੜ ਆਉਣ ਨਾਲ ਬਿਜਲੀ ਦੀਆਂ ਤਾਰਾਂ ਵਿੱਚ ਡਬਲ ਫੇਸ ਕਰੰਟ ਆ ਗਿਆ। ਇਹ ਕਰੰਟ ਲੋਹੇ ਦੀ ਐਗਲੈਰਨ ਵਿੱਚ ਆ ਗਿਆ ਅਤੇ ਇਕਦਮ ਇਨ੍ਹਾਂ ਛੇ ਪਸ਼ੂਆਂ ਦੀ ਇਕੱਠੇ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਗੁਰਚਰਨ ਸਿੰਘ ਵਾਸੀ ਨੱਤਾਂ ਨੇ ਦੱਸਿਆ ਕਿ ਉਹ ਪਸ਼ੂਆਂ ਦਾ ਦੁੱਧ ਡੇਅਰੀ ਵਿੱਚ ਪਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਲੱਗਭੱਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਡਾਕਟਰ ਨਵਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਪਸ਼ੂਆਂ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਪੋਸਟਮਾਰਟਮ ਦੀ ਸਾਰੀ ਰਿਪੋਰਟ ਉਹ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੌਂਪਣਗੇ।