ਕਰੀਮਪੁਰੀ ਵੱਲੋਂ ਮੁਹੱਲਾ ਰਹੀਮਪੁਰ ਦਾ ਦੌਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਮਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਇੱਥੇ ਮੁਹੱਲਾ ਰਹੀਮਪੁਰ ਵਿੱਚ ਕਥਿਤ ਸਰਕਾਰੀ ਤਸ਼ੱਦਦ ਦੇ ਸ਼ਿਕਾਰ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵਿਧਾਇਕ ਤੇ ਸੂਬਾ ਬਸਪਾ ਇੰਚਾਰਜ ਡਾ. ਨਛੱਤਰ ਪਾਲ, ਜ਼ੋਨ ਇੰਚਾਰਜ ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ, ਇੰਚਾਰਜ ਮਦਨ ਸਿੰਘ ਬੈਂਸ, ਹਲਕਾ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ, ਐਡਵੋਕੇਟ ਧਰਮਿੰਦਰ ਦਾਦਰਾ, ਸੁਰਜੀਤ ਮਹਿਮੀ ਅਤੇ ਬੀਬੀ ਮਹਿੰਦਰ ਕੌਰ ਆਦਿ ਵੀ ਮੌਜੂਦ ਸਨ।
ਸ੍ਰੀ ਕਰੀਮਪੁਰੀ ਨੇ ਵਿਸ਼ਵਾਸ ਦਿਵਾਇਆ ਕਿ ਬਸਪਾ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਰਹੀਮਪੁਰ ਦੇ ਲੋਕਾਂ ਕੋਲ ਘਰਾਂ ਦੀਆਂ ਰਜਿਸਟਰੀਆਂ ਹਨ ਤੇ ਇੰਤਕਾਲ ਹਨ ਪਰ ਸਰਕਾਰ ਨੇ ਨਗਰ ਸੁਧਾਰ ਟਰੱਸਟ ਰਾਹੀਂ ਇਨ੍ਹਾਂ ਦੇ ਘਰਾਂ ਨੂੰ ਗੈਰ-ਕਾਨੂੰਨੀ ਦੱਸਦਿਆਂ ਢਾਹੁਣ ਦੇ ਹੁਕਮ ਕੰਧਾਂ ’ਤੇ ਚਿਪਕਾ ਦਿੱਤੇ ਹਨ। ਉਨ੍ਹਾਂ ਸਖ਼ਤ ਲਹਿਜੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਗਰੀਬ, ਕਿਰਤੀ ਅਤੇ ਕਾਮੇ ਦੇ ਘਰ ਦੀ ਇੱਕ ਇੱਟ ਵੀ ਹਿੱਲੀ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਪੱਧਰ ’ਤੇ ਅੰਦੋਲਨ ਛੇੜੇਗੀ। ਉਨ੍ਹਾਂ ‘ਪੰਜਾਬ ਸੰਭਾਲੋ’ ਅੰਦੋਲਨ ਤਹਿਤ ਪੰਜਾਬੀਆਂ ਨੂੰ ਬਸਪਾ ਨਾਲ ਜੁੜਨ ਦਾ ਸੱਦਾ ਦਿੱਤਾ।
ਸੰਗਰੂਰ ’ਚ ਬੇਜ਼ਮੀਨੇ ਲੋਕਾਂ ’ਤੇ ਜਬਰ ਦੀ ਨਿਖੇਧੀ
ਸ੍ਰੀ ਕਰੀਮਪੁਰੀ ਨੇ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿੱਚ ਜ਼ਮੀਨ ਪ੍ਰਾਪਤੀ ਲਈ ਲੜ ਰਹੇ ਬੇਜ਼ਮੀਨੇ ਲੋਕਾਂ ਤੇ ਸਰਕਾਰੀ ਜਬਰ ਦੀ ਨਿੰਦਾ ਕਰਦਿਆਂ ਕਿਹਾ ਕਿ ਪਿੰਡ ਸੋਹੀਆਂ ਦੇ ਬੇਜ਼ਮੀਨੇ ਕਿਰਤੀ ਲੋਕ 930 ਏਕੜ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ’ਤੇ ਪੰਜਾਬ ਸਰਕਾਰ ਨੇ ਕਥਿਤ ਤੌਰ ’ਤੇ ਪੁਲੀਸ ਰਾਹੀਂ ਤਸ਼ੱਦਦ ਕਰਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਗ੍ਰਿਫ਼ਤਾਰ ਲੋਕਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਸਰਕਾਰੀ ਜ਼ਮੀਨ ਬੇਜ਼ਮੀਨੇ ਲੋਕਾਂ ’ਚ ਵੰਡੇ। ਉਨ੍ਹਾਂ ਸੰਗਰੂਰ ਬਸਪਾ ਦੇ ਆਗੂਆਂ ਨੂੰ ਇਸ ਮਾਮਲੇ ’ਤੇ ਨਜ਼ਰ ਰੱਖਣ ਅਤੇ ਪੀੜਤ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਤਿਆਰ ਰਹਿਣ ਲਈ ਕਿਹਾ।Advertisement